ਵਾਸ਼ਿੰਗਟਨ (ਭਾਸ਼ਾ) - ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੇ ਮੁੱਖ ਅਰਥਸ਼ਾਸਤਰੀ ਪਿਅਰੇ-ਓਲਿਵਿਅਰ ਗੋਰਿੰਚੇਸ ਨੇ ਭਾਰਤੀ ਅਰਥਵਿਵਸਥਾ ਦੀ ਤਾਰੀਫ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਅਜਿਹੇ ਸਮੇਂ ’ਚ ਤੇਜ਼ੀ ਨਾਲ ਉਭਰ ਰਹੀ ਹੈ, ਜਦੋਂ ਦੁਨੀਆ ਮੰਦੀ ਦੀ ਸੰਭਾਵਨਾ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ 10 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਨੂੰ ਛੂਹਣ ਦੀ ਸਮਰੱਥਾ ਰੱਖਦਾ ਹੈ। ਜੇਕਰ ਕੁਝ ਠੋਸ ਕਦਮ ਚੁੱਕੇ ਜਾਣ ਤਾਂ ਜਲਦੀ ਹੀ ਆਪਣੇ ਟੀਚੇ ਨੂੰ ਹਾਸਲ ਕਰ ਲਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ’ਚ ਨਿਵੇਸ਼ ’ਤੇ ਜ਼ੋਰ ਦੇਣਾ ਹੋਵੇਗਾ।
ਪਿਅਰੇ-ਓਲਿਵਿਅਰ ਗੋਰਿੰਚੇਸ ਨੇ ਕਿਹਾ ਕਿ 10 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦਾ ਮਾਦਾ ਭਾਰਤ ’ਚ ਹੈ। ਉਨ੍ਹਾਂ ਕਿਹਾ ਕਿ ਮੇਰਾ ਮਤਲਬ ਹੈ ਕਿ ਅਸੀਂ ਪਿਛਲੇ ਸਮੇਂ ’ਚ ਕਈ ਦੇਸ਼ਾਂ ਨੂੰ ਬਹੁਤ ਤੇਜ਼ੀ ਨਾਲ ਵਿਕਾਸ ਕਰਦੇ ਦੇਖਿਆ ਹੈ ਅਤੇ ਅਸਲ ’ਚ ਬਹੁਤ ਤੇਜ਼ੀ ਨਾਲ ਵਿਕਾਸ ਕੀਤਾ ਵੀ ਹੈ। ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਲਈ 10 ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣਨਾ ਥੋੜ੍ਹਾ ਮੁਸ਼ਕਲ ਹੈ ਪਰ ਭਾਰਤ ਵਰਗੀ ਅਰਥਵਿਵਸਥਾ ਲਈ ਯਕੀਨੀ ਤੌਰ ’ਤੇ ਵੱਡੀ ਸੰਭਾਵਨਾ ਹੈ। ਅਜਿਹਾ ਕਰਨ ਲਈ ਭਾਰਤ ਨੂੰ ਕਈ ਢਾਂਚਾਗਤ ਸੁਧਾਰ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਜੀ-20 ਦੇ ਪ੍ਰਧਾਨ ਦੇ ਤੌਰ ’ਤੇ ਦੁਨੀਆ ਦੇ ਸਾਹਮਣੇ ਜੋ ਅਹਿਮ ਚੁਣੌਤੀਆਂ ਹਨ, ਉਨ੍ਹਾਂ ਨੂੰ ਦਾ ਸਾਹਮਣਾ ਕਰਨ ਲਈ ਦੇਸ਼ਾਂ ਨੂੰ ਇਕੱਠੇ ਲਿਆਉਣ ਦਾ ਔਖਾ ਕੰਮ ਕਰਨਾ ਹੋਵੇਗਾ। ਗੋਰਿੰਚੇਸ ਨੇ ਭਾਰਤ ਦੇ ਡਿਜੀਟਲੀਕਰਨ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਇਹ ਕਦਮ ਬਹੁਤ ‘ਵੱਡਾ ਬਦਲਾਅ’ ਲਿਆਉਣ ਵਾਲਾ ਹੈ, ਕਿਉਂਕਿ ਇਸ ਨਾਲ ਭਾਰਤ ਸਰਕਾਰ ਲਈ ਅਜਿਹੇ ਕੰਮ ਕਰਨੇ ਸੰਭਵ ਹੋਏ ਹਨ, ਜੋ ਨਹੀਂ ਤਾਂ ਬਹੁਤ ਔਖੇ ਹੁੰਦੇ।
ਭਾਰਤ ਨੂੰ ਇਨ੍ਹਾਂ ਖੇਤਰਾਂ ’ਚ ਕਰਨਾ ਹੋਵੇਗਾ ਨਿਵੇਸ਼
ਆਈ. ਐੱਮ. ਐੱਫ. ਦੇ ਮੁੱਖ ਅਰਥਸ਼ਾਸਤਰੀ ਨੇ ਕਿਹਾ ਕਿ ਭਾਰਤ ਨੂੰ 10 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਲਈ ਕੁਝ ਠੋਸ ਕਦਮ ਚੁੱਕਣੇ ਪੈਣਗੇ। ਉਨ੍ਹਾਂ ਕਿਹਾ ਕਿ ਇੱਥੇ ਇਮਾਰਤਾਂ ਅਤੇ ਸੜਕਾਂ ’ਚ ਨਿਵੇਸ਼ ਤਾਂ ਹੋ ਹੀ ਰਿਹਾ ਹੈ ਪਰ ਜੇਕਰ ਮਨੁੱਖੀ ਸਰੋਤ, ਮਨੁੱਖੀ ਪੂੰਜੀ, ਸਿਹਤ, ਸਿੱਖਿਆ ਆਦਿ ’ਚ ਨਿਵੇਸ਼ ਹੋਵੇਗਾ ਤਾਂ ਭਾਰਤ ਤੇਜ਼ੀ ਨਾਲ ਅੱਗੇ ਵਧੇਗਾ।
ਕਈ ਦੇਸ਼ਾਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕਰ ਰਿਹੈ ਭਾਰਤ
ਗੋਰਿੰਚੇਸ ਨੇ ਕਿਹਾ ਕਿ ਭਾਰਤ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ’ਚੋਂ ਇਕ ਹੈ, ਇਸ ਲਈ, ਜਦੋਂ ਇਹ ਅਸਲ ’ਚ 6.8 ਜਾਂ 6.1 ਵਰਗੀਆਂ ਠੋਸ ਦਰਾਂ ਨਾਲ ਵਧ ਰਿਹਾ ਹੈ, ਤਾਂ ਅਸਲ ’ਚ ਇਹ ਧਿਆਨ ਦੇਣ ਯੋਗ ਹੈ। ਅਜਿਹੀ ਤਸਵੀਰ ’ਚ ਜਿੱਥੇ ਹੋਰ ਸਾਰੀਆਂ ਅਰਥਵਿਵਸਥਾਵਾਂ ਅਤੇ ਉੱਨਤ ਅਰਥਵਿਵਸਥਾਵਾਂ ਸ਼ਾਇਦ ਹੀ ਕਦੇ ਉਸ ਰਫਤਾਰ ਨਾਲ ਘੱਟ ਹੀ ਵਧਦੀਆਂ ਹਨ ਪਰ ਜੇਕਰ ਭਾਰਤ ਅਜੇ ਵੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ, ਤਾਂ ਇਹ ਇਕ ਚੰਗਾ ਸੰਕੇਤ ਹੈ।
ਗੁੰਝਲਦਾਰ ਮੁੱਦਿਆਂ ਦੇ ਹੱਲ ਲਈ ਤਕਨਾਲੋਜੀ ਦੀ ਵਰਤੋਂ ਕਰ ਕੇ ਮਿਸਾਲ ਕਾਇਮ ਕਰ ਰਿਹੈ ਭਾਰਤ
