ਬੈਂਗਲੁਰੂ - ਕਦੇ ਜੋਤਿਸ਼ ਆਚਾਰੀਆ ਦੇ ਕੋਲ ਬੈਠ ਕੇ ਕੁੰਡਲੀ ਦਿਖਾਉਣ ਤੱਕ ਸੀਮਤ ਰਹਿਣ ਵਾਲਾ ਕਾਰੋਬਾਰ ਹੁਣ ਤੇਜ਼ੀ ਨਾਲ ਡਿਜੀਟਲ ਪਲੇਟਫਾਰਮ ਦਾ ਰੂਪ ਲੈ ਰਿਹਾ ਹੈ। ਆਨਲਾਈਨ ਜੋਤਿਸ਼, ਆਧਿਆਤਮਿਕ ਸੇਵਾਵਾਂ ਅਤੇ ਉਨ੍ਹਾਂ ਨਾਲ ਜੁੜੇ ਈ-ਕਾਮਰਸ ਕਾਰੋਬਾਰ ’ਚ ਨਿਵੇਸ਼ਕਾਂ ਦੀ ਦਿਲਚਸਪੀ ਵਧ ਰਹੀ ਹੈ। ਇਸ ਦੀ ਵੱਡੀ ਉਦਾਹਰਨ ਐਸਟ੍ਰੋਟਾਕ ਹੈ, ਜਿਸ ਨੇ ਵਿੱਤੀ ਸਾਲ 2025 ’ਚ 1 ਅਰਬ ਡਾਲਰ (9,580 ਕਰੋੜ ਰੁਪਏ) ਦੀ ਵੈਲਿਊਏਸ਼ਨ ਨਾਲ ਯੂਨੀਕਾਰਨ ਕਲੱਬ ’ਚ ਪ੍ਰਵੇਸ਼ ਕੀਤਾ। ਕੰਪਨੀ ਦਾ ਸੰਚਾਲਨ ਤੋਂ ਮਾਲੀਆ ਵਿੱਤੀ ਸਾਲ 2025 ’ਚ ਵਧ ਕੇ 1,176 ਕਰੋੜ ਰੁਪਏ ਪਹੁੰਚ ਗਿਆ, ਜਦੋਂਕਿ ਇਕ ਸਾਲ ਪਹਿਲਾਂ ਇਹ 651 ਕਰੋੜ ਰੁਪਏ ਸੀ।
ਮੁਨਾਫੇ ’ਚ ਵੀ ਜ਼ੋਰਦਾਰ ਉਛਾਲ : ਐਸਟ੍ਰੋਟਾਕ ਦਾ ਕਾਰੋਬਾਰ ਵਧਣ ਨਾਲ ਮੁਨਾਫੇ ’ਚ ਵੀ ਤੇਜ਼ੀ ਆਈ ਹੈ। ਕੰਪਨੀ ਦਾ ਟੈਕਸ ਤੋਂ ਪਹਿਲਾਂ ਲਾਭ ਵਿੱਤੀ ਸਾਲ 2025 ’ਚ 285 ਕਰੋੜ ਰੁਪਏ ਰਿਹਾ, ਜੋ ਇਸ ਤੋਂ ਪਿਛਲੇ ਸਾਲ 127 ਕਰੋੜ ਰੁਪਏ ਸੀ। ਭਾਵ ਇਕ ਸਾਲ ’ਚ ਟੈਕਸ ਤੋਂ ਪਹਿਲਾਂ ਲਾਭ ’ਚ ਲੱਗਭਗ ਦੁੱਗਣੇ ਤੋਂ ਵੱਧ ਦਾ ਵਾਧਾ ਹੋਇਆ। ਕੰਪਨੀ ਹੁਣ ਪਰੰਪਰਾਗਤ ਜੋਤਿਸ਼ ਸਲਾਹ ਤੋਂ ਅੱਗੇ ਵਧ ਕੇ ਡਿਜੀਟਲ ਸੇਵਾਵਾਂ, ਆਧਿਆਤਮਿਕ ਉਤਪਾਦਾਂ ਅਤੇ ਵਪਾਰਕ ਗਤੀਵਿਧੀਆਂ ਦਾ ਵਿਸਤਾਰ ਕਰ ਰਹੀ ਹੈ।
