ਅਮਰੀਕਾ ਦੀ ਤਕਨੀਕੀ ਖੇਤਰ ਦੀ ਪ੍ਰਮੁੱਖ ਕੰਪਨੀ ਐਨਵੀਡੀਆ ਦੇ ਸੀ. ਈ. ਓ. ਜੇਨਸਨ ਹੁਆਂਗ ਆਪਣੇ ਵਿਆਹ ਤੋਂ ਬਾਹਰਲੇ ਸਬੰਧਾਂ ਕਾਰਨ ਇਕ ਵੱਡੇ ਸੰਕਟ ’ਚ ਫਸ ਗਏ ਹਨ। ਅਮਰੀਕੀ ਅਖ਼ਬਾਰ ‘ਨਿਊਯਾਰਕ ਟਾਈਮਜ਼’ ਨੇ ਇਕ ਰਿਪੋਰਟ ’ਚ ਖੁਲਾਸਾ ਕੀਤਾ ਹੈ ਕਿ ਜਿਸ ਚੀਨੀ ਕਾਰੋਬਾਰੀ ਮਹਿਲਾ ਐਲਿਸ ਹੁਆਂਗ ਨਾਲ ਜੇਨਸਨ ਹੁਆਂਗ ਨੇ ਨੇੜਲੇ ਸਬੰਧ ਬਣਾਏ ਸਨ, ਉਹ ਮਹਿਲਾ ਚੀਨ ਲਈ ਜਾਸੂਸੀ ਕਰ ਰਹੀ ਸੀ। ਅਜਿਹਾ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਦਾ ਮੰਨਣਾ ਹੈ। ਐਨਵੀਡੀਆ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਆਜ਼ਾਦ ਡਾਇਰੈਕਟਰਾਂ ਦੀ ਇਕ ਕਮੇਟੀ ਬਣਾ ਕੇ ਇਸ ਮਾਮਲੇ ਦੀ ਆਜ਼ਾਦ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜਿਹਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਸ ਸਬੰਧ ਰਾਹੀਂ ਐਲਿਸ ਹੁਆਂਗ ਦੇ ਮਾਧਿਅਮ ਨਾਲ ਅਜਿਹਾ ਗੁਪਤ ਡਾਟਾ ਲੀਕ ਹੋਣ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਹੈ, ਜੋ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੋ ਸਕਦਾ ਹੈ। ਹਾਲਾਂਕਿ ਐਨਵੀਡੀਆ ਬੋਰਡ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ’ਚ ਅਜਿਹੇ ਸੰਕੇਤ ਨਹੀਂ ਮਿਲੇ ਹਨ ਪਰ ਇਸ ਪੂਰੇ ਵਿਵਾਦ ਨੇ ਨਿਵੇਸ਼ਕਾਂ ’ਚ ਲੀਡਰਸ਼ਿਪ ਅਤੇ ਸੁਰੱਖਿਆ ਦੇ ਜੋਖ਼ਮ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।
ਸੀ. ਈ. ਓ. ਨਾਲ ਜੁੜੇ ਇਸ ਨਿੱਜੀ ਵਿਵਾਦ ਦੇ ਜਨਤਕ ਹੋਣ ਅਤੇ ਕੰਪਨੀ ਬੋਰਡ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦੇਣ ਤੋਂ ਬਾਅਦ ਐਨਵੀਡੀਆ ਦੇ ਸ਼ੇਅਰਾਂ ’ਚ ਭੂਚਾਲ ਵਾਲੀ ਸਥਿਤੀ ਹੈ। ਸੋਮਵਾਰ ਨੂੰ ਹੀ ਐਨਵੀਡੀਆ ਦੀ ਮਾਰਕੀਟ ਵੈਲਿਊ 20 ਲੱਖ ਕਰੋੜ ਰੁਪਏ ਤੋਂ ਵੱਧ ਹੇਠਾਂ ਚਲੀ ਗਈ। ਟਰੇਡਿੰਗ ਦੇ ਸ਼ੁਰੂਆਤੀ ਘੰਟਿਆਂ ’ਚ ਹੀ ਕੰਪਨੀ ਦੇ ਸ਼ੇਅਰ 6 ਫੀਸਦੀ ਤੋਂ 8 ਫੀਸਦੀ ਤੱਕ ਟੁੱਟ ਗਏ। ਇੰਨਾ ਹੀ ਨਹੀਂ, ਇਸ ਵਿਵਾਦ ਕਾਰਨ ਜੇਨਸਨ ਹੁਆਂਗ ਦੀ ਨਿੱਜੀ ਨੈੱਟਵਰਥ ਵੀ 7.4 ਅਰਬ ਡਾਲਰ ਘੱਟ ਗਈ ਅਤੇ ਉਹ ਦੁਨੀਆ ਦੇ ਟਾਪ-10 ਅਮੀਰਾਂ ਦੀ ਸੂਚੀ ’ਚੋਂ ਹੇਠਾਂ ਖਿਸਕ ਗਏ।
ਅਮਰੀਕੀ ਖੁਫੀਆ ਏਜੰਸੀਆਂ ਦੀ ਰਿਪੋਰਟ ਤੋਂ ਬਾਅਦ ਐੱਫ. ਬੀ. ਆਈ. ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕੀ ਇਸ ਸਬੰਧ ਰਾਹੀਂ ਅਮਰੀਕੀ ਏ. ਆਈ. ਅਤੇ ਚਿੱਪ ਤਕਨੀਕ ਨਾਲ ਜੁੜੀ ਕੋਈ ਸੰਵੇਦਨਸ਼ੀਲ ਜਾਣਕਾਰੀ ਚੀਨ ਤੱਕ ਪਹੁੰਚੀ ਹੈ? ਅਮਰੀਕੀ ਸੰਸਦ ਮੈਂਬਰਾਂ ਅਤੇ ਹਾਊਸ ਕਮੇਟੀ ਦੇ ਪ੍ਰਧਾਨਾਂ ਨੇ ਜੇਨਸਨ ਹੁਆਂਗ ’ਤੇ ਇਸ ਮਾਮਲੇ ਨੂੰ ਲੈ ਕੇ ਦਬਾਅ ਵਧਾ ਦਿੱਤਾ ਹੈ। ਉਨ੍ਹਾਂ ਨੂੰ 18 ਨਵੰਬਰ ਨੂੰ ਅਮਰੀਕੀ ਕਾਂਗਰਸ ਦੇ ਸਾਹਮਣੇ ਪੇਸ਼ ਹੋ ਕੇ ਬੰਦ ਕਮਰੇ ’ਚ ਆਪਣੀ ਸਫ਼ਾਈ ਅਤੇ ਨਿੱਜੀ ਸੁਰੱਖਿਆ ਪ੍ਰੋਟੋਕੋਲ ’ਤੇ ਜਵਾਬ ਦੇਣ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਹੁਆਂਗ ਦੇ ਸਾਹਮਣੇ ਮਹਿੰਗੇ ਤਲਾਕ ਦਾ ਖ਼ਤਰਾ ਵੀ ਖੜ੍ਹਾ ਹੋ ਗਿਆ ਹੈ। ਮੀਡੀਆ ਰਿਪੋਰਟਾਂ ਅਤੇ ਕਾਨੂੰਨੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਸੰਭਾਵਿਤ ਤਲਾਕ ਦੀ ਕੋਈ ਸਥਿਤੀ ਬਣਦੀ ਹੈ ਤਾਂ ਜੇਨਸਨ ਨੂੰ ਆਪਣੀ ਪਤਨੀ ਲੋਰੀ ਹੁਆਂਗ ਨੂੰ ਅੱਧੀ ਜਾਇਦਾਦ ਦੇਣੀ ਪਵੇਗੀ, ਜੋ ਲਗਭਗ 70 ਤੋਂ 80 ਅਰਬ ਡਾਲਰ ਬਣਦੀ ਹੈ। ਕੁਝ ਸ਼ੇਅਰਧਾਰਕਾਂ ਅਤੇ ਨਿਵੇਸ਼ਕਾਂ ਨੇ ਐਨਵੀਡੀਆ ਅਤੇ ਜੇਨਸਨ ਦੇ ਖਿਲਾਫ ਅਦਾਲਤ ’ਚ ਮੁਕੱਦਮਾ ਦਰਜ ਕਰਵਾਇਆ ਹੈ ਕਿ ਹੁਆਂਗ ਅਤੇ ਕੰਪਨੀ ਨੇ ਇਨ੍ਹਾਂ ਸੰਵੇਦਨਸ਼ੀਲ ਸਬੰਧਾਂ ਨੂੰ ਲੁਕਾ ਕੇ ਸ਼ੇਅਰਧਾਰਕਾਂ ਨਾਲ ਧੋਖਾ ਕੀਤਾ ਹੈ।
ਹੁਣ ਗੱਲ ਕਰਦੇ ਹਾਂ ਐਲਿਸ ਹੁਆਂਗ ਦੀ। ਉਨ੍ਹਾਂ ਨੂੰ ਹੁਆਂਗ ਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਸਿੰਗਾਪੁਰ ਸਥਿਤ ਡਾਟਾ ਸੈਂਟਰ ਕੰਪਨੀ ਮੇਗਾਸਪੀਡ ਇੰਟਰਨੈਸ਼ਨਲ ਦੀ ਪੁਰਾਣੀ ਚੋਟੀ ਦੀ ਅਧਿਕਾਰੀ ਅਤੇ ਇਕ ਚੀਨੀ ਕਾਰੋਬਾਰੀ ਮਹਿਲਾ ਹੈ ਪਰ ਉਨ੍ਹਾਂ ਦੀ ਇਕ ਬਿਲਕੁਲ ਵੱਖਰੀ ਪਛਾਣ ਅਮਰੀਕੀ ਖੁਫੀਆ ਰਿਪੋਰਟ ਅਤੇ ਇਕ ਕਲਾਸੀਫਾਈਡ ਮੇਮੋ ’ਚ ਦੱਸੀ ਗਈ ਹੈ। ਇਸ ਅਨੁਸਾਰ ਐਲਿਸ ਹੁਆਂਗ ਨੂੰ ਚੀਨ ਦੀ ਮੁੱਖ ਖੁਫੀਆ ਏਜੰਸੀ ‘ਮਿਨਿਸਟਰੀ ਆਫ਼ ਸਟੇਟ ਸਕਿਓਰਿਟੀ’ (ਐੱਮ. ਐੱਸ. ਐੱਸ.) ਦੁਆਰਾ ਭਰਤੀ ਕੀਤਾ ਗਿਆ ਸੀ। ਐਲਿਸ ਨੂੰ ਇਕੋ ਹੀ ਮਿਸ਼ਨ ਸੌਂਪਿਆ ਗਿਆ ਸੀ—ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਏ. ਆਈ. ਚਿੱਪ ਨਿਰਮਾਤਾ, ਐਨਵੀਡੀਆ ਦੇ ਪ੍ਰਮੁੱਖ ਜੇਨਸਨ ਹੁਆਂਗ ਦੇ ਕਰੀਬ ਪਹੁੰਚਣਾ।
