ਨਵੀਂ ਦਿੱਲੀ (ਯੂ. ਐੱਨ. ਆਈ.) – ਨਿੱਜੀ ਖੇਤਰ ਦੀ ਏਅਰਲਾਈਨ ਕੰਪਨੀ ਏਅਰ ਏਸ਼ੀਆ ਇੰਡੀਆ ਨੇ ਦੱਸਿਆ ਕਿ ਉਸ ਨੇ ਸਾਰੀਆਂ ਉਡਾਣਾਂ ’ਚ ਖਾਣ-ਪੀਣ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਕੋਵਿਡ-19 ਸਬੰਧੀ ਪਾਬੰਦੀਆਂ ’ਚ ਢਿੱਲ ਦੇਣ ਦੇ ਕੇਂਦਰ ਸਰਕਾਰ ਦੇ 16 ਨਵੰਬਰ ਦੇ ਫੈਸਲੇ ਤੋਂ ਬਾਅਦ ਉਸ ਵਲੋਂ ਇਹ ਕਦਮ ਚੁੱਕਿਆ ਗਿਆ ਹੈ। ਸਰਕਾਰ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਰੋਕਥਾਮ ਦੇ ਉਪਾਅ ਅਧੀਨ 2 ਘੰਟੇ ਤੋਂ ਘੱਟ ਸਮੇਂ ਦੀਆਂ ਉਡਾਣਾਂ ’ਚ ਭੋਜਨ ਸਮੱਗਰੀ ਪਰੋਸਣ ’ਤੇ ਰੋਕ ਲਗਾ ਦਿੱਤੀ ਸੀ।
ਏਅਰ ਏਸ਼ੀਆ ਨੇ ਕਿਹਾ ਕਿ ਉਸ ਦੇ ਮੁਸਾਫਰ 75 ਮਿੰਟ ਤੋਂ ਵੱਧ ਸਮੇਂ ਦੀਆਂ ਉਡਾਣਾਂ ’ਚ ਵੱਖ-ਵੱਖ ਤਰ੍ਹਾਂ ਦੇ ਭੋਜਨ ਅਤੇ ਪੀਣ ਵਾਲੇ ਤਰਲ ਪਦਾਰਥ ਪਹਿਲਾਂ ਤੋਂ ਬੁਕਿੰਗ ਕਰਵਾ ਸਕਦੇ ਹਨ। ਇਸ ਤੋਂ ਘੱਟ ਸਮੇਂ ਦੀਆਂ ਉਡਾਣਾਂ ’ਚ ਸਨੈਕਸ ਸਮੱਗਰੀ ਅਤੇ ਸੈਂਚਵਿਚ ਆਦਿ ਚੁਣ ਸਕਦੇ ਹਨ। ਏਅਰ ਏਸ਼ੀਆ ਇੰਡੀਆ ਦਾ ਮੁੱਖ ਦਫਤਰ ਬੇਂਗਲੁਰੂ ’ਚ ਹੈ। ਇਹ ਏਅਰਲਾਈਨ ਭਾਰਤ ਦੇ ਟਾਟਾ ਸੰਨਜ਼ ਅਤੇ ਮਲੇਸ਼ੀਆ ਦੀ ਏਅਰ ਏਸ਼ੀਆ ਇਨਵੈਸਟਮੈਂਟ ਲਿਮਟਿਡ ਦਾ ਸਾਂਝਾ ਉੱਦਮ ਹੈ। ਇਸ ਨੇ ਭਾਰਤ ’ਚ ਜੂਨ 2014 ’ਚ ਸੇਵਾਵਾਂ ਸ਼ੁਰੂ ਕੀਤੀਆਂ ਅਤੇ ਇਸ ਸਮੇਂ ਕੰਪਨੀ 50 ਸਿੱਧੇ ਮਾਰਗਾਂ ਅਤੇ 100 ਸੰਪਰਕ ਮਾਰਗਾਂ ਲਈ ਸੇਵਾਵਾਂ ਦੇ ਰਹੀ ਹੈ।
ਵੱਡੀ ਰਾਹਤ! ਹੁਣ ਨੌਕਰੀ ਬਦਲਣ 'ਤੇ ਵੀ PF ਖਾਤਾ ਟ੍ਰਾਂਸਫਰ ਕਰਵਾਉਣ ਦੀ ਨਹੀਂ ਹੋਵੇਗੀ ਜ਼ਰੂਰਤ
NEXT STORY