ਇੰਸਟਾਐਸਟ੍ਰੋ ਨੇ ਵੀ ਫੜੀ ਰਫ਼ਤਾਰ: ਪੰਜ ਸਾਲ ਪੁਰਾਣੇ ਪਲੇਟਫਾਰਮ ਇੰਸਟਾਐਸਟ੍ਰੋ ਦਾ ਕਾਰੋਬਾਰ ਵੀ ਤੇਜ਼ੀ ਨਾਲ ਵਧਿਆ ਹੈ। ਵਿੱਤੀ ਵਰ੍ਹੇ 2025 ਵਿੱਚ ਕੰਪਨੀ ਦਾ ਸਾਲਾਨਾ ਮਾਲੀਆ 52 ਕਰੋੜ ਰੁਪਏ ਸੀ, ਜੋ ਵਿੱਤੀ ਵਰ੍ਹੇ 2026 ਵਿੱਚ ਵਧ ਕੇ 111.26 ਕਰੋੜ ਰੁਪਏ ਪਹੁੰਚ ਗਿਆ। ਅਗਸਤ ਵਿੱਚ ਕੰਪਨੀ ਨੇ ਸਿੰਗੁਲੈਰਿਟੀ ਏ.ਐੱਮ.ਸੀ. ਅਰਥ ਵੈਂਚਰ ਫੰਡ ਦੀ ਅਗਵਾਈ ਵਿੱਚ 1.2 ਕਰੋੜ ਡਾਲਰ ਦੀ ਸੀਰੀਜ਼-ਏ ਫੰਡਿੰਗ ਜੁਟਾਈ। ਕੰਪਨੀ ਇਸ ਪੂੰਜੀ ਦੀ ਵਰਤੋਂ ਕ੍ਰਿਤ੍ਰਿਮ ਬੁੱਧੀ (ਏ.ਆਈ.) ਆਧਾਰਿਤ ਉਤਪਾਦਾਂ ਦੇ ਵਿਕਾਸ, ਬਹੁ-ਭਾਸ਼ਾਈ ਸਹਾਇਤਾ, ਪੂਜਾ ਅਤੇ ਆਧਿਆਤਮਿਕ ਵਣਜ ਦੇ ਵਿਸਤਾਰ ਵਿੱਚ ਕਰਨ ਦੀ ਤਿਆਰੀ ਵਿੱਚ ਹੈ।
ਨਿਵੇਸ਼ਕਾਂ ਦੀ ਵਧੀ ਦਿਲਚਸਪੀ: ਬਾਜ਼ਾਰ ਵਿੱਚ ਵਾਧਾ ਸਿਰਫ਼ ਐਸਟ੍ਰੋਟਾਕ ਅਤੇ ਇੰਸਟਾਐਸਟ੍ਰੋ ਤੱਕ ਸੀਮਤ ਨਹੀਂ ਹੈ। ਟ੍ਰੈਕਸਨ ਦੇ ਅੰਕੜਿਆਂ ਮੁਤਾਬਕ ਐਸਟ੍ਰੋਯੋਗੀ ਨੇ ਵਿੱਤੀ ਵਰ੍ਹੇ 2025 ਵਿੱਚ 96.3 ਕਰੋੜ ਰੁਪਏ ਦਾ ਮਾਲੀਆ ਕਮਾਇਆ, ਜੋ ਲਗਭਗ 13 ਪ੍ਰਤੀਸ਼ਤ ਦਾ ਵਾਧਾ ਹੈ। ਉੱਥੇ ਹੀ ਐਸਟ੍ਰੋਸੇਜ ਦਾ ਮਾਲੀਆ 84 ਕਰੋੜ ਰੁਪਏ ਰਿਹਾ ਅਤੇ ਇਸ ਵਿੱਚ ਲਗਭਗ 40 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।
