ਨਵੀਂ ਦਿੱਲੀ (ਭਾਸ਼ਾ) : ਸਰਹੱਦ 'ਤੇ ਚੀਨ ਦੀਆਂ ਹਰਕਤਾਂ ਕਰਣ ਦੇਸ਼ 'ਚ ਚੀਨੀ ਸਾਮਾਨ ਦੇ ਬਾਈਕਾਟ ਦੀ ਮੰਗ ਹੋ ਰਹੀ ਹੈ। ਸਰਕਾਰ ਨੇ ਚੀਨ ਦੇ 59 ਐਪਸ 'ਤੇ ਪਾਬੰਦੀ ਲਗਾਉਣ ਦੇ ਨਾਲ ਹੀ ਕਈ ਚੀਨੀ ਕੰਪਨੀਆਂ ਨੂੰ ਦਿੱਤੇ ਗਏ ਠੇਕੇ ਰੱਦ ਕਰ ਦਿੱਤੇ ਹਨ। ਹੁਣ ਕਈ ਭਾਰਤੀ ਉਦਯੋਗਪਤੀਆਂ ਨੇ ਚੀਨ ਨੂੰ ਸਬਕ ਸਿਖਾਉਣ ਲਈ ਕਮਰ ਕੱਸ ਲਈ ਹੈ ਅਤੇ ਕਈ ਨਿੱਜੀ ਕੰਪਨੀਆਂ ਨੇ ਵੀ ਚੀਨ ਨਾਲ ਹੋਏ ਸੌਦੇ ਰੱਦ ਕਰ ਦਿੱਤੇ ਹਨ।
ਇਸੇ ਲੜੀ 'ਚ ਜੇ. ਐੱਸ. ਡਬਲਯੂ. ਸਮੂਹ ਦੇ ਮਾਲਕ ਸੱਜਣ ਜਿੰਦਲ ਨੇ ਚੀਨ ਤੋਂ ਦਰਾਮਦ (ਇੰਪੋਰਟ) ਬੰਦ ਕਰਨ ਲਈ ਉਦਯੋਗਪਤੀਆਂ ਦਰਮਿਆਨ ਇਕਜੁੱਟਤਾ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਅਸਲ ਕੰਟਰੋਲ ਲਾਈਨ (ਐੱਲ. ਏ. ਸੀ.) ਉੱਤੇ ਚੀਨੀ ਸਾਡੇ ਫੌਜੀਆਂ ਨੂੰ ਮਾਰ ਰਹੇ ਹਨ, ਦੋਹਾਂ ਦੇਸ਼ਾਂ ਦਰਮਿਆਨ ਵਪਾਰ ਪਹਿਲਾਂ ਵਾਂਗ ਜਾਰੀ ਨਹੀਂ ਰਹਿ ਸਕਦਾ ਹੈ। ਇਸ ਤੋਂ ਪਹਿਲਾਂ ਜਿੰਦਲ ਦੇ ਬੇਟੇ ਪਾਰਥ ਜਿੰਦਲ ਨੇ ਵੀ ਕਿਹਾ ਸੀ ਕਿ ਉਨ੍ਹਾਂ ਦਾ ਸਮੂਹ ਅਗਲੇ 2 ਸਾਲ ਦੌਰਾਨ ਚੀਨ ਤੋਂ 40 ਕਰੋੜ ਡਾਲਰ ਦੀ ਦਰਾਮਦ ਬੰਦ ਕਰੇਗਾ। ਪਾਰਥ ਜਿੰਦਲ 14 ਅਰਬ ਡਾਲਰ ਦੇ ਜੇ. ਐੱਸ. ਡਬਲਯੂ. ਸਮੂਹ ਦੇ ਸੀਮੈਂਟ ਕਾਰੋਬਾਰ ਨੂੰ ਦੇਖਦੇ ਹਨ।
ਗਲਵਾਨ ਘਾਟੀ 'ਚ ਹਾਲ ਹੀ 'ਚ ਭਾਰਤੀ ਅਤੇ ਚੀਨੀ ਫੌਜੀਆਂ ਦਰਮਿਆਨ ਹੋਏ ਸੰਘਰਸ਼ ਬਾਰੇ ਉਨ੍ਹਾਂ ਕਿਹਾ ਕਿ ਚੀਨ ਵਲੋਂ ਭਾਰਤੀ ਜ਼ਮੀਨ 'ਤੇ ਜੋ ਕੁਝ ਕੀਤਾ ਗਿਆ, ਉਸ ਕਾਰਣ ਇਹ ਕਾਰਵਾਈ ਹੋਈ। ਸੱਜਣ ਜਿੰਦਲ ਨੇ ਇਕ ਬਿਆਨ 'ਚ ਕਿਹਾ ਕਿ ਸਾਡੇ ਫੌਜੀ ਐੱਲ. ਏ. ਸੀ. 'ਤੇ ਉਨ੍ਹਾਂ ਵਲੋਂ ਮਾਰੇ ਜਾਂਦੇ ਰਹਿਣ ਅਤੇ ਅਸੀਂ ਆਪਣੇ ਉਦਯੋਗਾਂ ਲਈ ਚੀਨ ਤੋਂ ਸਸਤਾ ਕੱਚਾ ਮਾਲ ਖਰੀਦ ਕੇ ਕਮਾਈ ਕਰਦੇ ਰਹੀਏ, ਇਹ ਨਹੀਂ ਹੋ ਸਕਦਾ ਹੈ।
