ਪ੍ਰਯਾਗਰਾਜ/ਕੇਰਲ- ਪ੍ਰਯਾਗਰਾਜ ਮਹਾਕੁੰਭ ਦੌਰਾਨ ਆਪਣੀਆਂ ਖੂਬਸੂਰਤ ਅੱਖਾਂ ਕਾਰਨ 'ਵਾਇਰਲ ਗਰਲ' ਵਜੋਂ ਮਸ਼ਹੂਰ ਹੋਈ ਮੋਨਾਲੀਸਾ ਭੋਸਲੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਚਰਚਾ ਉਸ ਦੀਆਂ ਅੱਖਾਂ ਦੀ ਨਹੀਂ, ਬਲਕਿ ਉਸ ਦੀ ਨਿੱਜੀ ਜ਼ਿੰਦਗੀ ਅਤੇ ਲਵ ਸਟੋਰੀ ਦੀ ਹੋ ਰਹੀ ਹੈ। ਖਬਰਾਂ ਅਨੁਸਾਰ, ਮੋਨਾਲੀਸਾ ਨੇ ਘਰੋਂ ਭੱਜ ਕੇ ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਆਪਣੇ ਮੁਸਲਿਮ ਪ੍ਰੇਮੀ ਫਰਮਾਨ ਖਾਨ ਨਾਲ ਵਿਆਹ ਕਰਵਾ ਲਿਆ ਹੈ ਅਤੇ ਪਰਿਵਾਰਕ ਵਿਰੋਧ ਦੇ ਡਰੋਂ ਕੇਰਲ ਵਿੱਚ ਪੁਲਸ ਦੀ ਸ਼ਰਨ ਲਈ ਹੈ।
ਪਰਿਵਾਰ 'ਤੇ ਲਗਾਏ ਗੰਭੀਰ ਦੋਸ਼
ਮੋਨਾਲੀਸਾ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਪਿਤਾ, ਜੈ ਸਿੰਘ ਭੋਸਲੇ, ਉਸ ਦੇ ਅਤੇ ਫਰਮਾਨ ਦੇ ਰਿਸ਼ਤੇ ਦੇ ਖਿਲਾਫ ਹਨ ਅਤੇ ਉਸ 'ਤੇ ਕਿਸੇ ਹੋਰ ਨੌਜਵਾਨ ਨਾਲ ਵਿਆਹ ਕਰਨ ਲਈ ਦਬਾਅ ਪਾ ਰਹੇ ਸਨ। ਇਸੇ ਦਬਾਅ ਅਤੇ ਵਿਰੋਧ ਕਾਰਨ ਉਸ ਨੇ ਆਪਣੇ ਘਰ ਤੋਂ ਦੂਰ ਕੇਰਲ ਵਿੱਚ ਸੁਰੱਖਿਅਤ ਜਗ੍ਹਾ ਲੱਭਣ ਦਾ ਫੈਸਲਾ ਕੀਤਾ।

ਫੇਸਬੁੱਕ ਤੋਂ ਸ਼ੁਰੂ ਹੋਈ ਸੀ ਲਵ ਸਟੋਰੀ
ਮੋਨਾਲੀਸਾ ਅਤੇ ਮਹਾਰਾਸ਼ਟਰ ਦੇ ਰਹਿਣ ਵਾਲੇ ਫਰਮਾਨ ਖਾਨ ਦੀ ਮੁਲਾਕਾਤ ਕਰੀਬ ਡੇਢ ਸਾਲ ਪਹਿਲਾਂ ਫੇਸਬੁੱਕ ਰਾਹੀਂ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਵਿੱਚ ਗੱਲਬਾਤ ਸ਼ੁਰੂ ਹੋਈ। ਜਾਣਕਾਰੀ ਅਨੁਸਾਰ, ਮੋਨਾਲੀਸਾ ਇੱਕ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਕੇਰਲ ਵਿੱਚ ਸੀ, ਜਿੱਥੇ ਉਹ ਆਪਣੇ ਪ੍ਰੇਮੀ ਨਾਲ ਤਿਰੂਵਨੰਤਪੁਰਮ ਦੇ ਥੰਪਨੂਰ ਪੁਲਿਸ ਸਟੇਸ਼ਨ ਪਹੁੰਚੀ ਅਤੇ ਸੁਰੱਖਿਆ ਦੀ ਗੁਹਾਰ ਲਗਾਈ।
ਮੋਨਾਲੀਸਾ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਉਸ ਦੇ ਪਿਤਾ ਨੂੰ ਥਾਣੇ ਬੁਲਾਇਆ। ਪੁਲਸ ਅਧਿਕਾਰੀਆਂ ਨੇ ਪਰਿਵਾਰ ਨੂੰ ਸਮਝਾਇਆ ਕਿ ਮੋਨਾਲੀਸਾ 18 ਸਾਲ ਦੀ ਹੋ ਚੁੱਕੀ ਹੈ ਅਤੇ ਕਾਨੂੰਨੀ ਤੌਰ 'ਤੇ ਉਹ ਇਹ ਤੈਅ ਕਰਨ ਦਾ ਅਧਿਕਾਰ ਰੱਖਦੀ ਹੈ ਕਿ ਉਹ ਕਿਸ ਨਾਲ ਰਹਿਣਾ ਚਾਹੁੰਦੀ ਹੈ। ਪੁਲਸ ਦੀ ਦਖਲਅੰਦਾਜ਼ੀ ਤੋਂ ਬਾਅਦ ਉਹ ਆਪਣੇ ਪ੍ਰੇਮੀ ਫਰਮਾਨ ਖਾਨ ਨਾਲ ਚਲੀ ਗਈ।
ਜ਼ਿਕਰਯੋਗ ਹੈ ਕਿ ਮਹਾਕੁੰਭ ਵਿੱਚ ਮਾਲਾ ਵੇਚਣ ਵਾਲੀ ਮੋਨਾਲੀਸਾ ਆਪਣੀ ਖੂਬਸੂਰਤੀ ਕਾਰਨ ਰਾਤੋ-ਰਾਤ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਅਦਾਕਾਰੀ ਦੀ ਦੁਨੀਆ ਵਿੱਚ ਵੀ ਪੈਰ ਰੱਖਿਆ ਹੈ।
ਈਰਾਨ 'ਚ ਫਸੇ 9000 ਭਾਰਤੀ ਵਿਦਿਆਰਥੀ ! ਭਾਰਤ ਸਰਕਾਰ ਨੇ ਬਣਾਇਆ ਮਦਦ ਦਾ ਪਲਾਨ
NEXT STORY