‘ਕਾਂਸ਼ੀ ਤੇਰੀ ਨੇਕ ਕਮਾਈ, ਤੂਨੇ ਸੋਈ ਕੌਮ ਜਗਾਈ’। ਇਸ ਨਾਅਰੇ ਨੇ ਦਲਿਤ ਚੇਤਨਾ ਨੂੰ ਸਿਆਸੀ ਜ਼ੁਬਾਨ ਦੇ ਦਿੱਤੀ ਪਰ ਕਦੇ-ਕਦੇ ਸ਼ੋਰ ਤੋਂ ਜ਼ਿਆਦਾ, ਕਿਸੇ ਦੀ ਖਾਮੋਸ਼ੀ ਅਖਰਦੀ ਹੈ। ਇਹੀ ਹਾਲ ਬਸਪਾ ਦੀ ਖਾਮੋਸ਼ੀ ਨੂੰ ਲੈ ਕੇ ਦਲਿਤ ਸਮਾਜ ਦਾ ਹੈ। ਉਹ ਪਾਰਟੀ, ਜਿਸ ਨੇ ਕਾਂਸ਼ੀ ਰਾਮ ਦੀ ਅਗਵਾਈ ’ਚ ਉਨ੍ਹਾਂ ਦੀ ਲੜਾਈ ਲੜੀ, ਉਨ੍ਹਾਂ ਨੂੰ ਹੋਂਦ ਅਤੇ ਪਛਾਣ ਦਾ ਪਾਠ ਪੜ੍ਹਾਇਆ, ਅੱਜ ਖਾਮੋਸ਼ੀ ਨਾਲ ਆਪਣਾ ਪਤਨ ਦੇਖ ਰਹੀ ਹੈ। ਅੱਜ ਬਸਪਾ ਸਮਰਥਕ ਸੋਚ ਰਹੇ ਹੋਣਗੇ, ‘ਮਾਇਆਵਤੀ ਤੇਰੀ ਅਗਵਾਈ, ਤੂਨੇ ਬਸਪਾ ਪਾਰਟੀ ਡੁਬਾਈ’। ਉੱਤਰ ਪ੍ਰਦੇਸ਼ ’ਚ ਬਸਪਾ ਅਤੇ ਦਲਿਤ ਸਿਆਸਤ ਨੂੰ ਇਸ ਰੌਸ਼ਨੀ ’ਚ ਦੇਖਣਾ ਹੋਵੇਗਾ।
ਉੱਤਰ ਪ੍ਰਦੇਸ਼ ਦੀ ਸਿਆਸਤ ’ਚ ਇਕ ਵਾਰ ਫਿਰ ਤੋਂ ਚੋਣ ਮਾਹੌਲ ਗਰਮ ਹੋ ਗਿਆ ਹੈ। ਇਕ ਵਾਰ ਫਿਰ ਤੋਂ ਜਾਤ ਆਧਾਰਿਤ ਗੋਲਬੰਦੀ ਜ਼ੋਰ ਫੜਦੀ ਜਾ ਰਹੀ ਹੈ ਪਰ ਇਸ ਵਾਰ ਦੀ ਤਸਵੀਰ ਥੋੜ੍ਹੀ ਵੱਖਰੀ ਹੈ। ਸਾਰੀਆਂ ਪਾਰਟੀਆਂ ਦੇ ਰਵਾਇਤੀ ਵੋਟਰ ਨੈਤਿਕ ਅਤੇ ਸਿਆਸੀ ਉਲਝਣ ’ਚ ਹਨ। ਭਾਜਪਾ ਆਪਣੇ ਸਵਰਨ ਵੋਟਰਾਂ ਨੂੰ ਯੂ. ਜੀ. ਸੀ. ਐਕਟ ਅਤੇ ਅਣਦੇਖੀ ਕਾਰਨ ਹੋਈ ਨਾਰਾਜ਼ਗੀ ਦੂਰ ਕਰਨ ’ਚ ਲੱਗੀ ਹੈ। ਸਪਾ ਓ. ਬੀ. ਸੀ. ਅਤੇ ਮੁਸਲਿਮ ਵੋਟਰਾਂ ਨੂੰ ਵਾਪਸ ਲਿਆਉਣ ਲਈ ਯਤਨਸ਼ੀਲ ਹੈ। ਕਾਂਗਰਸ ਆਪਣੀ ਗੁਆਚੀ ਜ਼ਮੀਨ ਤਲਾਸ਼ ਰਹੀ ਹੈ। ਅਖਾੜੇ ’ਚ ਕੁਝ ਨਵੇਂ ਖਿਡਾਰੀ ਵੀ ਦਾਅਵਾ ਠੋਕ ਰਹੇ ਹਨ। ਓਵੈਸੀ ਚੋਣ ਸੈਲਾਨੀ ਬਣ ਕੇ ਆਏ ਹਨ, ਤਾਂ ਟੂਰਿਸਟ ਗਾਈਡ ਵਾਂਗ ਚੰਦਰਸ਼ੇਖਰ ਨੇ ਉਨ੍ਹਾਂ ਨੂੰ ਲਪਕ ਕੇ ਚੋਣ ਗੱਠਜੋੜ ਬਣਾ ਲਿਆ।
