ਸਿੱਧਵਾਂ ਬੇਟ (ਚਾਹਲ) - ਪਿੰਡ ਜੰਡੀ ਵਿਖੇ ਕਿਸਾਨ ਹਰਜਿੰਦਰ ਸਿੰਘ ਦੇ ਹੋਏ ਸਨਸਨੀਖੇਜ਼ ਕਤਲ ਮਾਮਲੇ ਵਿਚ ਪੁਲਸ ਨੇ 24 ਘੰਟਿਆਂ ਅੰਦਰ ਹੀ ਅਹਿਮ ਕਾਮਯਾਬੀ ਹਾਸਲ ਕੀਤੀ ਹੈ | ਪੁਲਸ ਨੇ ਕੜੀ ਨਾਲ ਕੜੀ ਜੋੜਦਿਆਂ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਲਗਭਗ ਸੁਲਝਾ ਲਿਆ ਹੈ | ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਕਤਲ ਦਾ ਕਾਰਨ ਕੋਈ ਬਾਹਰੀ ਦਖਲ ਨਹੀਂ, ਸਗੋਂ ਲੰਮੇ ਸਮੇਂ ਤੋਂ ਚੱਲ ਰਿਹਾ ਘਰੇਲੂ ਕਲੇਸ਼ ਹੈ |
ਪੁਲਸ ਸੂਤਰਾਂ ਅਨੁਸਾਰ ਪੁਲਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੀ ਦੂਜੀ ਪਤਨੀ ਦੇ ਲੜਕੇ ਜਸਕਰਨ ਸਿੰਘ ਨੂੰ ਕਥਿਤ ਮੁੱਖ ਦੋਸ਼ੀ ਵਜੋਂ ਨਾਮਜ਼ਦ ਕਰ ਕੇ ਕਾਬੂ ਕਰ ਲਿਆ ਹੈ, ਜਿਸ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ |
ਪੁਲਸ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਹਰਜਿੰਦਰ ਸਿੰਘ ਦੀ ਮੌਤ ਇਕ ਸੋਚੀ-ਸਮਝੀ ਸਾਜ਼ਿਸ਼ ਦਾ ਨਤੀਜਾ ਸੀ | ਕਥਿਤ ਦੋਸ਼ੀ ਨੇ ਸੁੱਤੇ ਪਏ ਪਿਤਾ ਹਰਜਿੰਦਰ ਸਿੰਘ ਦੇ ਸਿਰ ’ਤੇ ਕੁਹਾੜੀ ਨਾਲ ਵਾਰ ਕਰ ਕੇ ਉਸਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ | ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਾਂਚ ਨੂੰ ਭਟਕਾਉਣ ਲਈ ਅਲਮਾਰੀ ਦਾ ਸਾਮਾਨ ਅਤੇ ਕਾਗਜ਼ਾਤ ਖਿਲਾਰੇ ਗਏ ਸਨ, ਤਾਂ ਜੋ ਇਹ ਲੁੱਟ-ਖੋਹ ਦਾ ਮਾਮਲਾ ਲੱਗੇ |
ਪੁਲਸ ਸੂਤਰਾਂ ਮੁਤਾਬਕ ਵਾਰਦਾਤ ਸਮੇਂ ਮੁੱਖ ਕਥਿਤ ਦੋਸ਼ੀ ਇਕੱਲਾ ਨਹੀਂ ਸੀ, ਬਲਕਿ ਉਸ ਦਾ ਇਕ ਹੋਰ ਸਾਥੀ ਵੀ ਮੌਕੇ ’ਤੇ ਮੌਜੂਦ ਸੀ | ਪੁਲਸ ਵਲੋਂ ਫਰਾਰ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ | ਘਰੇਲੂ ਕਲੇਸ਼ ਮੁੱਖ ਕਾਰਨ ਹੋਣ ਕਰ ਕੇ ਪੁਲਸ ਮ੍ਰਿਤਕ ਦੀ ਦੂਜੀ ਪਤਨੀ ਦੀ ਭੂਮਿਕਾ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਸੂਤਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਉਸਨੂੰ ਵੀ ਇਸ ਕੇਸ ਵਿਚ ਨਾਮਜ਼ਦ ਕੀਤਾ ਜਾ ਸਕਦਾ ਹੈ |
ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਨੇ ਸਪੱਸ਼ਟ ਕੀਤਾ ਕਿ ਪੁਲਸ ਵਲੋਂ ਮਿ੍ਤਕ ਦੇ ਲੜਕੇ ਨੂੰ ਸ਼ੱਕ ਦੇ ਘੇਰੇ ਵਿਚ ਰੱਖਦਿਆਂ ਜਾਂਚ ਦਾ ਦਾਇਰਾ ਵਧਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਕੁਝ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਹੋਣ ਦੀ ਵੀ ਪੂਰੀ ਸੰਭਾਵਨਾ ਹੈ | ਪੁਲਸ ਵਲੋਂ ਕੇਸ ਲੱਗਭਗ ਸੁਲਝਾ ਲਿਆ ਗਿਆ ਹੈ ਅਤੇ ਸ਼ੁੱਕਰਵਾਰ ਸਵੇਰੇ ਪ੍ਰੈੱਸ ਕਾਨਫਰੰਸ ਕਰ ਕੇ ਮੀਡੀਆ ਨਾਲ ਸਾਰੇ ਤੱਥ ਅਤੇ ਹੋਰ ਕਥਿਤ ਦੋਸ਼ੀਆਂ ਦੇ ਨਾਂ ਸਾਂਝੇ ਕੀਤੇ ਜਾਣਗੇ |
ਜ਼ਿਕਰਯੋਗ ਹੈ ਕਿ ਇਹ ਦਿਲ-ਕੰਬਾਊ ਵਾਰਦਾਤ ਉਸ ਸਮੇਂ ਸਾਹਮਣੇ ਆਈ ਸੀ, ਜਦੋਂ ਕੈਨੇਡਾ ਰਹਿੰਦੇ ਮ੍ਰਿਤਕ ਦੇ ਪਹਿਲੀ ਪਤਨੀ ਦੇ ਲੜਕੇ ਹਰਕਮਲ ਸਿੰਘ ਨੇ ਆਪਣੇ ਪਿਤਾ ਹਰਜਿੰਦਰ ਸਿੰਘ ਵਲੋਂ ਫੋਨ ਨਾ ਚੁੱਕੇ ਜਾਣ ’ਤੇ ਆਪਣੇ ਤਾਏ ਜਗਰਾਜ ਸਿੰਘ ਨੂੰ ਘਰ ਜਾ ਕੇ ਦੇਖਣ ਲਈ ਕਿਹਾ ਸੀ | ਘਰ ਦਾ ਪਿਛਲਾ ਰਸਤਾ ਵਰਤ ਕੇ ਅੰਦਰ ਦਾਖਲ ਹੋਏ ਕਾਤਲਾਂ ਨੇ ਸੁੱਤੇ ਪਏ ਹਰਜਿੰਦਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ | ਹੁਣ ਪੁਲਸ ਦੀ ਚੌਕਸੀ ਨਾਲ ਇਸ ਘਿਨਾਉਣੇ ਅਪਰਾਧ ਦੇ ਅਸਲ ਕਾਰਨ ਅਤੇ ਚਿਹਰੇ ਸਮਾਜ ਦੇ ਸਾਹਮਣੇ ਆਉਣ ਦੀ ਉਮੀਦ ਬੱਝੀ ਹੈ |
ਸਰਕਾਰ ਦੇ ਇਸ਼ਾਰੇ 'ਤੇ ਪੰਜਾਬ ਕੇਸਰੀ ਗਰੁੱਪ ਦੇ ਹੋਟਲ ਦੀ ਭੰਨ੍ਹਤੋੜ ਨਿੰਦਣਯੋਗ: ਪਵਨ ਦੀਵਾਨ
NEXT STORY