ਜੋਤਿਸ਼ ਖੇਤਰ ਵਿੱਚ ਵਧਦੇ ਕਾਰੋਬਾਰ ਨੇ ਨਿਵੇਸ਼ਕਾਂ ਦਾ ਧਿਆਨ ਵੀ ਖਿੱਚਿਆ ਹੈ। ਐਸਟ੍ਰੋਟਾਕ ਨੂੰ ਐਲੀਵ8 ਵੈਂਚਰ ਪਾਰਟਨਰਜ਼ ਅਤੇ ਲੈਫ਼ਟ ਲੇਨ ਕੈਪੀਟਲ ਵਰਗੇ ਨਿਵੇਸ਼ਕਾਂ ਦਾ ਸਮਰਥਨ ਮਿਲਿਆ ਹੈ। ਕੰਪਨੀ ਨੇ ਹੁਣ ਤੱਕ ਬਾਹਰੀ ਸਰੋਤਾਂ ਤੋਂ ਲਗਭਗ 3.4 ਕਰੋੜ ਡਾਲਰ ਜੁਟਾਏ ਹਨ। ਇਸ ਵਿੱਚ ਐਲੀਵ8 ਤੋਂ ਲਗਭਗ 2 ਕਰੋੜ ਡਾਲਰ ਅਤੇ ਲੈਫ਼ਟ ਲੇਨ ਕੈਪੀਟਲ ਤੋਂ 1.4 ਕਰੋੜ ਡਾਲਰ ਸ਼ਾਮਲ ਹਨ।
12.5 ਅਰਬ ਡਾਲਰ ਦਾ ਭਾਰਤੀ ਬਾਜ਼ਾਰ: ਰੈੱਡਸੀਅਰ ਦੀ ਰਿਪੋਰਟ ਦੇ ਅਨੁਸਾਰ ਭਾਰਤ ਦਾ ਜੋਤਿਸ਼ ਬਾਜ਼ਾਰ ਲਗਭਗ 12.5 ਅਰਬ ਡਾਲਰ ਦਾ ਹੈ ਅਤੇ ਇਸ ਵਿੱਚ ਲਗਭਗ 10 ਪ੍ਰਤੀਸ਼ਤ ਸਾਲਾਨਾ ਵਾਧੇ ਦਾ ਅਨੁਮਾਨ ਹੈ। ਗਲੋਬਲ ਪੱਧਰ 'ਤੇ ਜੋਤਿਸ਼ ਦਾ ਬਾਜ਼ਾਰ ਲਗਭਗ 40 ਅਰਬ ਡਾਲਰ ਦਾ ਦੱਸਿਆ ਗਿਆ ਹੈ। ਐਲੀਵ8 ਦੇ ਮੁਤਾਬਕ ਪਰੰਪਰਾਗਤ ਆਫ਼ਲਾਈਨ ਜੋਤਿਸ਼ ਤੋਂ ਡਿਜੀਟਲ ਪਲੇਟਫਾਰਮ ਵੱਲ ਬਦਲਾਅ ਇਸ ਖੇਤਰ ਵਿੱਚ ਨਵੇਂ ਕਾਰੋਬਾਰ ਲਈ ਵੱਡੀ ਸੰਭਾਵਨਾ ਪੈਦਾ ਕਰ ਰਿਹਾ ਹੈ।
ਫਿਰ ਮਹਿੰਗਾ ਹੋ ਗਿਆ ਦੁੱਧ, ਭਲਕੇ ਤੋਂ ਲਾਗੂ ਹੋਣਗੀਆਂ ਨਵੀਂ ਕੀਮਤਾਂ
NEXT STORY