ਬਸਪਾ ਦੀ ਵਿਚਾਰਧਾਰਾ : ਇਕ ‘ਨਵੀਂ’ ਅਤੇ ‘ਨਿਆਂਪੂਰਨ’ ਸਮਾਜਿਕ ਵਿਵਸਥਾ ਦਾ ਨਿਰਮਾਣ ਬਸਪਾ ਦੀ ਵਿਚਾਰਧਾਰਾ ਦੀ ਆਧਾਰਸ਼ਿਲਾ ਹੈ। ਇਕ ਸਿਆਸੀ ਤਾਕਤ ਦੇ ਰੂਪ ’ਚ ਬਸਪਾ ਦੇ ਗਠਨ ਨੇ ਸਮਾਜਿਕ ਨਿਆਂ ਦੀਆਂ ਧਾਰਨਾਵਾਂ ਨੂੰ ਮੁੜ-ਪਰਿਭਾਸ਼ਿਤ ਕਰਨ ’ਚ ਮਦਦ ਕੀਤੀ। ਬਸਪਾ ਦਾ ਇਤਿਹਾਸ ਕਾਂਸ਼ੀ ਰਾਮ ਤੋਂ ਸ਼ੁਰੂ ਹੁੰਦਾ ਹੈ। 14 ਅਪ੍ਰੈਲ, 1984 ਨੂੰ ਕਾਂਸ਼ੀ ਰਾਮ ਨੇ ਦਲਿਤਾਂ ਅਤੇ ਪੱਛੜਿਆਂ ਨੂੰ ਇਕ ਮਜ਼ਬੂਤ ਸਿਆਸੀ ਮੰਚ ਪ੍ਰਦਾਨ ਕਰਨ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸਥਾਪਨਾ ਕੀਤੀ। ਇਹ ਉੱਤਰ ਪ੍ਰਦੇਸ਼ ਅਤੇ ਭਾਰਤ ਦੀ ਜਾਤ-ਆਧਾਰਿਤ ਪਛਾਣ ਦੀ ਸਿਆਸਤ ’ਚ ਇਕ ਇਤਿਹਾਸਕ ਮੋੜ ਸੀ। ਸ਼ੁਰੂਆਤ ’ਚ ਜ਼ਿਆਦਾਤਰ ਖੱਬੇ-ਪੱਖੀ ਅਤੇ ਪ੍ਰਗਤੀਸ਼ੀਲ ਤਾਕਤਾਂ ਨੇ ਬਸਪਾ ਦੀ ਇਹ ਕਹਿ ਕੇ ਅਣਦੇਖੀ ਕੀਤੀ ਕਿ ਇਸ ਦਾ ਸਿਆਸੀ ਸੱਤਾ ਜਿੱਤਣ ਤੋਂ ਇਲਾਵਾ ਕੋਈ ਹੋਰ ਟੀਚਾ ਨਹੀਂ ਦਿਸਦਾ। ਅਸਲ ’ਚ, ਕਾਂਸ਼ੀ ਰਾਮ ਨੇ ਜਾਣਬੁੱਝ ਕੇ ਕੋਈ ਰਵਾਇਤੀ ਆਰਥਿਕ ਪ੍ਰੋਗਰਾਮ ਅਪਣਾਉਣ ਦੀ ਬਜਾਏ ਸਪੱਸ਼ਟ ਸਮਾਜਿਕ ਏਜੰਡਾ ਰੱਖਿਆ। ਬਸਪਾ ਨੇ ਸਾਰੇ ਦਲਿਤਾਂ ਅਤੇ ਵਾਂਝਿਆਂ ਨੂੰ ‘ਬਹੁਜਨ’ ਸ਼੍ਰੇਣੀ ਤਹਿਤ ਇਕਜੁੱਟ ਕਰ ਕੇ ‘ਸਾਨੂੰ ਹਾਕਮ ਵਰਗ ਬਣਨਾ ਹੈ’ ਦੇ ਅੰਬੇਡਕਰਵਾਦੀ ਨਾਅਰੇ ਨੂੰ ਬੁਲੰਦ ਕੀਤਾ।
