ਨਵੀਂ ਦਿੱਲੀ— ਗੁਜਰਾਤ ਚੋਣਾਂ ਖਤਮ ਹੋਣ ਦੇ ਕੁਝ ਦਿਨਾਂ ਬਾਅਦ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਚਨੇ ਅਤੇ ਮਸਰ 'ਤੇ ਦਰਾਮਦ ਡਿਊਟੀ (ਇੰਪੋਰਟ ਡਿਊਟੀ) ਵਧਾ ਕੇ 30 ਫੀਸਦੀ ਕਰ ਦਿੱਤੀ ਹੈ, ਤਾਂ ਕਿ ਕਿਸਾਨਾਂ ਨੂੰ ਘਰੇਲੂ ਬਾਜ਼ਾਰ 'ਚ ਘੱਟ ਕੀਮਤਾਂ ਨਾਲ ਜੂਝਣਾ ਨਾ ਪਵੇ। ਉੱਥੇ ਹੀ ਕਣਕ 'ਤੇ ਸਰਕਾਰ ਇਕ ਵਾਰ ਫਿਰ ਦਰਾਮਦ ਡਿਊਟੀ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਮੌਜੂਦਾ ਸਮੇਂ ਕਣਕ 'ਤੇ 20 ਫੀਸਦੀ ਦਰਾਮਦ ਡਿਊਟੀ ਹੈ। ਪਿਛਲੇ ਮਹੀਨੇ ਹੀ ਸਰਕਾਰ ਨੇ ਕਣਕ 'ਤੇ ਦਰਾਮਦ ਡਿਊਟੀ 10 ਫੀਸਦੀ ਤੋਂ ਵਧਾ ਕੇ 20 ਫੀਸਦੀ ਕੀਤੀ ਸੀ। ਇਸ ਦਾ ਮਕਸਦ ਕਣਕ ਦੀ ਸਸਤੀ ਦਰਾਮਦ ਨੂੰ ਘੱਟ ਕਰਨਾ ਅਤੇ ਕਿਸਾਨਾਂ ਨੂੰ ਬਾਜ਼ਾਰ 'ਚ ਸਹੀ ਮੁੱਲ ਦਿਵਾਉਣਾ ਹੈ। ਸੂਤਰਾਂ ਮੁਤਾਬਕ ਬੀਜਾਈ ਨੂੰ ਹੱਲਾਸ਼ੇਰੀ ਦੇਣ ਅਤੇ ਘਰੇਲੂ ਕੀਮਤਾਂ ਨੂੰ ਸਮਰਥਨ ਦੇਣ ਲਈ ਸਰਕਾਰ ਜਲਦ ਕਣਕ 'ਤੇ ਦਰਾਮਦ ਡਿਊਟੀ ਦੀ ਦਰ ਵਧਾ ਸਕਦੀ ਹੈ। ਸਰਕਾਰ ਵੱਲੋਂ ਇਹ ਸਾਰੇ ਕਦਮ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਚੁੱਕੇ ਗਏ ਹਨ। ਇਸ ਦਾ ਇਕ ਮਕਸਦ ਕਿਸਾਨਾਂ ਦੀ ਨਾਰਾਜ਼ਗੀ ਨੂੰ ਵੀ ਦੂਰ ਕਰਨਾ ਹੈ।ਮਸਰ ਅਤੇ ਚਨੇ 'ਤੇ ਦਰਾਮਦ ਡਿਊਟੀ ਵਧਣ ਨਾਲ ਹੁਣ ਬਾਹਰਲੇ ਮੁਲਕੋਂ ਇਨ੍ਹਾਂ ਦੀ ਖਰੀਦ ਮਹਿੰਗੀ ਪਵੇਗੀ, ਜਿਸ ਨਾਲ ਘਰੇਲੂ ਕੀਮਤਾਂ ਨੂੰ ਸਮਰਥਨ ਮਿਲੇਗਾ।ਅਜਿਹੇ 'ਚ ਕਿਸਾਨ ਜਦੋਂ ਆਪਣੀ ਫਸਲ ਬਾਜ਼ਾਰ 'ਚ ਵੇਚਣਗੇ ਤਾਂ ਉਨ੍ਹਾਂ ਨੂੰ ਇਸ ਦਾ ਸਹੀ ਮੁੱਲ ਮਿਲ ਸਕੇਗਾ।