ਐਲਿਸ ’ਤੇ ਸ਼ੱਕ ਦੀ ਮੁੱਖ ਵਜ੍ਹਾ ਇਹ ਹੈ ਕਿ ਭਾਵੇਂ ਉਨ੍ਹਾਂ ਨੂੰ ਡਾਟਾ ਸੈਂਟਰ ਕੰਪਨੀ ਦੀ ਚੋਟੀ ਦੀ ਅਧਿਕਾਰੀ ਬਣਾਇਆ ਗਿਆ, ਪਰ ਉਨ੍ਹਾਂ ਦਾ ਤਕਨੀਕੀ ਖੇਤਰ ਨਾਲ ਜੁੜਿਆ ਕੋਈ ਬੈਕਗ੍ਰਾਊਂਡ ਨਹੀਂ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਚੀਨ ’ਚ ਇਕ ਟੀ. ਵੀ. ਰਿਪੋਰਟਰ ਅਤੇ ਵਿੱਤੀ ਵਿਸ਼ਲੇਸ਼ਕ ਵਜੋਂ ਕੀਤੀ ਸੀ। ਸਾਲ 2022-23 ’ਚ ਉਹ ਅਚਾਨਕ ਗਲੋਬਲ ਟੈਕ ਇੰਡਸਟਰੀ ਦੇ ਸਭ ਤੋਂ ਉੱਚੇ ਪਾਇਦਾਨਾਂ ’ਤੇ ਪਹੁੰਚ ਗਈ ਅਤੇ ਮੇਗਾਸਪੀਡ ਦੀ ਚੋਟੀ ਦੀ ਅਧਿਕਾਰੀ ਅਤੇ ਕੰਟਰੋਲਿੰਗ ਸ਼ੇਅਰਹੋਲਡਰ ਬਣ ਗਈ। ਉਨ੍ਹਾਂ ਦੀ ਇਸ ਰਹੱਸਮਈ ਤਰੱਕੀ ਨੇ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਐਲਿਸ ਅਤੇ ਉਨ੍ਹਾਂ ਦੀ ਕੰਪਨੀ ਮੇਗਾਸਪੀਡ ਦੱਖਣੀ-ਪੂਰਬੀ ਏਸ਼ੀਆ ’ਚ ਐਨਵੀਡੀਆ ਚਿਪਸ ਦੀ ਸਭ ਤੋਂ ਵੱਡੀ ਖਰੀਦਦਾਰ ਬਣ ਕੇ ਉੱਭਰੀ। ਐਲਿਸ ਨੇ ਜਾਣਬੁੱਝ ਕੇ ਜੇਨਸਨ ਨਾਲ ਨਜ਼ਦੀਕੀਆਂ ਵਧਾਈਆਂ ਅਤੇ ਗੁਪਤ ਪ੍ਰੇਮ ਸਬੰਧ ਸਥਾਪਿਤ ਕੀਤੇ। ਏਜੰਸੀਆਂ ਨੂੰ ਡਰ ਹੈ ਕਿ ਇਸ ਨਿੱਜੀ ਰਿਸ਼ਤੇ ਦੀ ਆੜ ’ਚ ਉਨ੍ਹਾਂ ਨੇ ਅਮਰੀਕੀ ਏ. ਆਈ. ਤਕਨੀਕ ਅਤੇ ਐਨਵੀਡੀਆ ਦੀਆਂ ਵਪਾਰਕ ਰਣਨੀਤੀਆਂ ਨਾਲ ਜੁੜੀ ਬੇਹੱਦ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਚੀਨ ਤੱਕ ਪਹੁੰਚਾਈ।
ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਅਫੇਅਰ ਕਰੀਬ ਇਕ ਤੋਂ ਡੇਢ ਸਾਲ ਤੱਕ ਚੱਲਿਆ। ਅਕਤੂਬਰ 2025 ’ਚ ਅਮਰੀਕੀ ਵਣਜ ਵਿਭਾਗ ਨੇ ਮੇਗਾਸਪੀਡ ਦੇ ਪਾਬੰਦੀ ਲੱਗੇ ਚਿਪਸ ਨੂੰ ਚੀਨ ਭੇਜਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤਾਂ ਇਹ ਗੱਲ ਮੀਡੀਆ ’ਚ ਲੀਕ ਹੋ ਗਈ। ਉਸ ਤੋਂ ਬਾਅਦ ਉਸੇ ਸਾਲ ਐਲਿਸ ਹੁਆਂਗ ਨੇ ਮੇਗਾਸਪੀਡ ਕੰਪਨੀ ਦੇ ਬੋਰਡ ਤੋਂ ਪੂਰੀ ਤਰ੍ਹਾਂ ਅਸਤੀਫ਼ਾ ਦੇ ਦਿੱਤਾ। ਇਸ ਤਰ੍ਹਾਂ ਉਹ ਬਿਜ਼ਨੈੱਸ ਸਰਕਲਸ ਤੋਂ ਅਚਾਨਕ ਪੂਰੀ ਤਰ੍ਹਾਂ ਗਾਇਬ ਹੋ ਗਈ। ਐਲਿਸ ਹੁਆਂਗ ਹੁਣ ਕਿੱਥੇ ਹੈ, ਇਸ ਦੀ ਕੋਈ ਸਟੀਕ ਜਾਂ ਅਧਿਕਾਰਤ ਜਾਣਕਾਰੀ ਹੁਣ ਜਨਤਕ ਰੂਪ ’ਚ ਨਹੀਂ ਹੈ। ਉਸਦਾ ਮੌਜੂਦਾ ਠਿਕਾਣਾ ਪੂਰੀ ਤਰ੍ਹਾਂ ਅਗਿਆਤ ਹੈ। ਉਸ ਦੇ ਨਿੱਜੀ ਵੀਚੈਟ ਅਕਾਊਂਟ, ਈਮੇਲ ਐਡਰੈੱਸ ਵੀ ਪੂਰੀ ਤਰ੍ਹਾਂ ਡਿਲੀਟ ਕਰ ਦਿੱਤੇ ਗਏ ਹਨ। ਇਸ ਤਰ੍ਹਾਂ ਉਸ ਦੇ ਸਾਰੇ ਡਿਜੀਟਲ ਫੁੱਟਪ੍ਰਿੰਟ ਹਟਾ ਦਿੱਤੇ ਗਏ ਹਨ ਅਤੇ ਉਸ ਨੂੰ ਤਕਨੀਕੀ ਤੌਰ ’ਤੇ ਟਰੇਸ ਕਰਨਾ ਵੀ ਮੁਸ਼ਕਲ ਹੋ ਗਿਆ ਹੈ।
ਅੰਤਰਰਾਸ਼ਟਰੀ ਪੱਧਰ ’ਤੇ ਇਸ ਨੂੰ ਅਧਿਕਾਰਤ ਤੌਰ ’ਤੇ ਇਕ ਕਾਰਪੋਰੇਟ ਸੰਕਟ ਅਤੇ ਸੁਰੱਖਿਆ ਖੁੰਝਾਹਟ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਇਸ ਲਈ ਅਮਰੀਕੀ ਸੁਰੱਖਿਆ ਏਜੰਸੀਆਂ ਅਤੇ ਸੰਸਦ ਇਸ ਮਾਮਲੇ ਨੂੰ ਲੈ ਕੇ ਬੇਹੱਦ ਗੰਭੀਰ ਹੈ, ਤਾਂ ਚੀਨ ਸਰਕਾਰ ਇਸ ’ਤੇ ਸਫ਼ਾਈ ਦੇਣ ਨੂੰ ਮਜਬੂਰ ਹੋਈ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਐਨਵੀਡੀਆ ਪ੍ਰਮੁੱਖ ਦੀ ਜਾਸੂਸੀ ਦੇ ਦੋਸ਼ਾਂ ਨੂੰ ਨਕਾਰਿਆ ਹੈ ਅਤੇ ਇਸ ਨੂੰ ਚੀਨ ਦਾ ਅਕਸ ਖਰਾਬ ਕਰਨ ਦਾ ਯਤਨ ਦੱਸਿਆ ਹੈ। ਇਸ ਪੂਰੇ ਕਾਂਡ ਦੇ ਬੇਹੱਦ ਨਾਜ਼ੁਕ ਰਾਜਦੂਤੀ ਅਤੇ ਭੂ-ਰਾਜਨੀਤਿਕ ਅਸਰ ਹਨ, ਕਿਉਂਕਿ ਇਹ ਮਾਮਲਾ ਸਿੱਧੇ ਤੌਰ ’ਤੇ ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੀ ‘ਟੈਕ ਵਾਰ’ (ਤਕਨੀਕ ਯੁੱਧ) ਦੇ ਕੇਂਦਰ ’ਚ ਆ ਗਿਆ ਹੈ। ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸੈਮੀਕੰਡਕਟਰ ਦਬਦਬੇ ਦੀ ਲੜਾਈ ਦਾ ਹਥਿਆਰ ਬਣ ਗਿਆ ਹੈ।
ਭਾਰਤ ਵਰਗੇ ਦੇਸ਼ ਲਈ ਵੀ ਇਹ ਇਕ ਸਬਕ ਹੈ, ਜਿੱਥੇ ਪਾਕਿਸਤਾਨ ਅਤੇ ਚੀਨ ਦੀਆਂ ਖੁਫੀਆ ਏਜੰਸੀਆਂ ਸੰਵੇਦਨਸ਼ੀਲ ਜਾਣਕਾਰੀਆਂ ਪ੍ਰਾਪਤ ਕਰਨ ਲਈ ਅਕਸਰ ‘ਹਨੀਟ੍ਰੈਪ’ ਦੀ ਵਰਤੋਂ ਕਰਦੀਆਂ ਰਹਿੰਦੀਆਂ ਹਨ। ਇਸ ਤੋਂ ਪਹਿਲਾਂ ਦੁਨੀਆ ਨੇ ਐਪਸਟੀਨ ਫਾਈਲਾਂ ਦੇ ਰੂਪ ’ਚ ਹਨੀਟ੍ਰੈਪ ਦੇ ਸਭ ਤੋਂ ਘਿਨਾਉਣੇ ਰੂਪ ਨੂੰ ਦੇਖਿਆ ਹੈ, ਜਿਸ ਦੀ ਦਲਦਲ ’ਚ ਦੁਨੀਆ ਦੀਆਂ ਕਈ ਪ੍ਰਮੁੱਖ ਹਸਤੀਆਂ ਫਸੀਆਂ ਨਜ਼ਰ ਆਈਆਂ। ਅਜਿਹੇ ਕਾਂਡ ਸਪੱਸ਼ਟ ਕਰਦੇ ਹਨ ਕਿ ਦੁਨੀਆ ਦੀਆਂ ਮਹਾਸ਼ਕਤੀਆਂ ’ਚ ਦਬਦਬੇ ਦੀ ਲੜਾਈ ਹੁਣ ਸਿਰਫ਼ ਜਾਨਲੇਵਾ ਹਥਿਆਰਾਂ ਨਾਲ ਨਹੀਂ ਲੜੀ ਜਾ ਰਹੀ, ਵਿਸ਼ਕੰਨਿਆਂ ਅੱਜ ਵੀ ਪ੍ਰਾਸੰਗਿਕ ਹਨ। ਏ. ਆਈ. ਦੇ ਅੱਜ ਦੇ ਦੌਰ ’ਚ ਹੁਣ ਵਿਸ਼ਵਾਸ ਕਰਨਾ ਵੀ ਜੋਖ਼ਮ ਭਰਿਆ ਹੋ ਗਿਆ ਹੈ। ...ਪ੍ਰੇਮ ਜਾਂ ਫਿਰ ਇਸ ’ਚ ਅੱਗੇ ਵਧਣ ਦੇ ਖ਼ਤਰੇ ਹੁਣ ਹੋਰ ਜ਼ਿਆਦਾ ਹਨ, ਜਿਸਦੀ ਕੀਮਤ ਤੁਹਾਡੀ ਔਕਾਤ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਭਾਵਨਾਤਮਕ ਤੌਰ ’ਤੇ ਵੀ ਖ਼ਤਰੇ ਵਧਦੇ ਜਾ ਰਹੇ ਹਨ। ਵਿਸ਼ਵਾਸ ਸ਼ਬਦ ਦੇ ਅਰਥ ’ਤੇ ਹੁਣ ਫਿਰ ਤੋਂ ਬਹਿਸ ਹੋਵੇਗੀ।
—ਅਕੂ ਸ਼੍ਰੀਵਾਸਤਵ
ਕੀ ਪੈਸੇ ਨਾਲ ਜ਼ਿੰਦਗੀ ਦੀਆਂ ਖੁਸ਼ੀਆਂ ਖਰੀਦੀਆਂ ਜਾ ਸਕਦੀਆਂ ਹਨ?
NEXT STORY