ਪੀੜਤ ਅਤੇ ਤਸ਼ੱਦਦ ਕਰਨ ਵਾਲੇ ਕੌਣ : ਬਸਪਾ ਨੇ ਇਕ-ਸੂਤਰੀ ਪ੍ਰੋਗਰਾਮ ਦੀ ਵਕਾਲਤ ਕੀਤੀ-‘ਸਰਕਾਰ, ਨੌਕਰਸ਼ਾਹੀ ਅਤੇ ਵਿੱਦਿਅਕ ਸੰਸਥਾਨਾਂ ’ਚ ਸਾਰੇ ਸਮੂਹਾਂ ਲਈ ਅਨੁਪਾਤਕ ਪ੍ਰਤੀਨਿਧਤਾ’। ਬਸਪਾ ਨੇ ਦਲਿਤਾਂ ਨੂੰ ‘ਕੁਚਲੇ ਅਤੇ ਅਪਮਾਨਿਤ ਜਨਸਮੂਹਾਂ ਦੇ ਭਾਈਚਾਰੇ’ ਦੇ ਰੂਪ ’ਚ ਪਰਿਭਾਸ਼ਿਤ ਕੀਤਾ, ਜੋ ਸਿਰਫ਼ ਭੌਤਿਕ ਲਾਭਾਂ ਨਾਲ ਨਹੀਂ ਸਗੋਂ ‘ਆਪਣੀ’ ਸਿਆਸੀ ਸੱਤਾ ਹਾਸਲ ਕਰ ਕੇ ਹੀ ਮੁਕਤ ਹੋ ਸਕਦੇ ਹਨ।
ਜਿੱਥੇ ਗਰੀਬ ਦਲਿਤ ਸਮਾਜਿਕ ਸਨਮਾਨ ਅਤੇ ਸਿਆਸੀ ਪ੍ਰਤੀਨਿਧਤਾ ਦੋਵਾਂ ਤੋਂ ਵਾਂਝੇ ਹਨ, ਉੱਥੇ ਗਰੀਬ ਬ੍ਰਾਹਮਣ ਸਿਆਸੀ ਰੂਪ ਨਾਲ ਹਾਸ਼ੀਏ ’ਤੇ ਮਹਿਸੂਸ ਕਰ ਰਹੇ ਹਨ। ਇਹ ਸਪੱਸ਼ਟ ਹੋ ਗਿਆ ਕਿ ‘ਬਹੁਜਨ’ ਸ਼੍ਰੇਣੀ ਖੁਦ ਅੰਦਰੂਨੀ ਵਿਰੋਧਾਭਾਸਾਂ ਨਾਲ ਗ੍ਰਸਤ ਹੈ। ਵਿਸ਼ੇਸ਼ ਰੂਪ ਨਾਲ, ਓ. ਬੀ. ਸੀ. (ਹੋਰ ਪੱਛੜਾ ਵਰਗ) ਦਾ ਇਕ ਵੱਡਾ ਹਿੱਸਾ, ਜਿਸ ’ਚ ਯਾਦਵ, ਕੁਰਮੀ ਅਤੇ ਲੋਧ ਸ਼ਾਮਲ ਹਨ, ਸਮਾਜਵਾਦੀ ਪਾਰਟੀ ਅਤੇ ਭਾਜਪਾ ਵੱਲ ਚਲਾ ਗਿਆ ਹੈ। ਅੱਜ ਦਲਿਤਾਂ ’ਤੇ ਹਿੰਸਾ ਅਤੇ ਅੱਤਿਆਚਾਰ ਦੇ ਮਾਮਲੇ ’ਚ ਇਹ ਭਾਈਚਾਰੇ ਮੋਹਰੀ ਹਨ। ਪੇਂਡੂ ਖੇਤਰਾਂ ’ਚ ਜ਼ਮੀਨ-ਮਾਲਕ ਓ. ਬੀ. ਸੀ. ਜਾਤਾਂ ਅਤੇ ਜ਼ਮੀਨਹੀਣ ਦਲਿਤਾਂ ਦੇ ਵਿਚਕਾਰ ਆਰਥਿਕ ਅਤੇ ਸਮਾਜਿਕ ਸੰਘਰਸ਼ ਨੇ ‘ਬਹੁਜਨ ਏਕਤਾ’ ਦੀ ਧਾਰਨਾ ਨੂੰ ਕਮਜ਼ੋਰ ਕਰ ਦਿੱਤਾ ਹੈ।
