ਟੇਸਲਾ ਅਤੇ ਸਟਾਰਲਿੰਕ ਵਰਗੀਆਂ ਕੰਪਨੀਆਂ ਦੇ ਮਾਲਕ ਪ੍ਰਸਿੱਧ ਉਦਯੋਗਪਤੀ ਏਲਨ ਮਸਕ ਅਕਸਰ ਬਨਾਉਟੀ ਬੁੱਧੀ ਬਾਰੇ ਬਿਆਨ ਦਿੰਦੇ ਰਹੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਸਨ 2030 ਤੱਕ ਕਿਸੇ ਨੂੰ ਕੰਮ ਕਰਨ ਦੀ ਲੋੜ ਨਹੀਂ ਰਹਿ ਜਾਵੇਗੀ। ਹੁਣ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ 2036 ਤੱਕ ਲੋਕਾਂ ਨੂੰ ਪੈਸੇ ਦੀ ਲੋੜ ਖ਼ਤਮ ਹੋ ਜਾਵੇਗੀ। ਮਸਕ ਦਾ ਕਹਿਣਾ ਹੈ ਕਿ ਲੋਕ ਪੈਸੇ ਦੀ ਵਰਤੋਂ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਰਦੇ ਹਨ। ਜਿਵੇਂ ਕਿ ਮਕਾਨ, ਖਾਣ ਦੀਆਂ ਚੀਜ਼ਾਂ ਖਰੀਦਣਾ, ਇਲਾਜ, ਆਵਾਜਾਈ, ਮਨੋਰੰਜਨ ਆਦਿ ਦੀਆਂ ਸਹੂਲਤਾਂ ਖਰੀਦ ਸਕਣ ਪਰ 2047 ਤੱਕ ਬਨਾਉਟੀ ਬੁੱਧੀ ਅਤੇ ਰੋਬੋਟਸ ਦੇ ਜ਼ਰੀਏ ਦੁਨੀਆ ਭਰ ’ਚ ਇਨ੍ਹਾਂ ਚੀਜ਼ਾਂ ਦੀ ਇੰਨੀ ਵੱਡੀ ਮਾਤਰਾ ਹੋ ਜਾਵੇਗੀ ਕਿ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ ਨਾ ਮਨੁੱਖੀ ਕਿਰਤ ਦੀ ਲੋੜ ਪਵੇਗੀ ਅਤੇ ਨਾ ਹੀ ਪੈਸੇ ਦੀ।
ਬਿਜਲੀ ਬਹੁਤਾਤ ’ਚ ਹੋਵੇਗੀ। ਵਾਹਨ ਡਰਾਈਵਰ ਤੋਂ ਬਿਨਾਂ ਅਤੇ ਬਿਜਲੀ ਨਾਲ ਚੱਲਣਗੇ, ਇਸ ਲਈ ਮਾਲ ਢੋਆ-ਢੁਆਈ ’ਚ ਵੀ ਕੋਈ ਖਰਚਾ ਨਹੀਂ ਹੋਵੇਗਾ। ਇੱਥੋਂ ਤੱਕ ਕਿ ਰੋਬੋਟ ਕਾਰਖਾਨਿਆਂ, ਖੇਤਾਂ, ਭਵਨ ਨਿਰਮਾਣ, ਮੈਡੀਕਲ ਆਦਿ ਦੇ ਸਾਰੇ ਖੇਤਰਾਂ ’ਚ ਕੰਮ ਕਰਨ ਲੱਗਣਗੇ। ਉਹ ਇੰਨਾ ਉਤਪਾਦਨ ਕਰਨਗੇ ਕਿ ਖਪਤ ਕਰਨ ਵਾਲੇ ਘੱਟ ਪੈ ਜਾਣਗੇ। ਇਨ੍ਹਾਂ ਕੰਮ ਕਰਨ ਵਾਲਿਆਂ ਨੂੰ ਨਾ ਭੋਜਨ ਚਾਹੀਦਾ ਹੈ, ਨਾ ਛੁੱਟੀ, ਨਾ ਬੋਨਸ, ਨਾ ਐਕਸਗ੍ਰੇਸ਼ੀਆ ਅਤੇ ਨਾ ਹੀ ਤਨਖ਼ਾਹ। ਉਹ ਵੀਹ ਘੰਟੇ ਕੰਮ ਕਰਨ ਦੇ ਸਮਰੱਥ ਹੋਣਗੇ। ਅਜਿਹੇ ’ਚ ਕਿਸੇ ਵੀ ਚੀਜ਼ ਨੂੰ ਲੈਣ ਲਈ ਪੈਸੇ ਦੀ ਲੋੜ ਨਹੀਂ ਹੋਵੇਗੀ। ਕਿਰਤ ਦਾ ਮੁੱਲ ਜ਼ੀਰੋ ਦੇ ਬਰਾਬਰ ਹੋਵੇਗਾ।
ਇਨ੍ਹਾਂ ਗੱਲਾਂ ਨੂੰ ਪੜ੍ਹ ਕੇ ਲੱਗਦਾ ਹੈ ਕਿ ਸੱਭਿਅਤਾ ਮੂਲਕ ਜਿੰਨੀਆਂ ਵੀ ਧਾਰਨਾਵਾਂ ਹਨ, ਕੀ ਉਹ ਸਿਰ ਭਾਰ ਖੜ੍ਹੀਆਂ ਹੋ ਜਾਣਗੀਆਂ। ਹੁਣ ਤੱਕ ਤਾਂ ਮਿਹਨਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਕੰਮ ਕਿਹਾ ਜਾਂਦਾ ਸੀ। ਮਿਹਨਤੀ ਵਿਅਕਤੀ ਕਿਸੇ ਵੀ ਸਫ਼ਲਤਾ ਨੂੰ ਪ੍ਰਾਪਤ ਕਰ ਸਕਦਾ ਹੈ ਅਤੇ ਆਲਸੀ ਕੁਝ ਨਹੀਂ ਕਰ ਸਕਦਾ। ਕੋਈ ਕੰਮ ਕਰਾਉਂਦਾ ਹੈ, ਕੋਈ ਕੰਮ ਕਰਦਾ ਹੈ। ਕੰਮ ਕਰਾਉਣ ਵਾਲਿਆਂ ਦੇ ਮੁਕਾਬਲੇ ਕੰਮ ਕਰਨ ਵਾਲੇ ਬਹੁਗਿਣਤੀ ਹੁੰਦੇ ਹਨ। ਕੰਮ ਕਰਨ ਦੇ ਬਦਲੇ ’ਚ ਉਨ੍ਹਾਂ ਨੂੰ ਆਮਦਨ ਹੁੰਦੀ ਹੈ, ਜਿਸ ਨਾਲ ਉਹ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ।
ਇਸ ਵਿਵਸਥਾ ਨੂੰ ਸ਼ੋਸ਼ਣ ਮੂਲਕ ਵਿਵਸਥਾ ਵੀ ਕਹਿੰਦੇ ਸਨ, ਜਿੱਥੇ ਮਨੁੱਖ ਬਸ ਅਮੀਰਾਂ ਦੀ ਜੇਬ ਭਰਨ ਲਈ ਹੁੰਦਾ ਹੈ। ਕੋਈ ਬਰਾਬਰੀ ਨਹੀਂ ਹੁੰਦੀ ਪਰ ਏਲਨ ਮਸਕ ਦੀਆਂ ਗੱਲਾਂ ਤਾਂ ਜਿਵੇਂ ਮਾਰਕਸ ਦੀ ਉਸ ਸੋਚ ਨੂੰ ਬਿਆਨ ਕਰ ਰਹੀਆਂ ਹਨ, ਜਿੱਥੇ ਹਰ ਮਨੁੱਖ ਬਰਾਬਰ ਹੋਵੇਗਾ। ਉਸਦੀ ਹਰ ਲੋੜ ਬਿਨਾਂ ਕਿਸੇ ਆਮਦਨ ਅਤੇ ਪੈਸੇ ਦੇ ਪੂਰੀ ਹੋਵੇਗੀ। ਕੀ ਇਹ ਸਮਾਜਵਾਦ ਦਾ ਨਵਾਂ ਰੂਪ ਹੈ?
