ਕੁਝ ਸਮਾਂ ਪਹਿਲਾਂ ਅਤੇ ਹੁਣ ਤੱਕ ਸੋਸ਼ਲ ਮੀਡੀਆ ’ਤੇ ਇਕ ਬੇਬਾਕ ਬਾਲੀਵੁੱਡ ਅਦਾਕਾਰਾ (ਜਿਸ ਨੂੰ ਅਤੀਤ ’ਚ ਵਿਦੇਸ਼ੀ ਕ੍ਰਿਕਟਰ ਦੀ ਬਿਨ ਵਿਆਹੀ ਮਾਂ ਬਣਨ ਦਾ ਹੁਣ ਤੱਕ ਸ਼ਾਇਦ ਪਛਤਾਵਾ ਵੀ ਹੋਵੇ) ਦਾ ਇਕ ਅਜਿਹਾ ਧਮਾਕੇਦਾਰ ਬਿਆਨ ਵਾਇਰਲ ਹੋ ਰਿਹਾ ਹੈ, ਜਿਸ ਨੂੰ ਸੁਣ ਕੇ ਪੁਰਾਣੇ ਖਿਆਲਾਂ ਵਾਲੇ ਅਨੇਕ ਪਤੀ ਅਸਹਿਜ ਹੋ ਰਹੇ ਹਨ। ਅਦਾਕਾਰਾ ਕਹਿੰਦੀ ਹੈ ਕਿ ਅੱਜਕੱਲ ਯੰਗ ਲੜਕੀਆਂ ਦੇ ਤਲਾਕ ਧੜਾਧੜ ਇਸ ਲਈ ਹੋ ਰਹੇ ਹਨ, ਕਿਉਂਕਿ ਉਹ ਖੁਦ ਕਮਾਉਣ ਲੱਗੀਆਂ ਹਨ ਅਤੇ ਉਨ੍ਹਾਂ ਨੇ ਰਵਾਇਤੀ ਪਤੀਆਂ ਦੇ ਨਖਰੇ ਉਠਾਉਣਾ ਹਮੇਸ਼ਾ ਲਈ ਬੰਦ ਕਰ ਦਿੱਤਾ ਹੈ!
ਨੌਜਵਾਨਾਂ ਅਤੇ ਖਾਸਕਰ ਘੱਟ ਉਮਰ ’ਚ ਵਿਅਾਹ ਕਰਾਉਣ ਵਾਲੀਆਂ ਔਰਤਾਂ ਦੇ ਵਿਚਕਾਰ ਤਲਾਕ ਦੇ ਮਾਮਲਿਆਂ ਨੂੰ ਲੈ ਕੇ ਸਮਾਜਿਕ ਅਤੇ ਮਨੋਵਿਗਿਆਨਕ ਪੱਧਰ ’ਤੇ ਕਈ ਕਾਰਨ ਦੱਸੇ ਜਾਂਦੇ ਹਨ। ਅੱਜਕੱਲ ਲੜਕੀਆਂ ਖੁਦ ਕਮਾ ਰਹੀਆਂ ਹਨ ਅਤੇ ਆਤਮਨਿਰਭਰ ਹੋਣ ਤੋਂ ਬਾਅਦ ਉਨ੍ਹਾਂ ਨੇ ਗਲਤ ਜਾਂ ਬੁਰਾ ਵਰਤਾਓ ਸਹਿਣਾ ਬੰਦ ਕਰ ਦਿੱਤਾ ਹੈ। ਆਰਥਿਕ ਤੌਰ ’ਤੇ ਆਜ਼ਾਦ ਹੋਣ ’ਤੇ ਔਰਤਾਂ ਲਈ ਅਸਹਿਜ ਜਾਂ ਹਾਨੀਕਾਰਕ ਰਿਸ਼ਤਿਆਂ ਤੋਂ ਬਾਹਰ ਨਿਕਲਣਾ ਆਸਾਨ ਹੁੰਦਾ ਹੈ। ਕੀ ਮਹਿਲਾ ਸਸ਼ਕਤੀਕਰਨ ਦਾ ਚੰਗਾ ਜਾਂ ਬੁਰਾ ਪ੍ਰਭਾਵ ਹੈ?
