ਨਵੀਂ ਦਿੱਲੀ— ਕੌਮਾਂਤਰੀ ਤੇ ਘਰੇਲੂ ਮੋਰਚੇ 'ਤੇ ਬਾਜ਼ਾਰਾਂ 'ਚ ਗਿਰਾਵਟ ਕਾਰਨ ਅਗਸਤ ਦੇ ਪਹਿਲੇ ਦੋ ਸੈਸ਼ਨਾਂ 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਭਾਰਤੀ ਪੂੰਜੀ ਬਾਜ਼ਾਰ 'ਚੋਂ 2,881 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ। ਤਾਜ਼ਾ ਡਿਪਾਜ਼ਿਟਰੀ ਡਾਟਾ ਮੁਤਾਬਕ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਪਹਿਲੀ ਤੇ ਦੂਜੀ ਅਗਸਤ ਦੌਰਾਨ ਇਕੁਇਟੀ 'ਚੋਂ 2,632.58 ਕਰੋੜ ਰੁਪਏ ਕੱਢੇ ਹਨ, ਜਦੋਂ ਬਾਂਡ ਬਾਜ਼ਾਰ 'ਚੋਂ 248.52 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ।ਇਸ ਤਰ੍ਹਾਂ ਉਨ੍ਹਾਂ ਨੇ ਕੁੱਲ ਮਿਲਾ ਕੇ 2,881.10 ਕਰੋੜ ਰੁਪਏ ਦੀ ਸ਼ੁੱਧ ਵਿਕਵਾਲੀ ਕੀਤੀ ਹੈ।
ਇਸ ਤੋਂ ਪਹਿਲਾਂ ਐੱਫ. ਪੀ. ਆਈ. ਨੇ 1-31 ਜੁਲਾਈ ਵਿਚਕਾਰ ਇਕੁਇਟੀ ਤੇ ਬਾਂਡ ਬਾਜ਼ਾਰ ਦੋਹਾਂ 'ਚ ਕੁੱਲ 2,985.88 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। ਬਾਜ਼ਾਰ ਮਾਹਰਾਂ ਨੇ ਕਿਹਾ ਕਿ ਐੱਫ. ਪੀ. ਆਈ. ਨੇ ਨਿਵੇਸ਼ ਤੋਂ ਜ਼ਿਆਦਾ ਨਿਕਾਸੀ ਕੀਤੀ ਹੈ ਕਿਉਂਕਿ ਅਮਰੀਕਾ ਤੇ ਚੀਨ ਵਿਚਕਾਰ ਵਪਾਰ ਯੁੱਧ ਫਿਰ ਤੋਂ ਤੇਜ਼ ਹੋ ਰਿਹਾ ਹੈ। ਇਸ ਕਾਰਨ ਨਿਵੇਸ਼ਕਾਂ ਦੀ ਧਾਰਨਾ ਕਮਜ਼ੋਰ ਹੈ। ਉੱਥੇ ਹੀ, ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਦਰਾਂ 'ਚ ਕਟੌਤੀ ਮਗਰੋਂ ਵਹਿਮ ਪੈਦਾ ਕਰਨ ਵਾਲੀਆਂ ਪ੍ਰਤੀਕਿਰਿਆਵਾਂ ਕਾਰਨ ਅਨਿਸ਼ਚਤਿਤਾ ਹੋਰ ਵੱਧ ਗਈ ਹੈ।
ਜ਼ਿਕਰਯੋਗ ਹੈ ਕਿ ਫਰਵਰੀ ਤੋਂ ਵਿਦੇਸ਼ੀ ਨਿਵੇਸ਼ਕ ਲਗਾਤਾਰ ਖਰੀਦਦਾਰ ਰਹੇ ਸਨ। ਜੂਨ 'ਚ ਐੱਫ. ਪੀ. ਆਈਜ਼. ਨੇ 10,384.54 ਕਰੋੜ ਅਤੇ ਮਈ 'ਚ 9,031.15 ਕਰੋੜ ਰੁਪਏ ਨਿਵੇਸ਼ ਕੀਤੇ ਸਨ। ਅਪ੍ਰੈਲ 'ਚ ਐੱਫ. ਪੀ. ਆਈਜ਼. ਦਾ ਸ਼ੁੱਧ ਨਿਵੇਸ਼ 16,093 ਕਰੋੜ ਰੁਪਏ ਰਿਹਾ ਸੀ। ਉੱਥੇ ਹੀ, ਇਸ ਸਾਲ ਹੁਣ ਤਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦਾ ਸਭ ਤੋਂ ਵੱਧ ਸ਼ੁੱਧ ਨਿਵੇਸ਼ ਮਾਰਚ 'ਚ 45,981 ਕਰੋੜ ਰੁਪਏ ਰਿਹਾ ਹੈ, ਜਦੋਂ ਕਿ ਫਰਵਰੀ 'ਚ ਉਨ੍ਹਾਂ ਨੇ 11,182 ਕਰੋੜ ਰੁਪਏ ਦੇ ਨਿਵੇਸ਼ ਨਾਲ ਭਾਰਤੀ ਬਾਜ਼ਾਰ 'ਚ ਜਮ ਕੇ ਖਰੀਦਦਾਰੀ ਸ਼ੁਰੂ ਕੀਤੀ ਸੀ। ਬਜਟ 'ਚ ਸੁਪਰ ਰਿਚ ਟੈਕਸ ਦੀ ਘੋਸ਼ਣਾ ਹੋਣ ਮਗਰੋਂ ਇਕੁਇਟੀ ਬਾਜ਼ਾਰ 'ਚੋਂ ਐੱਫ. ਪੀ. ਆਈ. ਲਗਾਤਾਰ ਵਿਕਵਾਲੀ ਕਰ ਰਹੇ ਹਨ।
ਅਕਸ਼ੈ ਊਰਜਾ ਪ੍ਰਮਾਣ ਪੱਤਰਾਂ ਦੀ ਵਿਕਰੀ ਜੁਲਾਈ 'ਚ 61 ਫੀਸਦੀ ਡਿੱਗੀ
NEXT STORY