ਨਵੀਂ ਦਿੱਲੀ — ਈ. ਡੀ. ਨੇ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ (62) ਨੂੰ ਇਥੇ ਐਤਵਾਰ ਤੜਕੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਤੋਂ ਬਾਅਦ ਈ. ਡੀ. ਨੇ ਕਪੂਰ ਨੂੰ ਇਕ ਅਦਾਲਤ ਸਾਹਮਣੇ ਪੇਸ਼ ਕੀਤਾ, ਜਿਸ ਨੇ ਉਸ ਨੂੰ 11 ਮਾਰਚ ਤੱਕ ਜਾਂਚ ਏਜੰਸੀ ਦੀ ਹਿਰਾਸਤ ’ਚ ਭੇਜੇ ਜਾਣ ਦਾ ਹੁਕਮ ਦਿੱਤਾ।
ਰਾਣਾ ਨੇ ਯੈੱਸ ਬੈਂਕ ’ਚੋਂ ਆਪਣੇ ਪੂਰੇ ਸ਼ੇਅਰ ਕਿਉਂ ਵੇਚੇ?
ਈ. ਡੀ. ਦੇ ਅਧਿਕਾਰੀ ਜਾਣਨਾ ਚਾਹੁੰਦੇ ਹਨ ਕਿ ਆਖਿਰ ਅਜਿਹਾ ਕੀ ਹੋਇਆ ਸੀ ਕਿ ਨਵੰਬਰ 2019 ’ਚ ਰਾਣਾ ਕਪੂਰ ਨੇ ਯੈੱਸ ਬੈਂਕ ’ਚੋਂ ਆਪਣੇ ਪੂਰੇ ਸ਼ੇਅਰ ਵੇਚ ਦਿੱਤੇ ਸਨ ਜਦਕਿ ਉਹ ਵਾਰ-ਵਾਰ ਕਹਿੰਦੇ ਆ ਰਹੇ ਸਨ ਕਿ ਯੈੱਸ ਬੈਂਕ ’ਚੋਂ ਕਦੇ ਵੀ ਆਪਣੇ ਸ਼ੇਅਰ ਨਹੀਂ ਵੇਚਣਗੇ। ਉਹ ਇਸ ਨੂੰ ਆਪਣਾ ‘ਡਾਇਮੰਡ’ ਦੱਸਦੇ ਸਨ।
ਈ. ਡੀ. ਦੀ ਰਾਣਾ ਕਪੂਰ ਖਿਲਾਫ ਜਾਂਚ ’ਚ 2 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼, 44 ਮਹਿੰਗੀਆਂ ਪੇਂਟਿੰਗਸ ਅਤੇ ਇਕ ਦਰਜਨ ਤੋਂ ਜ਼ਿਆਦਾ ਫਰਜ਼ੀ ਕੰਪਨੀਆਂ ਜਾਂਚ ਦੇ ਘੇਰੇ ’ਚ ਹਨ। ਜਾਂਚ ਏਜੰਸੀ ਨੂੰ ਕੁਝ ਅਜਿਹੇ ਦਸਤਾਵੇਜ਼ ਵੀ ਮਿਲੇ ਹਨ, ਜੋ ਦੱਸਦੇ ਹਨ ਕਿ ਕਪੂਰ ਪਰਿਵਾਰ ਦੀ ਲੰਡਨ ’ਚ ਵੀ ਕੁਝ ਜਾਇਦਾਦ ਹੈ।
ਹੁਣ ਉਸ ਜਾਇਦਾਦ ਦੀ ਖਰੀਦ ਲਈ ਵਰਤੇ ਗਏ ਖਜ਼ਾਨੇ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਕਪੂਰ ਪਰਿਵਾਰ ਵਲੋਂ 2000 ਕਰੋੜ ਰੁਪਏ ਦਾ ਨਿਵੇਸ਼ ਅਤੇ ਇਕ ਦਰਜਨ ਤੋਂ ਜ਼ਿਆਦਾ ਫਰਜ਼ੀ ਕੰਪਨੀਆਂ ਬਾਰੇ ਜਾਣਕਾਰੀ ਮਿਲੀ। ਇਨ੍ਹਾਂ ਫਰਜ਼ੀਆਂ ਕੰਪਨੀਆਂ ਦੀ ਵਰਤੋਂ ਰਿਸ਼ਵਤ ਦੀ ਹੇਰਾਫੇਰੀ ਲਈ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਕਪੂਰ ਪਰਿਵਾਰ ਕੋਲੋਂ 44 ਮਹਿੰਗੀਆਂ ਪੇਂਟਿੰਗਜ਼ ਮਿਲੀਆਂ, ਜਿਨ੍ਹਾਂ ’ਚ ਕੁਝ ਰਾਜਨੇਤਾਵਾਂ ਕੋਲੋਂ ਖਰੀਦੀਆਂ ਗਈਆਂ।
