ਨਵੀਂ ਦਿੱਲੀ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚਾਲ ਨਾਲ ਡਰੈਗਨ ਦੀ ਫੁੰਕਾਰ ਮੱਠੀ ਪੈ ਗਈ ਹੈ । ਯਾਨੀ ਅਮਰੀਕਾ ਨਾਲ ਟੈਰਿਫ ਨੂੰ ਲੈ ਕੇ ਜਾਰੀ ਵਿਵਾਦ ਦਾ ਅਸਰ ਹੁਣ ਚੀਨ ਦੇ ਕੁਲ ਘਰੇਲੂ ਉਤਪਾਦ (ਜੀ . ਡੀ. ਪੀ.) ਵਾਧਾ ਦਰ 'ਤੇ ਪੈਂਦਾ ਦਿਸ ਰਿਹਾ ਹੈ । ਚੀਨ ਦੀ ਆਰਥਿਕ ਵਿਕਾਸ ਦਰ ਦੀ ਰਫਤਾਰ ਸਾਲ 2009 ਤੋਂ ਬਾਅਦ ਪਹਿਲੀ ਵਾਰ ਇੰਨੀ ਸੁਸਤ ਪਈ ਹੈ ।
ਚੀਨ ਦੇ ਨੈਸ਼ਨਲ ਬਿਊਰੋ ਆਫ ਸਟੈਟਿਕਸ ਦੇ ਜਾਰੀ ਅੰਕੜਿਆਂ ਅਨੁਸਾਰ ਚਾਲੂ ਵਿੱਤ ਸਾਲ ਦੀ ਜੁਲਾਈ-ਸਤੰਬਰ ਤਿਮਾਹੀ 'ਚ ਚੀਨ ਦੀ ਆਰਥਿਕ ਵਿਕਾਸ ਦਰ ਉਮੀਦ ਤੋਂ ਘੱਟ 6.5 ਫੀਸਦੀ ਰਹੀ, ਜਦਕਿ ਇਸ ਤੋਂ ਪਹਿਲਾਂ ਦੀਆਂ 2 ਤਿਮਾਹੀਆਂ 'ਚ ਇਹ ਕ੍ਰਮਵਾਰ 6.8 ਅਤੇ 6.7 ਫੀਸਦੀ ਰਹੀ ਸੀ ।
ਬਰਾਮਦ ਦਾ ਬਿੱਲ ਦਿਸ ਰਿਹਾ ਵਧਿਆ
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਸਤੰਬਰ 'ਚ ਚੀਨ ਦੇ 200 ਅਰਬ ਡਾਲਰ ਦੇ ਉਤਪਾਦ 'ਤੇ ਟੈਰਿਫ ਲਾਗੂ ਕਰਨ ਦਾ ਐਲਾਨ ਕੀਤਾ ਸੀ । ਇਸ ਐਲਾਨ ਤੋਂ ਬਾਅਦ ਚੀਨ 'ਚ ਸਤੰਬਰ 'ਚ ਬਰਾਮਦ 'ਚ 14.5 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ, ਜਿਸ ਨੂੰ ਵੇਖ ਕੇ ਉੱਥੇ ਦੀ ਸਰਕਾਰ ਨੇ ਦਾਅਵਾ ਕੀਤਾ ਕਿ ਟੈਰਿਫ ਲਾਗੂ ਕਰਨ ਦਾ ਉਸ ਦੀ ਬਰਾਮਦ 'ਤੇ ਕੋਈ ਪ੍ਰਭਾਵ ਨਹੀਂ ਪਿਆ ਹੈ ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕੀ ਕੰਪਨੀਆਂ ਨੇ ਨਵਾਂ ਟੈਰਿਫ ਲਾਗੂ ਹੋਣ ਤੋਂ ਪਹਿਲਾਂ ਆਪਣੀ ਖਰੀਦ ਵਧਾ ਦਿੱਤੀ, ਜਿਸ ਨਾਲ ਫਿਲਹਾਲ ਬਰਾਮਦ ਦਾ ਬਿੱਲ ਵਧਿਆ ਦਿਸ ਰਿਹਾ ਹੈ ।
ਵਧਦਾ ਕਰਜ਼ਾ ਵਿਕਾਸ ਦਰ 'ਚ ਆਈ ਕਮੀ ਦਾ ਮੁੱਖ ਫੈਕਟਰ
