ਬਿਜ਼ਨੈੱਸ ਡੈਸਕ- ਧਨਤੇਰਸ 'ਤੇ ਸੋਨੇ ਦੀ ਖਰੀਦਦਾਰੀ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ ਕਿਉਂਕਿ ਲੋਕਾਂ ਨੂੰ ਉਮੀਦ ਸੀ ਕਿ ਧਨਤੇਰਸ 'ਤੇ ਸੋਨੇ ਦੀ ਕੀਮਤ ਹੇਠਾਂ ਆਵੇਗੀ ਪਰ ਅਜਿਹਾ ਨਹੀਂ ਹੋਇਆ। ਹਾਲਾਂਕਿ ਚਾਂਦੀ ਦੀ ਵਿਕਰੀ 'ਚ ਤੇਜ਼ੀ ਆਈ ਹੈ। ਇਸ ਤੋਂ ਇਲਾਵਾ ਧਨਤੇਰਸ 'ਤੇ ਹੋਰਨਾਂ ਬਾਜ਼ਾਰਾਂ 'ਚ ਵੀ ਰੌਣਕ ਰਹੀ। ਸੋਨੇ-ਚਾਂਦੀ ਤੋਂ ਇਲਾਵਾ ਵਾਹਨਾਂ, ਇਲੈਕਟ੍ਰਾਨਿਕ ਉਪਕਰਨਾਂ, ਭਾਂਡਿਆਂ, ਕੱਪੜਿਆਂ ਸਮੇਤ ਹੋਰ ਵਸਤਾਂ ਦੀ ਚੰਗੀ ਖਰੀਦੋ-ਫਰੋਖਤ ਰਹੀ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਮੁਤਾਬਕ ਇਸ ਸਾਲ ਧਨਤੇਰਸ ਦੇ ਮੌਕੇ 'ਤੇ 60 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਉਮੀਦ ਹੈ। ਜਦੋਂ ਕਿ ਪਿਛਲੇ ਸਾਲ ਟਰਨਓਵਰ 50 ਹਜ਼ਾਰ ਕਰੋੜ ਰੁਪਏ ਸੀ, ਜੋ ਕਿ 20 ਫੀਸਦੀ ਵੱਧ ਹੈ।
20 ਹਜ਼ਾਰ ਕਰੋੜ ਰੁਪਏ ਦਾ ਵਿਕਿਆ ਸੋਨਾ
ਧਨਤੇਰਸ 'ਤੇ ਜ਼ਿਆਦਾਤਰ ਲੋਕ ਸੋਨਾ-ਚਾਂਦੀ 'ਚ ਖਰੀਦਦਾਰੀ (ਗੋਲਡ-ਸਿਲਵਰ ਪ੍ਰਾਈਸ) ਕਰਦੇ ਹਨ, ਜਿਸ ਕਾਰਨ ਧਨਤੇਰਸ ਦੇ ਮੌਕੇ 'ਤੇ ਸੋਨੇ-ਚਾਂਦੀ ਦੀ ਖਰੀਦ ਵਧ ਜਾਂਦੀ ਹੈ। ਆਲ ਇੰਡੀਆ ਜਵੈਲਰਜ਼ ਐਂਡ ਗੋਲਡਸਮਿਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪੰਕਜ ਅਰੋੜਾ ਨੇ ਕਿਹਾ ਕਿ ਕੀਮਤਾਂ ਵਧਣ ਦੇ ਬਾਵਜੂਦ ਇਸ ਧਨਤੇਰਸ 'ਤੇ ਸੋਨੇ-ਚਾਂਦੀ ਦੀ ਚੰਗੀ ਵਿਕਰੀ ਹੋਈ ਹੈ। ਦੇਸ਼ ਭਰ ਵਿੱਚ 20 ਹਜ਼ਾਰ ਕਰੋੜ ਰੁਪਏ ਦਾ ਸੋਨਾ ਅਤੇ 2500 ਕਰੋੜ ਰੁਪਏ ਦਾ ਚਾਂਦੀ ਖਰੀਦੀ ਗਈ। ਅੰਦਾਜ਼ਾ ਹੈ ਕਿ ਕਰੀਬ 30 ਟਨ ਸੋਨਾ ਵਿਕਿਆ, ਜਿਸ ਦੀ ਕੀਮਤ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ। ਇਸ ਦੇ ਨਾਲ ਹੀ 250 ਟਨ ਚਾਂਦੀ ਵਿਕ ਚੁੱਕੀ ਹੈ, ਜਿਸ ਦੀ ਕੀਮਤ 2500 ਕਰੋੜ ਰੁਪਏ ਤੋਂ ਵੱਧ ਹੈ। ਜਦੋਂ ਕਿ ਪਿਛਲੇ ਸਾਲ ਸੋਨੇ ਅਤੇ ਚਾਂਦੀ ਦਾ ਕਾਰੋਬਾਰ ਮਿਲਾ ਕੇ ਕਰੀਬ 25,000 ਕਰੋੜ ਰੁਪਏ ਦਾ ਸੀ।