ਪਰ ਕੀ ਇਹ ਇਕ ਡਰਾਉਣਾ ਸੱਚ ਨਹੀਂ? ਦੁਨੀਆ ਦੀ ਲੱਗਭਗ ਅੱਠ ਅਰਬ ਆਬਾਦੀ, ਖਾਲੀ ਬੈਠ ਕੇ ਕੀ ਕਰੇਗੀ। ਇਵੇਂ ਵੀ ਕਿਹਾ ਜਾਂਦਾ ਹੈ ਕਿ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ। ਖਾਲੀ ਹੋਣ ’ਤੇ ਕੀ ਦੁਨੀਆ ਭਰ ’ਚ ਦੰਗੇ-ਫਸਾਦ, ਲੜਾਈ-ਝਗੜਿਆਂ ਦਾ ਹੜ੍ਹ ਨਹੀਂ ਆ ਜਾਵੇਗਾ? ਫਿਰ ਜੇਕਰ ਜੀਵਨ ’ਚ ਮਿਹਨਤ ਨਾ ਹੋਵੇਗੀ, ਖਾਲੀਪਣ ਹੀ ਹੋਵੇਗਾ, ਤਾਂ ਤਰ੍ਹਾਂ-ਤਰ੍ਹਾਂ ਦੇ ਰੋਗ ਕਿੰਨੇ ਵਧਣਗੇ। ਮਾਨਸਿਕ ਬਿਮਾਰੀਆਂ, ਜਿਨ੍ਹਾਂ ’ਤੇ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਅਤੇ ਡਬਲਯੂ.ਐੱਚ. ਓ. ਨੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ, ਉਹ ਕਿੰਨੀਆਂ ਵਧਣਗੀਆਂ? ਇਨ੍ਹਾਂ ਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਸਰੀਰਕ ਕਿਰਤ ਦੀ ਗੱਲ ਕਹੀ ਜਾਂਦੀ ਹੈ ਪਰ ਕਿਰਤ ਤਾਂ ਬਚੇਗੀ ਹੀ ਨਹੀਂ। ਆਪਸੀ ਰਿਸ਼ਤਿਆਂ ਦਾ ਕੀ ਹੋਵੇਗਾ? ਅਸੀਂ ਖਾਲੀ ਬੈਠੇ ਹੋਵਾਂਗੇ ਅਤੇ ਸਾਡੇ ਤੋਂ ਬਾਅਦ ਦੀ ਜੋ ਪੀੜ੍ਹੀ ਹੋਵੇਗੀ, ਉਸ ਨੂੰ ਵੀ ਕੁਝ ਨਹੀਂ ਕਰਨਾ ਹੋਵੇਗਾ, ਤਾਂ ਆਖਿਰ ਮਨੁੱਖ ਜਨਮ ਹੀ ਕਿਉਂ ਲਵੇਗਾ?
ਜਦੋਂ ਨਾ ਕੋਈ ਕੰਮ ਕਰਨਾ ਹੈ, ਨਾ ਕੋਈ ਨੌਕਰੀ ਕਰਨੀ ਹੈ, ਤਾਂ ਪੜ੍ਹ-ਲਿਖ ਕੇ ਵੀ ਕੀ ਹੋਵੇਗਾ? ਕੋਈ ਕਿਉਂ ਪੜ੍ਹੇਗਾ? ਭਾਵ ਕਿ ਜਿੰਨੇ ਸਕੂਲ, ਕਾਲਜ, ਯੂਨੀਵਰਸਿਟੀਆਂ, ਟਰੇਨਿੰਗ ਇੰਸਟੀਚਿਊਟ, ਇੰਜੀਨੀਅਰਿੰਗ ਕਾਲਜ, ਮੈਨੇਜਮੈਂਟ, ਆਰਕੀਟੈਕਚਰ ਦੇ ਸੰਸਥਾਨ ਆਦਿ ਹਨ, ਉਨ੍ਹਾਂ ਦੀ ਕੋਈ ਲੋੜ ਹੀ ਨਹੀਂ ਰਹੇਗੀ। ਸਾਰੇ ਦੇ ਸਾਰੇ ਬੰਦ ਹੋ ਜਾਣਗੇ। ਸਾਰੀਆਂ ਕਲਾਵਾਂ, ਮਨੁੱਖੀ ਸੱਭਿਅਤਾ ਦੇ ਇਤਿਹਾਸ ਦੀ ਕਹਾਣੀ ਦੱਸਦੀਆਂ ਹਨ ਕਿ ਕਿਵੇਂ ਇਨ੍ਹਾਂ ਨੂੰ ਇਨਸਾਨ ਨੇ ਯੁੱਗਾਂ ਦੀ ਮਿਹਨਤ ਨਾਲ ਸਿੱਖਿਆ ਹੈ, ਤਾਂ ਕੀ ਮਨੁੱਖ ਇਨ੍ਹਾਂ ਸਭ ਨੂੰ ਭੁੱਲ ਜਾਵੇਗਾ?
ਅਜਿਹਾ ਕਿਉਂ ਲੱਗ ਰਿਹਾ ਹੈ ਕਿ ਜਿਵੇਂ ਇਹ ਮਨੁੱਖੀ ਸੱਭਿਅਤਾ ਦੇ ਅੰਤ ਦੀ ਸ਼ੁਰੂਆਤ ਹੋਵੇਗੀ, ਜਿੱਥੇ ਨਵਾਂ ਕੁਝ ਸਿੱਖਣ, ਜਾਣਨ ਦੀ ਲੋੜ ਨਹੀਂ ਹੈ। ਮਨੁੱਖ ਪੂਰੀ ਤਰ੍ਹਾਂ ਨਾਲ ਮਸ਼ੀਨਾਂ ’ਤੇ ਨਿਰਭਰ ਹੋ ਚੁੱਕਾ ਹੈ।
ਏ.ਆਈ. ਦੇ ਗੌਡਫਾਦਰ ਕਹੇ ਜਾਣ ਵਾਲੇ ਜੈਫਰੀ ਹਿੰਟਨ ਅਰਸੇ ਤੋਂ ਇਸਦੇ ਤੇਜ਼ ਵਿਕਾਸ ’ਤੇ ਚਿੰਤਾ ਪ੍ਰਗਟ ਕਰ ਰਹੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਕਿਹਾ ਕਿ ਉਦਯੋਗ ਜਗਤ ਆਪਣੇ ਲਾਭ ਲਈ ਏ.ਆਈ. ਦਾ ਵਿਕਾਸ ਬਹੁਤ ਤੇਜ਼ੀ ਨਾਲ ਕਰ ਰਿਹਾ ਹੈ। ਮਨੁੱਖੀ ਸੱਭਿਅਤਾ ਲਈ ਇਹ ਖ਼ਤਰਨਾਕ ਸਥਿਤੀ ਹੈ। ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਰੋਕਣ ਲਈ ਵੀ ਸਾਡੇ ਕੋਲ ਬਸ ਇਕ ਸਾਲ ਬਚਿਆ ਹੈ।
ਹਿੰਟਨ ਦੀਆਂ ਗੱਲਾਂ ਉਨ੍ਹਾਂ ਮੁੱਢਲੇ ਪ੍ਰਮਾਣੂ ਵਿਗਿਆਨੀਆਂ ਦੀ ਯਾਦ ਦਿਵਾਉਂਦੀਆਂ ਹਨ, ਜਿਨ੍ਹਾਂ ਨੇ ਇਸ ਦੀ ਵਿਨਾਸ਼ਕਾਰੀ ਸਮਰੱਥਾ ’ਤੇ ਚਿੰਤਾ ਪ੍ਰਗਟ ਕੀਤੀ ਸੀ ਪਰ ਸ਼ਾਇਦ ਹੀ ਕਿਸੇ ਨੇ ਇਸ ਵੱਲ ਧਿਆਨ ਦਿੱਤਾ ਹੋਵੇ। ਅੱਜ ਦੁਨੀਆ ਭਰ ’ਚ ਪ੍ਰਮਾਣੂ ਹਥਿਆਰਾਂ ਦੇ ਇੰਨੇ ਜ਼ਖ਼ੀਰੇ ਹਨ ਕਿ ਧਰਤੀ ਨੂੰ ਹਜ਼ਾਰਾਂ-ਹਜ਼ਾਰ ਵਾਰ ਨਸ਼ਟ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹਿੰਟਨ ਦੀ ਗੱਲ ਕੋਈ ਨਹੀਂ ਸੁਣੇਗਾ। ਤਾਂ ਕੀ ਅਸੀਂ ਮਨੁੱਖੀ ਸੱਭਿਅਤਾ ਦੇ ਅੰਤ ਦੀ ਕਹਾਣੀ ਖੁਦ ਲਿਖ ਰਹੇ ਹਾਂ? ਹਾਲੀਵੁੱਡ ’ਚ ਟਰਮੀਨੇਟਰ ਵਰਗੀਆਂ ਫ਼ਿਲਮਾਂ ਬਣੀਆਂ ਹਨ, ਜੋ ਇਸੇ ਤਰ੍ਹਾਂ ਦੀ ਭਵਿੱਖਬਾਣੀ ਕਰਦੀਆਂ ਸਨ।
ਏਲਨ ਮਸਕ ਦੇ ਕਥਨ ਨੂੰ ਪੜ੍ਹ ਕੇ ਇਕ ਗੱਲ ਜੋ ਲਗਾਤਾਰ ਦਿਮਾਗ ਵਿਚ ਆਉਂਦੀ ਹੈ ਕਿ ਮੰਨ ਲਓ ਆਮ ਲੋਕ ਤਾਂ ਕੁਝ ਨਹੀਂ ਕਰਨਗੇ ਪਰ ਏ.ਆਈ. ਅਤੇ ਰੋਬੋਟਸ ਨੂੰ ਕੋਈ ਤਾਂ ਬਣਾਏਗਾ। ਇਨ੍ਹਾਂ ਦੀ ਖਰੀਦੋ-ਫਰੋਖਤ ਵੀ ਕਰੇਗਾ। ਖਰਾਬ ਹੋ ਜਾਣਗੇ, ਤਾਂ ਠੀਕ ਵੀ ਕਰਨੇ ਹੋਣਗੇ। ਇਹ ਸਭ ਕੌਣ ਕਰੇਗਾ? ਜੋ ਉਦਯੋਗ ਏ.ਆਈ. ਦੇ ਪਿੱਛੇ ਵਾਹੋਦਾਹੀ ਭੱਜ ਰਿਹਾ ਹੈ, ਜੇਕਰ ਮਨੁੱਖ ਕੋਲ ਪੈਸੇ ਹੀ ਨਹੀਂ ਹੋਣਗੇ, ਤਾਂ ਇਨ੍ਹਾਂ ਉਦਯੋਗਾਂ ਦੀ ਤਿਜੌਰੀ ਕੌਣ ਭਰੇਗਾ? ਕਿਉਂਕਿ ਕੋਈ ਵੀ ਉਦਯੋਗ, ਮੁਫ਼ਤ ’ਚ ਨਹੀਂ, ਸਿਰਫ਼ ਮੁਨਾਫ਼ੇ ਲਈ ਕੰਮ ਕਰਦਾ ਹੈ।
—ਸ਼ਮਾ ਸ਼ਰਮਾ
ਪਹਿਲੀ ਵਾਰ, ਮੋਦੀ ਨੂੰ ਵੱਡੇ ਵਿਰੋਧ ਵਿਖਾਵਿਆਂ ਦਾ ਸਾਹਮਣਾ ਕਰਨਾ ਪੈ ਰਿਹੈ
NEXT STORY