ਅਮਰੀਕਾ ਦੇ ਨਾਲ ਜਾਰੀ ਵਿਵਾਦ ਅਤੇ ਚੀਨ ਦੀ ਸਰਕਾਰ 'ਤੇ ਵਧਦਾ ਕਰਜ਼ਾ ਵਿਕਾਸ ਦਰ 'ਚ ਆਈ ਕਮੀ ਦਾ ਮੁੱਖ ਫੈਕਟਰ ਹੈ । ਇਸ ਦੌਰਾਨ ਚੀਨ 'ਚ ਨਿਵੇਸ਼ 'ਚ ਵੀ ਗਿਰਾਵਟ ਆਈ ਹੈ । ਰੇਲਵੇ, ਸੜਕ ਅਤੇ ਰਾਜ ਮਾਰਗ 'ਤੇ ਇਸ ਸਾਲ ਨਿਵੇਸ਼ ਬਹੁਤ ਘੱਟ ਗਿਆ ਹੈ । ਚੀਨ 'ਚ ਘੱਟ ਰਹੀ ਨਿਵੇਸ਼ ਧਾਰਨਾ ਕਾਰਨ ਉੱਥੇ ਦਾ ਸ਼ੇਅਰ ਬਾਜ਼ਾਰ ਜਨਵਰੀ 'ਚ ਆਪਣੇ ਉੱਚ ਪੱਧਰ ਨੂੰ ਛੂਹਣ ਤੋਂ ਬਾਅਦ ਹੁਣ ਤੱਕ ਕਰੀਬ ਇਕ ਚੌਥਾਈ ਫਿਸਲ ਚੁੱਕਾ ਹੈ ।
ਚੀਨ ਦੀ ਕਰੰਸੀ ਵੀ 10 ਸਾਲ ਦੇ ਹੇਠਲੇ ਪੱਧਰ ਦੇ ਕਰੀਬ
ਚੀਨ ਦੀ ਕਰੰਸੀ ਯੇਨ ਵੀ ਡਾਲਰ ਦੇ ਮੁਕਾਬਲੇ 10 ਸਾਲ ਦੇ ਹੇਠਲੇ ਪੱਧਰ ਦੇ ਕਰੀਬ ਹੈ । ਬੁਨਿਆਦੀ ਢਾਂਚਿਆਂ 'ਚ ਘਟਦੇ ਨਿਵੇਸ਼ 'ਚ ਸੁਧਾਰ ਲਈ ਚੀਨ ਦੀ ਸਰਕਾਰ ਨੇ ਨਵੇਂ ਨਿਵੇਸ਼ ਨੂੰ ਬੜ੍ਹਾਵਾ ਦੇਣ ਦੀ ਯੋਜਨਾ ਬਣਾਈ ਹੈ । ਇਸ ਸਿਲਸਿਲੇ 'ਚ ਇਸ ਹਫਤੇ ਨਿਜੀ ਕੰਪਨੀਆਂ ਨੇ ਬੁਨਿਆਦੀ ਢਾਂਚਾ ਯੋਜਨਾਵਾਂ 'ਚ 362 ਅਰਬ ਡਾਲਰ ਦੀਆਂ 1,222 ਯੋਜਨਾਵਾਂ 'ਚ ਨਿਵੇਸ਼ ਦਾ ਐਲਾਨ ਕੀਤਾ ਹੈ।
ਚੀਨ ਦੀਆਂ ਪ੍ਰੇਸ਼ਾਨੀਆਂ
ਐਕਸਪਰਟਸ ਨੇ ਦੱਸਿਆ ਕਿ ਚੀਨ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਅਮਰੀਕਾ ਦੇ ਨਾਲ ਚੱਲ ਰਹੀ ਟ੍ਰੇਡ ਵਾਰ ਹੈ, ਇਸ ਨਾਲ ਪ੍ਰੋਡਕਸ਼ਨ ਡਿੱਗ ਰਿਹਾ ਹੈ। ਅਗਲੀ ਤਿਮਾਹੀ 'ਚ ਗ੍ਰੋਥ 6.6 ਤੋਂ 6.7 ਫੀਸਦੀ ਦੇ ਆਸ-ਪਾਸ ਰਹਿਣ ਦੀ ਉਮੀਦ ਹੈ । ਚੀਨ ਅਮਰੀਕਾ ਦਾ ਸਭ ਤੋਂ ਵੱਡਾ ਟਰੇਡਿੰਗ ਪਾਰਟਨਰ ਹੈ । ਅਮਰੀਕਾ ਦੇ ਕੁਲ ਵਪਾਰ 'ਚ ਚੀਨ ਦੀ ਹਿੱਸੇਦਾਰੀ 16.4 ਫੀਸਦੀ ਹੈ । ਭਾਰਤ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਵਾਂ ਦੇ ਟਾਪ 5 ਟਰੇਡਿੰਗ ਪਾਰਟਨਰਸ 'ਚ ਨਹੀਂ ਆਉਂਦਾ ਹੈ । 1.9 ਫੀਸਦੀ ਦੀ ਵਪਾਰ ਹਿੱਸੇਦਾਰੀ ਦੇ ਨਾਲ ਉਹ ਇਸ ਮਾਮਲੇ 'ਚ 9ਵੇਂ ਸਥਾਨ 'ਤੇ ਹੈ।
ਫਿਰ ਰੁਆਉਣ ਲਈ ਤਿਆਰ ਪਿਆਜ਼ ਕੀਮਤਾਂ 'ਚ ਤੇਜ਼ੀ
NEXT STORY