ਨਵੀਂ ਦਿੱਲੀ— ਹੁਣ ਇਲੈਕਟ੍ਰਿਕ ਗੱਡੀ ਖਰੀਦਣਾ ਜਲਦ ਹੀ ਸਸਤਾ ਹੋਣ ਜਾ ਰਿਹਾ ਹੈ। ਇਨ੍ਹਾਂ 'ਤੇ ਜੀ. ਐੱਸ. ਟੀ. ਦਰ 7 ਫੀਸਦੀ ਤਕ ਘਟਾ ਦਿੱਤੀ ਗਈ ਹੈ। ਸ਼ਨੀਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਅਗਵਾਈ 'ਚ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ 'ਗੁੱਡਜ਼ ਤੇ ਸਰਵਿਸ ਟੈਕਸ (ਜੀ. ਐੱਸ. ਟੀ.)' ਕੌਂਸਲ ਦੀ 36ਵੀਂ ਬੈਠਕ ਨੇ ਇਲੈਕਟ੍ਰਿਕ ਵਾਹਨਾਂ 'ਤੇ ਜੀ. ਐੱਸ. ਟੀ. ਦਰ ਘਟਾ ਕੇ 5 ਫੀਸਦੀ ਕਰ ਦਿੱਤੀ ਹੈ, ਜੋ ਪਹਿਲਾਂ 12 ਫੀਸਦੀ ਸੀ।
ਇਲੈਕਟ੍ਰਿਕ ਵਾਹਨਾਂ 'ਤੇ ਟੈਕਸ ਦੀ ਨਵੀਂ ਦਰ ਇਸ ਸਾਲ ਅਗਸਤ ਤੋਂ ਲਾਗੂ ਹੋ ਜਾਵੇਗੀ। ਉੱਥੇ ਹੀ, ਈ-ਵਾਹਨਾਂ ਦੇ ਚਾਰਜਰ 'ਤੇ ਵੀ ਜੀ. ਐੱਸ. ਟੀ. ਦਰ 18 ਤੋਂ ਘਟਾ ਕੇ 5 ਫੀਸਦੀ ਕਰ ਦਿੱਤੀ ਗਈ ਹੈ, ਯਾਨੀ ਹੁਣ ਇਲੈਕਟ੍ਰਿਕ ਵਾਹਨਾਂ ਲਈ ਸਰਕਾਰ ਨੇ ਪੂਰਾ ਮਾਹੌਲ ਬਣਾ ਦਿੱਤਾ ਹੈ।
5 ਜੁਲਾਈ ਨੂੰ ਪੇਸ਼ ਹੋਏ ਬਜਟ ਮਗਰੋਂ ਜੀ. ਐੱਸ. ਟੀ. ਕੌਂਸਲ ਦੀ ਇਹ ਪਹਿਲੀ ਮੀਟਿੰਗ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ 'ਚ ਇਲੈਕਟ੍ਰਿਕ ਵਾਹਨਾਂ 'ਤੇ ਜੀ. ਐੱਸ. ਟੀ. ਦਰ ਘਟਾਉਣ ਦਾ ਪ੍ਰਸਤਾਵ ਕੀਤਾ ਸੀ, ਨਾਲ ਹੀ ਇਲੈਕਟ੍ਰਿਕ ਵਾਹਨਾਂ ਦੀ ਖਰੀਦ 'ਤੇ 1.50 ਲੱਖ ਰੁਪਏ ਦੀ ਵਾਧੂ ਇਨਕਮ ਟੈਕਸ ਛੋਟ ਪ੍ਰਸਤਾਵਿਤ ਕੀਤੀ ਗਈ ਸੀ। ਹੁਣ ਇਸ 'ਤੇ ਜੀ. ਐੱਸ. ਟੀ. ਦਰ ਘਟਾ ਕੇ ਖਰੀਦਦਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ।
70 ਹਜ਼ਾਰ ਰੁਪਏ ਸਸਤੀ ਹੋ ਸਕਦੀ ਹੈ 10 ਲੱਖ ਦੀ ਗੱਡੀ-
ਮੌਜੂਦਾ ਸਮੇਂ ਇਲੈਕਟ੍ਰਿਕ ਵਾਹਨਾਂ 'ਤੇ 12 ਫੀਸਦੀ ਦੀ ਦਰ ਨਾਲ ਜੀ. ਐੱਸ. ਟੀ. ਲੱਗਦਾ ਹੈ। ਪਹਿਲੀ ਅਗਸਤ ਤੋਂ ਇਹ ਘਟ ਕੇ 5 ਫੀਸਦੀ ਹੋ ਜਾਵੇਗਾ, ਯਾਨੀ ਹੁਣ ਇਲੈਕਟ੍ਰਿਕ ਕਾਰ ਖਰੀਦਣ 'ਤੇ 7 ਫੀਸਦੀ ਘੱਟ ਜੀ. ਐੱਸ. ਟੀ. ਦੇਣਾ ਹੋਵੇਗਾ। ਜੇਕਰ ਤੁਸੀਂ 10 ਲੱਖ ਰੁਪਏ ਤਕ ਦੀ ਇਲੈਕਟ੍ਰਿਕ ਕਾਰ ਖਰੀਦਦੇ ਹੋ ਤਾਂ 1 ਅਗਸਤ 2019 ਤੋਂ ਇਸ 'ਤੇ 70 ਹਜ਼ਾਰ ਰੁਪਏ ਤਕ ਦੀ ਬਚਤ ਹੋਵੇਗੀ।
ਅਮਰੀਕਾ ਨੇ ਭਾਰਤ ਦੇ ਸੀ-17 ਜਹਾਜ਼ਾਂ ਨੂੰ ਸਹਿਯੋਗ ਲਈ ਵਿਦੇਸ਼ੀ ਫੌਜ ਵਿਕਰੀ ਨੂੰ ਮਨਜ਼ੂਰੀ ਦਿੱਤੀ
NEXT STORY