ਕਈ ਚਰਚਿਅਾਂ ’ਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜੀਵਨ ਸਾਥੀਅਾਂ ਵਿਚਕਾਰ ਭਾਵਨਾਤਮਕ ਸੰਵਾਦ ਦੀ ਕਮੀ, ਆਪਸੀ ਝਗੜੇ ਅਤੇ ਜੀਵਨਸ਼ੈਲੀ ਜਾਂ ਅਾਸਾਂ ’ਚ ਫਰਕ ਰਿਸ਼ਤਿਆਂ ’ਚ ਦਰਾਰ ਪੈਦਾ ਕਰਦੇ ਹਨ। ਘੱਟ ਉਮਰ ’ਚ ਵਿਆਹ ਕਰਨ ’ਤੇ ਨੌਜਵਾਨ ਅਕਸਰ ਆਰਥਿਕ ਦਬਾਅ ਜਾਂ ਜਲਦਬਾਜ਼ੀ ’ਚ ਲਏ ਗਏ ਫੈਸਲਿਆਂ ਦਾ ਸਾਹਮਣਾ ਕਰਦੇ ਹਨ। ਸਮੇਂ ਦੇ ਨਾਲ ਸ਼ਖਸੀਅਤ, ਤਰਜੀਹਾਂ ਅਤੇ ਸੋਚ ’ਚ ਬਦਲਾਅ ਆਉਣ ਨਾਲ ਵੀ ਤਾਲਮੇਲ ਵਿਗੜ ਸਕਦਾ ਹੈ। ਕੁਝ ਸਮਾਜਿਕ ਅਧਿਐਨਾਂ ’ਚ ਪਰਿਵਾਰ ਦੇ ਅੰਦਰ ਦਖਲਅੰਦਾਜ਼ੀ, ਵਿਸ਼ਵਾਸ ਦੀ ਕਮੀ, ਬੇਵਫ਼ਾਈ, ਨਸ਼ੇ ਦੀ ਲਤ ਜਾਂ ਘਰੇਲੂ ਹਿੰਸਾ ਵਰਗੇ ਮੁੱਦਿਆਂ ਨੂੰ ਵੀ ਤਲਾਕ ਦੇ ਪ੍ਰਮੁੱਖ ਕਾਰਨਾਂ ’ਚ ਗਿਣਿਆ ਜਾਂਦਾ ਹੈ। ਭਾਰਤੀ ਨੌਜਵਾਨ ਜੋੜਿਆਂ ’ਚ ਹੁਣ ਇਹ ਗੱਲ ਆਮ ਹੈ।
ਸਮਾਜ ਜਾਣਦਾ ਹੈ ਕਿ ਪੁਰਾਣੀ ਪੀੜ੍ਹੀ ਦੀਆਂ ਭਾਰਤੀ ਪਤਨੀਆਂ ਘਰ ਦੀ ਚਾਰਦੀਵਾਰੀ ’ਚ ਪਤੀ ਦੇ ਸਾਰੇ ਤਾਅਨੇ ਚੁੱਪਚਾਪ ਇੰਝ ਗਟਕ ਜਾਂਦੀਆਂ ਸਨ, ਜਿਵੇਂ ਕੋਈ ਨਿੰਮ ਵਰਗੀ ਕੋਈ ਕੌੜੀ ਦਵਾਈ ਹੋਵੇ। ਚਾਹ ’ਚ ਖੰਡ ਘੱਟ ਹੋਈ, ਸਬਜ਼ੀ ’ਚ ਨਮਕ ਜ਼ਿਆਦਾ ਹੋਇਆ ਤਾਂ ਘਰ ’ਚ ਕਲੇਸ਼ ਸ਼ੁਰੂ ਹੋ ਜਾਂਦਾ ਸੀ ਅਤੇ ਜੇ ਪਤੀਦੇਵ ਨੇ ਰੋਅਬ ਦਿਖਾਇਆ ਤਾਂ ਕੁਝ ਪਰਿਵਾਰਕ ਬਜ਼ੁਰਗਾਂ ਦਾ ਪੁਰਾਣਾ ਘਿਸਿਆ-ਪਿਟਿਆ ਡਾਇਲਾਗ ਚਿਪਕਾ ਦਿੱਤਾ ਜਾਂਦਾ ਸੀ—“ਬੇਟਾ, ਸਮਝੌਤਾ ਹੀ ਗ੍ਰਹਿਸਥੀ ਦੀ ਗੱਡੀ ਦਾ ਪਹੀਆ ਹੈ!” ਜਦੋਂ ਪਤਨੀ ਦੀ ਜੇਬ ’ਚ ਫੁੱਟੀ ਕੌਡੀ ਤੱਕ ਨਹੀਂ ਹੁੰਦੀ ਸੀ, ਤਾਂ ਵਿਚਾਰੀ ਪਤਨੀ ਕਰੇ ਵੀ ਕੀ? ਪਤੀ ਦੀ ਹਰ ਡਾਂਟ ਨੂੰ ਉੱਪਰ ਵਾਲੇ ਦਾ ਪ੍ਰਸ਼ਾਦ ਸਮਝ ਕੇ ਸਹਿਣ ਕਰਨਾ ਪੈਂਦਾ ਸੀ। ਇਹ ਔਰਤਾਂ ਦਾ ਇਕ ਵੱਡਾ ਮਾਨਸਿਕ ਸ਼ੋਸ਼ਣ ਹੀ ਹੁੰਦਾ ਹੈ।
ਪਰ ਹੁਣ ਸਮਾਜਿਕ ਸਥਿਤੀਆਂ ਬਦਲ ਗਈਆਂ ਹਨ। ਅੱਜ ਦੀ ਨਵੀਂ ਜਨਰੇਸ਼ਨ ਦੀਆਂ ਵਿਅਾਹੁਤਾ ਕੁੜੀਅਾਂ ਪੜ੍ਹੀਆਂ-ਲਿਖੀਆਂ ਅਤੇ ਆਤਮਨਿਰਭਰ ਹਨ। ਮਹੀਨੇ ਦੀ ਪਹਿਲੀ ਤਰੀਕ ਨੂੰ ਬੈਂਕ ਖਾਤੇ ’ਚ ਜਦੋਂ ਹੈਂਡਸਮ ਸੈਲਰੀ ਦਾ ਟੂੰ-ਟੂੰ ਮੈਸੇਜ ਚਮਕਦਾ ਹੈ, ਤਾਂ ਕਾਂਫੀਡੈਂਸ ਲੈਵਲ ਸਿੱਧਾ ਸੱਤਵੇਂ ਆਸਮਾਨ ’ਤੇ ਹੁੰਦਾ ਹੈ! ਹੁਣ ਭਲਾ ਅਜਿਹੀਆਂ ਸਵੈਗ ਵਾਲੀਆਂ ਜਵਾਨ ਪਤਨੀਆਂ ਕਿਸੇ ਦਾ ਫਾਲਤੂ ਰੋਅਬ ਕਿਉਂ ਸਹਿਣ ਕਰਨਗੀਅਾਂ?