ਪਤਨੀ ਤੇ 3 ਬੇਟੀਆਂ ਦੀਆਂ ਕੰਪਨੀਆਂ ਦੀਆਂ ਤਲਾਸ਼ੀਆਂ
ਈ. ਡੀ. ਨੇ ਸ਼ਨੀਵਾਰ ਨੂੰ ਮਾਮਲੇ ਵਿਚ ਆਪਣੀ ਜਾਂਚ ਦਾ ਦਾਇਰਾ ਵਧਾਉਂਦੇ ਹੋਏ ਅਤੇ ਸਬੂਤ ਜਮ੍ਹਾ ਕਰਨ ਲਈ ਦਿੱਲੀ ਤੇ ਮੁੰਬਈ ਵਿਚ ਕਪੂਰ ਦੀਆਂ 3 ਧੀਆਂ ਦੇ ਕੰਪਲੈਕਸਾਂ ਦੀਆਂ ਤਲਾਸ਼ੀਆਂ ਲਈਆਂ। ਅਧਿਕਾਰੀਆਂ ਅਨੁਸਾਰ ਕਪੂਰ ਦੀ ਪਤਨੀ ਬਿੰਦੂ ਤੇ ਧੀਆਂ ਰਾਖੀ ਕਪੂਰ ਟੰਡਨ, ਰੌਸ਼ਨੀ ਕਪੂਰ ਤੇ ਰਾਧਾ ਕਪੂਰ ਉਨ੍ਹਾਂ ਕੰਪਨੀਆਂ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਵਿਚ ਮੁਜਰਮਾਨਾ ਸਰਗਰਮੀਆਂ ਦਾ ਪਤਾ ਲੱਗਾ ਹੈ।
ਈ. ਡੀ. ਨੇ ਕਿਹਾ-ਸਹਿਯੋਗ ਨਾ ਕਰਨ ’ਤੇ ਕੀਤਾ ਗ੍ਰਿਫਤਾਰ
ਈ. ਡੀ. ਨੇ ਰਾਣਾ ਕਪੂਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ’ਚ ਪੇਸ਼ ਕਰਦੇ ਹੋਏ ਕਿਹਾ ਕਿ ਬੈਂਕਰ ਨੂੰ ਤੜਕੇ ਤਕਰੀਬਨ 3 ਵਜੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ.ਐੱਲ.ਏ.) ਦੀਆਂ ਿਵਵਸਥਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ, ਕਿਉਂਕਿ ਉਹ 30 ਘੰਟੇ ਚੱਲੀ ਪੁੱਛਗਿੱਛ ’ਚ ਸਹਿਯੋਗ ਨਹੀਂ ਦੇ ਰਹੇ ਸਨ। ਈ. ਡੀ. ਨੇ ਕਿਹਾ ਕਿ ਕਪੂਰ ਦੇ ਪਰਿਵਾਰ ਵਲੋਂ ਚਲਾਈਆਂ ਜਾ ਰਹੀਆਂ ਕੁਝ ਕੰਪਨੀਆਂ ਦੀ ਭੂਮਿਕਾ ਸਥਾਪਿਤ ਕੀਤੇ ਜਾਣ ਅਤੇ ਇਨ੍ਹਾਂ ਸਾਰੇ ਲੋਕਾਂ ਨੂੰ ਦੋਸ਼ੀ ਦੇ ਸਾਹਮਣੇ ਲਿਆਉਣ ਦੀ ਲੋੜ ਹੈ। ਬਚਾਅ ਧਿਰ ਦੇ ਵਕੀਲ ਨੇ ਕਿਹਾ ਕਿ ਕਪੂਰ ਨੂੰ ਈ. ਡੀ. ਨੇ ਚੁਣ ਕੇ ਨਿਸ਼ਾਨਾ ਬਣਾਇਆ ਹੈ ਜਦਕਿ ਉਹ ਜਾਂਚ ਏਜੰਸੀ ਨੂੰ ਸਹਿਯੋਗ ਦੇ ਰਹੇ ਹਨ। ਕਪੂਰ ਨੇ ਅਦਾਲਤ ’ਚ ਕਿਹਾ, ‘‘ਅਸੀਂ ਸਹਿਯੋਗ ਲਈ ਤਿਆਰ ਹਾਂ ਅਤੇ ਏਜੰਸੀ ਜੋ ਦਸਤਾਵੇਜ਼ ਚਾਹੁੰਦੀ ਹੈ, ਉਹ ਦੇਣ ਲਈ ਰਾਜ਼ੀ ਹਾਂ। ਮੈਂ ਉਨ੍ਹਾਂ ਨਾਲ ਪੂਰਾ ਸਹਿਯੋਗ ਕੀਤਾ ਹੈ।’’
ਇਹ ਖਬਰ ਵੀ ਜ਼ਰੂਰ ਪੜ੍ਹੋ : ਰਾਣਾ ਕਪੂਰ ਨੇ ਪ੍ਰਿਯੰਕਾ ਗਾਂਧੀ ਤੋਂ ਖਰੀਦੀ ਸੀ ਰਾਜੀਵ ਦੀ ਪੇਂਟਿੰਗ, ਅਦਾਇਗੀ ਹੋਈ ਚੈੱਕ ਰਾਹੀਂ
ਪੂਰੇ ਪਰਿਵਾਰ ਖਿਲਾਫ ਲੁੱਕ ਆਊਟ ਸਰਕੂਲਰ, ਬੇਟੀ ਨੂੰ ਲੰਡਨ ਜਾਣ ਤੋਂ ਰੋਕਿਆ
ਮੁੰਬਈ : ਰਾਣਾ ਕਪੂਰ ਦੇ ਪੂਰੇ ਪਰਿਵਾਰ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ ਹੋ ਗਿਆ, ਜਿਸ ਤੋਂ ਬਾਅਦ ਰਾਣਾ ਕਪੂਰ ਦੀ ਬੇਟੀ ਰੌਸ਼ਨੀ ਕਪੂਰ ਨੂੰ ਲੰਡਨ ਜਾਣ ਤੋਂ ਰੋਕਿਆ ਗਿਆ ਹੈ। ਉਹ ਭਾਰਤ ਛੱਡਣ ਦੀ ਤਾਕ ’ਚ ਸੀ ਅਤੇ ਮੁੰਬਈ ਏਅਰਪੋਰਟ ਤੋਂ ਲੰਡਨ ਜਾ ਰਹੀ ਪਰ ਉਸ ਨੂੰ ਏਅਰਪੋਰਟ ’ਤੇ ਰੋਕ ਦਿੱਤਾ ਗਿਆ। ਉੱਥੇ ਹੀ ਰਾਣਾ ਕਪੂਰ ਦੇ ਜਵਾਈ ਆਦਿੱਤਯ ਖਿਲਾਫ ਵੀ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ।
ਯੈੱਸ ਬੈਂਕ ’ਤੇ ਬਾਂਡ ਦੇ 662 ਕਰੋਡ਼ ਰੁਪਏ ਬਕਾਇਆ : ਇੰਡੀਆਬੁਲਸ ਹਾਊਸਿੰਗ ਫਾਈਨਾਂਸ
ਇੰਡੀਆਬੁਲਸ ਹਾਊਸਿੰਗ ਫਾਈਨਾਂਸ ਕੰਪਨੀ ਨੇ ਕਿਹਾ ਕਿ ਯੈੱਸ ਬੈਂਕ ਕੋਲ ਬਾਂਡ ਦੇ ਰੂਪ ’ਚ ਕੰਪਨੀ ਦੇ 662 ਕਰੋਡ਼ ਰੁਪਏ ਹਨ ਅਤੇ ਉਸ ’ਤੇ ਬੈਂਕ ਦਾ ਕੋਈ ਟਰਮ ਲੋਨ ਬਕਾਇਆ ਨਹੀਂ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ,‘‘ਅਸੀਂ ਦੱਸਣਾ ਚਾਹੁੰਦੇ ਹਨ ਕਿ ਯੈੱਸ ਬੈਂਕ ’ਤੇ ਵਾਧੂ ਟੀਅਰ ਵਨ (ਏ. ਟੀ.-1) ਬਾਂਡ ਦੇ ਰੂਪ ’ਚ ਇੰਡੀਆਬੁਲਸ ਹਾਊਸਿੰਗ ਫਾਈਨਾਂਸ ਦੇ 662 ਕਰੋਡ਼ ਰੁਪਏ ਬਕਾਇਆ ਹਨ।’’