15 ਫੀਸਦੀ ਡਿੱਗੀ ਸੋਨੇ ਦੀ ਵਿਕਰੀ
ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈ.ਬੀ.ਜੇ.ਏ.) ਦੇ ਰਾਸ਼ਟਰੀ ਸਕੱਤਰ ਸੁਰਿੰਦਰ ਮਹਿਤਾ ਨੇ ਕਿਹਾ ਕਿ ਚਾਂਦੀ ਦੀ ਵਿਕਰੀ ਵਿੱਚ 33 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂ ਕਿ ਸੋਨੇ ਦੀਆਂ ਕੀਮਤਾਂ ਵਿੱਚ 15 ਫੀਸਦੀ ਦੀ ਗਿਰਾਵਟ ਆਈ ਹੈ। ਚਾਂਦੀ ਨੂੰ ਵਧੇਰੇ ਵਿਹਾਰਕ ਨਿਵੇਸ਼ ਮੰਨਿਆ ਜਾਂਦਾ ਹੈ। ਮਹਿਤਾ ਅਨੁਸਾਰ ਇਸ ਧਨਤੇਰਸ 'ਤੇ ਸੋਨੇ ਦੀ ਵਿਕਰੀ 35 ਟਨ ਤੱਕ ਪਹੁੰਚਣ ਦੀ ਉਮੀਦ ਹੈ, ਜੋ ਪਿਛਲੇ ਸਾਲ ਦੇ 42 ਟਨ ਤੋਂ ਘੱਟ ਹੈ। ਪਿਛਲੀ ਦੀਵਾਲੀ ਤੋਂ ਬਾਅਦ ਸੋਨੇ ਦੀਆਂ ਕੀਮਤਾਂ 'ਚ 30 ਫੀਸਦੀ ਦਾ ਵਾਧਾ ਹੋਇਆ ਹੈ। ਮੰਗਲਵਾਰ ਨੂੰ 10 ਗ੍ਰਾਮ ਸਟੈਂਡਰਡ ਸੋਨਾ 78,430 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ, ਜੋ ਪਿਛਲੇ ਬੰਦ ਦੇ ਮੁਕਾਬਲੇ 0.6 ਫੀਸਦੀ ਵੱਧ ਹੈ।
ਵਾਹਨਾਂ ਦੀ ਵਿਕਰੀ 25 ਫੀਸਦੀ ਵਧਣ ਦਾ ਅਨੁਮਾਨ
ਆਟੋਮੋਬਾਈਲ ਇੰਡਸਟਰੀ ਬਾਡੀ FADA ਦੇ ਮੁਤਾਬਕ ਧਨਤੇਰਸ 'ਤੇ ਕਾਰ ਅਤੇ ਦੋਪਹੀਆ ਵਾਹਨਾਂ ਦੀ ਵਿਕਰੀ 'ਚ 20 ਤੋਂ 25 ਫੀਸਦੀ ਵਾਧਾ ਹੋ ਸਕਦਾ ਹੈ। ਦੁਸਹਿਰੇ ਦੌਰਾਨ ਇਹ ਵਾਧਾ ਪੰਜ ਤੋਂ 12 ਫੀਸਦੀ ਸੀ। ਦੀਵਾਲੀ 'ਤੇ ਵਿਕਰੀ ਦਾ ਇਹ ਅੰਕੜਾ ਦੁੱਗਣਾ ਹੋ ਸਕਦਾ ਹੈ। ਧਨਤੇਰਸ 'ਤੇ ਕਾਰਾਂ ਦੀ ਵਿਕਰੀ 10 ਫੀਸਦੀ ਅਤੇ ਦੋਪਹੀਆ ਵਾਹਨਾਂ ਦੀ ਵਿਕਰੀ 15 ਫੀਸਦੀ ਵਧਣ ਦੀ ਉਮੀਦ ਹੈ।
ਇਸ ਦੌਰਾਨ ਉਦਯੋਗ ਸੰਗਠਨ ਸੀਮਾ ਨੇ ਕਿਹਾ ਕਿ ਧਨਤੇਰਸ ਦੇ ਦਿਨ ਫਰਿੱਜ, ਟੀਵੀ, ਵਾਸ਼ਿੰਗ ਮਸ਼ੀਨ ਦੇ ਨਾਲ-ਨਾਲ ਸਮਾਰਟਫੋਨ ਦੀ ਵਿਕਰੀ ਵਿੱਚ 20 ਤੋਂ 30 ਫੀਸਦੀ ਦਾ ਵਾਧਾ ਹੋ ਸਕਦਾ ਹੈ।
1 ਨਵੰਬਰ ਤੋਂ ਬਦਲ ਜਾਣਗੇ ਇਹ ਨਿਯਮ, ਜਾਣੋ ਕੀ ਪਵੇਗਾ ਤੁਹਾਡੇ 'ਤੇ ਅਸਰ
NEXT STORY