ਇੰਝ ਵੀ ਪਤੀ-ਪਤਨੀ ਦੇ ਰਿਸ਼ਤੇ ਅੱਜ ਕੱਚ ਵਰਗੇ ਨਾਜ਼ੁਕ ਹੋ ਗਏ ਹਨ, ਜੋ ਜ਼ਰਾ ਜਿਹੀ ਅਾਕੜ ਪੈਦਾ ਹੁੰਦੇ ਹੀ ਟੁੱਟ ਜਾਂਦੇ ਹਨ। ਦਸਤੂਰ ਬਣਦਾ ਜਾ ਰਿਹਾ ਹੈ ਕਿ ਰਿਸ਼ਤੇ ਹੁਣ ‘ਸਮਾਜ ਕੀ ਕਹੇਗਾ’ ਦੇ ਡਰ ਨਾਲ ਨਹੀਂ, ਸਗੋਂ ਸਿਰਫ ਪਿਆਰ ਅਤੇ ਸਨਮਾਨ ਨਾਲ ਚੱਲਣਗੇ। ਆਰਥਿਕ ਆਜ਼ਾਦੀ ਅਤੇ ਆਜ਼ਾਦ ਜੀਵਨਸ਼ੈਲੀ ਨੇ ਜਿੱਥੇ ਆਤਮਨਿਰਭਰ ਔਰਤਾਂ ਨੂੰ ਖੰਭ ਦਿੱਤੇ ਹਨ, ਉੱਥੇ ਬੇਵਜ੍ਹਾ ਰੋਅਬ ਝਾੜਨ ਵਾਲੇ ਪਤੀਆਂ ਦੀਆਂ ਰਾਤਾਂ ਦੀ ਨੀਂਦ ਉਡਾ ਰੱਖੀ ਹੈ। ਇਸ ਅਸਲੀਅਤ ਨੂੰ ਸਵੀਕਾਰਨਾ ਹੋਵੇਗਾ।
ਅੰਤ ’ਚ ਸਮਝਣਾ ਹੋਵੇਗਾ ਕਿ ਵਿਅਾਹ ਤੋਂ ਬਾਅਦ ਪਤੀ ਅਤੇ ਪਤਨੀ ਨੂੰ ਇਕ-ਦੂਜੇ ਲਈ ਰੂਮ ਪਾਰਟਨਰ ਨਹੀਂ, ਲਾਈਫ ਪਾਰਟਨਰ ਭਾਲਣਾ ਚਾਹੀਦਾ ਹੈ, ਕਿਉਂਕਿ ਇਹ ਸੋਚ ਹੀ ਗਮ ਦੀ ਜ਼ਿੰਦਗੀ ਨੂੰ ਖੁਸ਼ੀ ’ਚ ਬਦਲ ਸਕਦੀ ਹੈ। ਕੀ ਇਹ ਠੀਕ ਨਹੀਂ ਹੋਵੇਗਾ ਕਿ ਐਟੀਟਿਊਡ ਵਾਲੀਆਂ ਨੌਜਵਾਨ ਪਤਨੀਆਂ ਅਤੇ ਸ੍ਰੇਸ਼ਠਤਾ ਬੋਧ ਭਾਵ ਸੁਪੀਰੀਆਰਿਟੀ ਕੰਪਲੈਕਸ ਦਾ ਸ਼ਿਕਾਰ ਪਤੀਦੇਵਾਂ ਨੂੰ ਭਾਰਤੀ ਸੰਸਕ੍ਰਿਤੀ ਦੀਆਂ ਕਦਰਾਂ-ਕੀਮਤਾਂ ਦਾ ਸਨਮਾਨ ਕਰਦੇ ਹੋਏ ਸੁਖੀ ਵਿਆਹੁਤਾ ਜੀਵਨ ਲਈ ਇਕ-ਦੂਜੇ ਪ੍ਰਤੀ ਆਪਣੇ ਵਿਹਾਰ ’ਚ ਲਚਕ ਲਿਆਉਣੀ ਚਾਹੀਦੀ ਹੈ?
-ਡਾ. ਵਰਿੰਦਰ ਭਾਟੀਆ
ਇਕ ਦਹਾਕਾ, ਜਿਸ ਨੇ ਭਾਰਤ ’ਚ ਗ਼ਰੀਬੀ ਦੀ ਤਸਵੀਰ ਬਦਲ ਦਿੱਤੀ
NEXT STORY