ਇੰਡੀਆਬੁਲਸ ਨੇ ਦੱਸਿਆ ਕਿ 20,000 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਨਕਦ ਫੰਡ ਦੇ ਪ੍ਰਬੰਧਨ ਤਹਿਤ ਉਸ ਨੇ 2017 ’ਚ ਯੈੱਸ ਬੈਂਕ ਦੇ ਏ. ਟੀ.-1 ਬਾਂਡ ’ਚ ਨਿਵੇਸ਼ ਕੀਤਾ ਗਿਆ ਸੀ, ਜਦੋਂ ਬੈਂਕ ਦੀ ਬਾਜ਼ਾਰ ਹੈਸੀਅਤ 10 ਅਰਬ ਡਾਲਰ ਤੋਂ ਜ਼ਿਆਦਾ ਦੀ ਸੀ। ਕੰਪਨੀ ਨੇ ਕਿਹਾ,‘‘ਇੰਡੀਆਬੁਲਸ ਹਾਊਸਿੰਗ ਫਾਈਨਾਂਸ ’ਤੇ ਇਸ ਬੈਂਕ ਦਾ ਕੋਈ ਵੀ ਟਰਮ ਲੋਨ ਬਕਾਇਆ ਨਹੀਂ ਹੈ।’’ ਇਸ ਗੈਰ-ਬੈਂਕਿੰਗ ਵਿੱਤੀ ਕੰਪਨੀ ਨੇ ਕਿਹਾ ਕਿ ਇੰਡੀਆਬੁਲਸ ਹਾਊਸਿੰਗ ਫਾਈਨਾਂਸ ਦੇ ਪ੍ਰਮੋਟਰ ਸਮੀਰ ਗਹਿਲੋਤ ਜਾਂ ਉਸ ਦੀ ਕਿਸੇ ਕੰਪਨੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਕਿਸੇ ਕੰਪਨੀ ’ਤੇ ਯੈੱਸ ਬੈਂਕ ਦਾ ਕੋਈ ਵੀ ਕਰਜ਼ਾ ਬਕਾਇਆ ਨਹੀਂ ਹੈ।
ਬੈਂਕ ਦੇ ਖਾਤਾਧਾਰਕ ਹੁਣ ਕਿਸੇ ਵੀ ਏ. ਟੀ. ਐੱਮ. ’ਚੋਂ ਕਢਵਾ ਸਕਣਗੇ ਪੈਸੇ
ਲੰਮੀਆਂ-ਲੰਮੀਆਂ ਲਾਈਨਾਂ ’ਚ ਲੱਗੇ ਯੈੱਸ ਬੈਂਕ ਦੇ ਖਾਤਾਧਾਰਕਾਂ ਲਈ ਚੰਗੀ ਖਬਰ ਹੈ। ਬੈਂਕ ਨੇ ਸ਼ਨੀਵਾਰ ਦੇਰ ਰਾਤ ਟਵੀਟ ਕਰ ਕੇ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਕਿ ਉਹ ਹੁਣ ਆਪਣੇ ਡੈਬਿਟ ਕਾਰਡ ਜ਼ਰੀਏ ਕਿਸੇ ਵੀ ਬੈਂਕ ਦੇ ਏ. ਟੀ. ਐੱਮ. ’ਚੋਂ ਪੈਸੇ ਕਢਵਾ ਸਕਦੇ ਹਨ। ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਲਾਗੂ ਹੋਣ ਵਾਲਾ ਆਰ.ਬੀ.ਆਈ. ਦਾ ਇਹ ਨਿਰਦੇਸ਼ 3 ਅਪ੍ਰੈਲ 2020 ਤੱਕ ਪ੍ਰਭਾਵੀ ਰਹੇਗਾ।
ਇਹ ਖਬਰ ਵੀ ਜ਼ਰੂਰ ਪੜ੍ਹੋ : Yes Bank : ਰਾਣਾ ਕਪੂਰ ਦੇ ਟਿਕਾਣਿਆਂ 'ਤੇ CBI ਦੀ ਛਾਪੇਮਾਰੀ, FIR 'ਚ ਪਤਨੀ-ਬੇਟੀਆਂ ਦੇ ਨਾਂ ਸ਼ਾਮਲ
ਕਮਜ਼ੋਰ ਹੋ ਕੇ 74.03 ਦੇ ਪੱਧਰ 'ਤੇ ਖੁੱਲ੍ਹਿਆ ਰੁਪਿਆ
NEXT STORY