ਚੀਨ ਤੋਂ ਦਰਾਮਦ ਰੋਕਣੀ ਹੈ ਤਾਂ ਲੋਕਲ ਲਈ ਹੋਣਾ ਹੋਵੇਗਾ ਵੋਕਲ : ਸੱਜਣ ਜਿੰਦਲ
ਉਨ੍ਹਾਂ ਕਿਹਾ ਕਿ ਜੇ ਚੀਨ ਤੋਂ ਦਰਾਮਦ ਰੋਕਣੀ ਹੈ ਤਾਂ ਲੋਕਲ ਲਈ ਵੋਕਲ ਹੋਣਾ ਹੋਵੇਗਾ। ਉਨ੍ਹਾਂ ਦੇ ਕਈ ਦੋਸਤ ਅਤੇ ਸਹਿਯੋਗੀ ਉਦਯੋਗਪਤੀ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਹਨ ਕਿ ਵੱਡਾ ਮਾਰਜਨ ਕਮਾਉਣ ਅਤੇ ਕਾਰੋਬਾਰ 'ਚ ਨਿਰੰਤਰਤਾ ਬਣਾਏ ਰੱਖਣ ਲਈ ਚੀਨ ਨਾਲ ਉਨ੍ਹਾਂ ਦਾ ਕਾਰੋਬਾਰ ਅਹਿਮ ਹੈ ਪਰ ਇਹ ਸਥਿਤੀ ਉਦੋਂ ਆਈ ਹੈ ਜਦੋਂ ਅਸੀਂ ਆਪਣੇ ਘਰੇਲੂ ਸਪਲਾਈਕਰਤਾਵਾਂ ਨੂੰ ਵਿਕਸਿਤ ਕਰਨ ਦੀ ਬਜਾਏ ਅੱਖਾਂ ਬੰਦ ਕਰ ਕੇ ਚੀਨ ਦੀ ਸਸਤੀ ਦਰਾਮਦ ਨੂੰ ਸਵੀਕਾਰ ਕਰਦੇ ਰਹੇ।
ਦੇਸ਼ ਦੇ ਇਸ ਪ੍ਰਮੁੱਖ ਉਦਯੋਗਪਤੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਇਕ ਮੌਕਾ ਹੈ ਕਿ ਅਸੀਂ ਇਕੱਠੇ ਆਈਏ ਅਤੇ ਮਜ਼ਬੂਤ ਆਤਮ ਨਿਰਭਰ ਭਾਰਤ ਲਈ ਕੰਮ ਕਰਨਗੇ। ਗੁਣਵੱਤਾ ਅਤੇ ਆਕਾਰ ਹਾਸਲ ਕਰਨ ਲਈ ਆਓ ਅਸੀਂ ਘਰੇਲੂ ਉਤਪਾਦਕਾਂ ਦਾ ਸਨਮਾਨ ਕਰੀਏ। ਸਾਨੂੰ ਆਪਣੇ ਖੁਦ ਦੇ ਉਤਪਾਦਾਂ ਪ੍ਰਤੀ ਵਿਸ਼ਵਾਸ ਦਿਖਾਉਣ ਹੋਵੇਗਾ। ਸਾਨੂੰ ਆਪਣੀਆਂ ਹਥਿਆਰਬੰਦ ਫੌਜਾਂ ਅਤੇ ਸਰਕਾਰ ਨੂੰ ਸਮਰਥਨ ਦੇਣਾ ਹੋਵੇਗਾ ਅਤੇ ਇਹ ਸਾਬਤ ਕਰਨਾ ਹੋਵੇਗਾ ਕਿ ਚੀਨ ਦੇ ਖਿਲਾਫ ਲੜਾਈ 'ਚ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ।
US 'ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਲੱਗ ਸਕਦੈ ਵੱਡਾ ਝਟਕਾ, ਵਾਪਸ ਭੇਜੇ ਜਾ ਸਕਦੇ ਹਨ ਘਰ
NEXT STORY