ਓ. ਬੀ. ਸੀ. ਦੇ ਉੱਭਰਦੇ ਕਿਸਾਨ ਵਰਗ ਨੇ ਦਲਿਤਾਂ ਦੇ ਪ੍ਰਭੂਤੱਵ ਅਤੇ ਦਮਨ ਦੀ ਸੰਸਕ੍ਰਿਤੀ ਨੂੰ ਜਾਰੀ ਰੱਖਿਆ, ਕਿਉਂਕਿ ਉਹ ਵੀ ਸਸਤੇ ਕਿਰਤ ਬਲ ਦਾ ਲਾਭ ਉਠਾਉਣਾ ਚਾਹੁੰਦੇ ਸਨ। ਉੱਤਰ-ਬਸਤੀਵਾਦੀ ਭਾਰਤ ’ਚ ਦਲਿਤਾਂ ਨੂੰ ਅਜੇ ਵੀ ਉੱਚ ਜਾਤ ਅਤੇ ਜ਼ਮੀਨ ਮਾਲਕ ਕਿਸਾਨ ਮੱਧਵਰਤੀ ਜਾਤਾਂ ਦੀ ਦਇਆ ’ਤੇ ਛੱਡ ਦਿੱਤਾ ਗਿਆ ਸੀ। ਇਸ ਤਰ੍ਹਾਂ ਉੱਤਰ ਪ੍ਰਦੇਸ਼ ਦੇ ਸਮਾਜ ਨੇ ਇਕ ਨਵਾਂ ‘ਤਸ਼ੱਦਦ ਕਰਨ ਵਾਲਿਆਂ ਦਾ ਵਰਗ’ ਦੇਖਿਆ। ਇਸ ਤੋਂ ਇਲਾਵਾ, ਦਲਿਤਾਂ ਦੇ ਅੰਦਰ ਵੀ ਉਪ-ਜਾਤੀ ਵੰਡ (ਜਿਵੇਂ ਜਾਟਵ/ਚਮਾਰ ਬਨਾਮ ਗੈਰ-ਜਾਟਵ ਜਿਵੇਂ ਪਾਸੀ, ਵਾਲਮੀਕਿ, ਧੋਬੀ ਆਦਿ) ਉੱਭਰਨ ਲੱਗੀ, ਜਿਸ ਨਾਲ ਦਲਿਤ ਸਿਆਸਤ ’ਚ ਖਿੰਡਾਅ ਆਇਆ ਹੈ। ਉੱਤਰ ਪ੍ਰਦੇਸ਼ ’ਚ ਪਛਾਣ ਦੀ ਸਿਆਸਤ ਦੇ ਇਸ ਵਿਕਾਸਵਾਦੀ ਪੜਾਅ ਦੌਰਾਨ, ਬਸਪਾ ’ਚ ਲੰਬੇ ਸਮੇਂ ਦੀ ਦਲਿਤ ਸਿਆਸਤ ਲਈ ਰੋਡਮੈਪ ਤਿਆਰ ਕਰਨ ’ਚ ਸਿਆਸੀ ਪਰਿਪੱਕਤਾ ਦੀ ਘਾਟ ਹੈ।
ਮਾਇਆਵਤੀ ਦੀ ਅਗਵਾਈ ’ਤੇ ਸਵਾਲ : ਅਗਵਾਈ ਸ਼ੈਲੀ ਦੇ ਸੰਦਰਭ ’ਚ, ਕਾਂਸ਼ੀ ਰਾਮ ਤੋਂ ਬਾਅਦ ਮਾਇਆਵਤੀ ਪਾਰਟੀ ਦੀ ਇਕਲੌਤੀ ਅਤੇ ਨਿਰਵਿਰੋਧ ਸਰਵਉੱਚ ਨੇਤਾ ਦੇ ਰੂਪ ’ਚ ਉੱਭਰੀ ਹੈ। ਪਾਰਟੀ ਦੇ ਅੰਦਰ ਕੋਈ ਵੀ ਫ਼ੈਸਲਾ, ਚਾਹੇ ਉਹ ਟਿਕਟ ਵੰਡ ਹੋਵੇ, ਗੱਠਜੋੜ ਬਣਾਉਣਾ ਹੋਵੇ ਜਾਂ ਮੰਤਰੀਆਂ ਦੀ ਨਿਯੁਕਤੀ ਹੋਵੇ, ਅੰਤਿਮ ਰੂਪ ਨਾਲ ਮਾਇਆਵਤੀ ਵੱਲੋਂ ਹੀ ਲਿਆ ਜਾਂਦਾ ਹੈ। ਆਲੋਚਕ ਅਕਸਰ ਉਨ੍ਹਾਂ ਦੀ ਇਸ ਕਾਰਜਸ਼ੈਲੀ ਨੂੰ ‘ਤਾਨਾਸ਼ਾਹੀ’ ਜਾਂ ‘ਵਿਅਕਤੀ-ਪੂਜਾ’ ਕਹਿ ਕੇ ਆਲੋਚਨਾ ਕਰਦੇ ਹਨ, ਕਿਉਂਕਿ ਪਾਰਟੀ ’ਚ ਦੂਜੀ ਕਤਾਰ ਦੀ ਕੋਈ ਸੁਤੰਤਰ ਅਗਵਾਈ ਵਿਕਸਿਤ ਨਹੀਂ ਹੋਣ ਦਿੱਤੀ ਗਈ। ਤਾਂ ਵੀ, ਦਲਿਤ ਭਾਈਚਾਰੇ ਦੇ ਨਜ਼ਰੀਏ ਤੋਂ ਮਾਇਆਵਤੀ ਦੀ ਇਹ ਕੇਂਦਰੀਕ੍ਰਿਤ ਅਤੇ ਸਖ਼ਤ ਅਗਵਾਈ ਉਨ੍ਹਾਂ ਦੇ ਮਾਣ ਅਤੇ ਸੁਰੱਖਿਆ ਦਾ ਪ੍ਰਤੀਕ ਹੈ ਪਰ ਇਕ ਦਹਾਕੇ ਤੋਂ ਉਨ੍ਹਾਂ ਦੀ ਖਾਮੋਸ਼ੀ ਨੇ ਦਲਿਤ ਵੋਟਰਾਂ ਨੂੰ ਸ਼ਸ਼ੋਪੰਜ ’ਚ ਪਾ ਦਿੱਤਾ ਹੈ।
ਸਿਆਸੀ ਮਾਨਸ ’ਚ ਦਲਿਤ : ਦਲਿਤ ਪ੍ਰਤੀਕਾਤਮਕ ਅਤੇ ਠੋਸ ਦੋਵਾਂ ਕਾਰਨਾਂ ਕਰ ਕੇ ਆਪਣੀ ਜਾਤ ਨੂੰ ਵੋਟ ਦਿੰਦੇ ਹਨ। ਯਕੀਨਨ, ਦਲਿਤ ਵੋਟਰ ਬਸਪਾ ਵੱਲ ਇਸ ਲਈ ਆਕਰਸ਼ਿਤ ਹੁੰਦੇ ਹਨ ਪਰ ਮੌਜੂਦਾ ਚੋਣ ਸਥਿਤੀ ’ਚ ਮਾਇਆਵਤੀ ਕੋਈ ਭੌਤਿਕ ਲਾਭ ਦੇਣ ’ਚ ਅਸਫਲ ਹਨ, ਤਾਂ ਉਹ ਉਨ੍ਹਾਂ ਦਾ ਸਮਰਥਨ ਕਰਨਾ ਬੰਦ ਕਰ ਦੇਣਗੇ। ਇਸ ਦਾ ਸਿੱਧਾ ਲਾਭ ਚੰਦਰਸ਼ੇਖਰ ਨੂੰ ਮਿਲ ਸਕਦਾ ਹੈ। ਇੱਥੇ ਹੀ ਪਛਾਣ ਦਾ ਸਵਾਲ ਉੱਠਦਾ ਹੈ ਅਤੇ ਇਸ ਲਈ, ਇਹ ਸਿਆਸੀ ਪਾਰਟੀਆਂ ਅਤੇ ਵਰਕਰਾਂ ਨੂੰ ‘ਪਛਾਣ ਦੀ ਸਿਆਸਤ’ ਦੀ ਨਾਜ਼ੁਕ ਅਤੇ ਅਨਿਸ਼ਚਿਤ ਪ੍ਰਕਿਰਤੀ ਦਾ ਫਾਇਦਾ ਉਠਾਉਣ ਦਾ ਮੌਕਾ ਭਾਜਪਾ, ਸਪਾ ਅਤੇ ਕਾਂਗਰਸ ਨੂੰ ਪ੍ਰਦਾਨ ਕਰਦਾ ਹੈ।
-ਰਵੀ ਰਮੇਸ਼ਚੰਦਰ
‘ਪਹਾੜ ਚੜ੍ਹਨ ਲਈ ਹੀ ਹੁੰਦੇ ਹਨ’
NEXT STORY