ਸਰਕਾਰ ਨੇ ਚਨੇ (ਛੋਲੇ) ਅਤੇ ਮਸਰ 'ਤੇ ਤਤਕਾਲ ਪ੍ਰਭਾਵ ਨਾਲ 30 ਫੀਸਦੀ ਦਰਾਮਦ ਡਿਊਟੀ ਲਗਾ ਦਿੱਤੀ ਹੈ। ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਅਗਾਮੀ ਹਾੜੀ ਸੀਜ਼ਨ 'ਚ ਚਨੇ ਅਤੇ ਮਸਰ ਦੀ ਪੈਦਾਵਾਰ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ ਸਸਤੀ ਦਰਾਮਦ ਨਾਲ ਕਿਸਾਨਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਸੀ। ਇਹੀ ਵਜ੍ਹਾ ਹੈ ਕਿ ਕਿਸਾਨਾਂ ਦੇ ਹਿੱਤ 'ਚ ਇਹ ਕਦਮ ਚੁੱਕੇ ਗਏ ਹਨ। ਛੋਲੇ, ਮਸਰ ਅਤੇ ਕਣਕ ਦੇਸ਼ ਦੇ ਉੱਤਰੀ ਇਲਾਕੇ ਦੀਆਂ ਪ੍ਰਮੁੱਖ ਫਸਲਾਂ ਹਨ। ਇਨ੍ਹਾਂ ਤਿੰਨਾਂ ਫਸਲਾਂ ਦਾ ਉਤਪਾਦਨ ਇਸ ਵਾਰ ਚੰਗਾ ਰਹਿਣ ਦੀ ਉਮੀਦ ਹੈ। ਫਿਲਹਾਲ ਛੋਲੇ 4,000 ਤੋਂ 4,200 ਅਤੇ ਮਸਰ 3,500 ਰੁਪਏ ਪ੍ਰਤੀ ਕੁਇੰਟਲ ਦੇ ਮੁੱਲ 'ਤੇ ਵਿਕ ਰਹੇ ਹਨ, ਜੋ ਸਮਰਥਨ ਮੁੱਲ ਤੋਂ ਘੱਟ ਹਨ। ਜ਼ਿਕਰਯੋਗ ਹੈ ਕਿ ਸਰਕਾਰ ਨੇ ਮੌਜੂਦਾ ਹਾੜੀ ਸੀਜ਼ਨ ਲਈ ਕਣਕ ਦਾ ਸਮਰਥਨ ਮੁੱਲ ਵਧਾ ਕੇ 1735 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ, ਜੋ ਪਹਿਲਾਂ 1625 ਰੁਪਏ ਪ੍ਰਤੀ ਕੁਇੰਟਲ ਸੀ। ਮਸਰ ਦਾ ਸਮਰਥਨ ਮੁੱਲ 4,150 ਰੁਪਏ ਪ੍ਰਤੀ ਕੁਇੰਟਲ ਹੈ, ਜਿਸ 'ਚ 100 ਰੁਪਏ ਦਾ ਬੋਨਸ ਵੀ ਮਿਲੇਗਾ, ਯਾਨੀ ਕਿ ਮਸਰ 'ਤੇ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ 4250 ਰੁਪਏ ਤੈਅ ਕੀਤਾ ਹੈ। ਇਸ ਦੇ ਇਲਾਵਾ ਚਨੇ ਦਾ ਸਮਰਥਨ ਮੁੱਲ 4,400 ਰੁਪਏ ਰੱਖਿਆ ਗਿਆ ਹੈ।
ਰਿਲਾਇੰਸ ਇੰਫਰਾ 18800 ਕਰੋੜ 'ਚ ਅਡਾਨੀ ਨੂੰ ਵੇਚੇਗਾ ਮੁੰਬਈ ਦਾ ਬਿਜਲੀ ਕਾਰੋਬਾਰ
NEXT STORY