ਨਵੀਂ ਦਿੱਲੀ - ਭਾਰਤੀ ਏਅਰਲਾਈਨ ਕੰਪਨੀਆਂ ਨੇ ਅਪ੍ਰੈਲ ’ਚ ਘਰੇਲੂ ਮਾਰਗਾਂ ’ਤੇ ਸਾਲਾਨਾ ਆਧਾਰ ’ਤੇ 8.45 ਫੀਸਦੀ ਜ਼ਿਆਦਾ 143.6 ਲੱਖ ਮੁਸਾਫਰਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ। ਇਹ ਹਵਾਈ ਆਵਾਜਾਈ ਦੀ ਵਧਦੀ ਮੰਗ ਨੂੰ ਦਰਸਾਉਂਦਾ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਦੇ ਤਾਜ਼ੇ ਅੰਕੜਿਆਂ ਅਨੁਸਾਰ ਘਰੇਲੂ ਹਵਾਈ ਆਵਾਜਾਈ ’ਚ ਇੰਡੀਗੋ ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ 64.1 ਫੀਸਦੀ ਰਹੀ। ਇਸ ਤੋਂ ਬਾਅਦ ਏਅਰ ਇੰਡੀਆ ਸਮੂਹ (27.2 ਫੀਸਦੀ), ਅਕਾਸਾ ਏਅਰ (5 ਫੀਸਦੀ) ਅਤੇ ਸਪਾਈਸਜੈੱਟ (2.6 ਫੀਸਦੀ) ਦਾ ਸਥਾਨ ਰਿਹਾ।
ਡੀ. ਜੀ. ਸੀ. ਏ. ਨੇ ਆਪਣੀ ਮਹੀਨਾਵਾਰ ਰਿਪੋਰਟ ’ਚ ਕਿਹਾ,‘‘ਜਨਵਰੀ-ਅਪ੍ਰੈਲ, 2025 ਦੌਰਾਨ ਘਰੇਲੂ ਏਅਰਲਾਈਨ ਕੰਪਨੀਆਂ ਨੇ 575.13 ਲੱਖ ਮੁਸਾਫਰਾਂ ਦੀ ਆਵਾਜਾਈ ਯਕੀਨੀ ਕੀਤੀ। ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ ਅੰਕੜਾ 523.46 ਲੱਖ ਸੀ। ਇਸ ’ਚ ਸਾਲਾਨਾ ਆਧਾਰ ’ਤੇ 9.87 ਫੀਸਦੀ ਅਤੇ ਮਹੀਨਾਵਾਰ ਆਧਾਰ ’ਤੇ 8.45 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।’’
ਘਰੇਲੂ ਹਵਾਈ ਮੁਸਾਫਰਾਂ ਦੀ ਗਿਣਤੀ ਅਪ੍ਰੈਲ ’ਚ 143.16 ਲੱਖ ਰਹੀ, ਜਦੋਂਕਿ ਇਕ ਸਾਲ ਪਹਿਲਾਂ ਇਸੇ ਮਿਆਦ ’ਚ ਇਹ 132 ਲੱਖ ਸੀ। ਘਰੇਲੂ ਏਅਰਲਾਈਨ ਕੰਪਨੀਆਂ ਦੇ ‘ਆਨ ਟਾਈਮ ਪਰਫਾਰਮੈਂਸ’ (ਓ. ਟੀ. ਪੀ.) ਦੇ ਸੰਦਰਭ ’ਚ ਬੈਂਗਲੁਰੂ, ਦਿੱਲੀ, ਹੈਦਰਾਬਾਦ ਅਤੇ ਮੁੰਬਈ ਦੇ 4 ਮਹਾਨਗਰ ਹਵਾਈ ਅੱਡਿਆਂ ਦੀ ਗਿਣਤੀ ਕੀਤੀ ਗਈ। ਇੰਡੀਗੋ ਦਾ ਓ. ਟੀ. ਪੀ. ਕ੍ਰਮਵਾਰ 80.8 ਫੀਸਦੀ, ਜਦੋਂਕਿ ਅਕਾਸਾ ਏਅਰ ਅਤੇ ਏਅਰ ਇੰਡੀਆ ਸਮੂਹ ਦਾ ਓ. ਟੀ. ਪੀ. ਕ੍ਰਮਵਾਰ 77.5 ਫੀਸਦੀ ਅਤੇ 72.4 ਫੀਸਦੀ ਰਿਹਾ। ਅੰਕੜਿਆਂ ਅਨੁਸਾਰ ਸਪਾਈਸਜੈੱਟ ਦਾ ਓ. ਟੀ. ਪੀ. ਸਭ ਤੋਂ ਘੱਟ 60 ਫੀਸਦੀ ਰਿਹਾ।
ਹੁਣ ਇਨ੍ਹਾਂ ਕੰਮਾਂ ਲਈ ਕਢਵਾ ਸਕਦੇ ਹੋ PF ਤੋਂ ਪੈਸਾ, ਇਹ ਰਿਹਾ ਸਭ ਤੋਂ ਸੌਖਾ ਤਰੀਕਾ
NEXT STORY