ਆਈ. ਐੱਮ. ਐੱਫ. ਨੇ ਕਿਹਾ ਕਿ ਭਾਰਤ ਗੁੰਝਲਦਾਰ ਮੁੱਦਿਆਂ ਨੂੰ ਸੁਲਝਾਉਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਦੇ ਲਿਹਾਜ ਨਾਲ ਸਭ ਤੋਂ ਪ੍ਰੇਰਣਾਦਾਇਕ ਮਿਸਾਲ ਕਾਇਮ ਕਰ ਰਿਹਾ ਹੈ ਅਤੇ ਇਸ ਦੇਸ਼ ਦੀਆਂ ਬਹੁਤ ਸਾਰੀਆਂ ਗੱਲਾਂ ਸਿੱਖਣ ਯੋਗ ਹਨ। ਉਨ੍ਹਾਂ ਨੇ ਭਾਰਤ ਦੀ ਡਾਇਰੈਕਟ ਬੈਨੀਫਿਟ ਟਰਾਂਸਫਰ ਸਕੀਮ (ਡੀ. ਬੀ. ਟੀ.) ਅਤੇ ਹੋਰ ਸਮਾਜ ਭਲਾਈ ਪ੍ਰੋਗਰਾਮਾਂ ਨੂੰ ‘ਲਾਜਿਸਟਿਕ ਚਮਤਕਾਰ’ ਦੱਸਿਆ। ਡਾਇਰੈਕਟ ਬੈਨੀਫਿਟ ਟਰਾਂਸਫਰ ਦਾ ਟੀਚਾ ਵੱਖ-ਵੱਖ ਸਮਾਜ ਭਲਾਈ ਸਕੀਮਾਂ ਦੇ ਲਾਭਾਂ ਅਤੇ ਸਬਸਿਡੀਆਂ ਨੂੰ ਯੋਗ ਲੋਕਾਂ ਦੇ ਖਾਤਿਆਂ ’ਚ ਸਮੇਂ ਸਿਰ ਅਤੇ ਸਿੱਧੇ ਭੇਜਣਾ ਹੈ, ਜਿਸ ਨਾਲ ਪ੍ਰਭਾਵਸ਼ੀਲਤਾ, ਪਾਰਦਰਸ਼ਿਤਾ ਵਧਦੀ ਹੈ ਅਤੇ ਵਿਚੋਲਿਆਂ ਦੀ ਭੂਮਿਕਾ ਨੂੰ ਘੱਟ ਹੁੰਦੀ ਹੈ। ਸਰਕਾਰੀ ਅੰਕੜਿਆਂ ਅਨੁਸਾਰ 2013 ਤੋਂ ਡੀ. ਬੀ. ਟੀ. ਇਸ ਯੋਜਨਾ ਰਾਹੀਂ 24.8 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਲਾਭਪਾਤਰੀਆਂ ਤੱਕ ਪਹੁੰਚਾਈ ਗਈ ਹੈ, ਜਿਸ ’ਚੋਂ 6.3 ਲੱਖ ਕਰੋੜ ਰੁਪਏ ਦੇ ਲਾਭ ਸਿਰਫ਼ 2021-22 ’ਚ ਹੀ ਪਹੁੰਚਾਏ ਗਏ। 2021-22 ਦੇ ਅੰਕੜਿਆਂ ਅਨੁਸਾਰ ਔਸਤਨ 90 ਲੱਖ ਤੋਂ ਵੱਧ ਡੀ. ਬੀ. ਟੀ. ਭੁਗਤਾਨ ਰੋਜ਼ਾਨਾ ਹੁੰਦੇ ਹਨ।
ਭਾਰਤ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ : ਪਾਓਲੋ ਮਾਊਰੋ
ਆਈ. ਐੱਮ. ਐੱਫ. ’ਚ ਵਿੱਤੀ ਮਾਮਲਿਆਂ ਦੇ ਵਿਭਾਗ ਦੇ ਡਿਪਟੀ ਡਾਇਰੈਕਟਰ ਪਾਓਲੋ ਮਾਊਰੋ ਨੇ ਕਿਹਾ, “ਭਾਰਤ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਦੁਨੀਆ ’ਚ ਹੋਰ ਵੀ ਬਹੁਤ ਸਾਰੀਆਂ ਪ੍ਰੇਰਨਾਦਾਇਕ ਉਦਾਹਰਣਾਂ ਹਨ, ਹਰ ਮਹਾਂਦੀਪ ਅਤੇ ਹਰ ਆਮਦਨ ਪੱਧਰ ਦੀ ਉਦਾਹਰਨ ਸਾਡਾ ਸਾਹਮਣੇ ਹੈ। ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਇਹ ਬਹੁਤ ਪ੍ਰਭਾਵਸ਼ਾਲੀ ਹੈ।’’
ਭਾਰਤ ਸਰਕਾਰ ਵੱਲੋਂ ਡੀ. ਬੀ. ਟੀ. ਪ੍ਰੋਗਰਾਮ ਨੂੰ ਸਫਲਤਾਪੂਰਵਕ ਲਾਗੂ ਕਰਨ ’ਤੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਦੇਸ਼ ਦੇ ਆਕਾਰ ਨੂੰ ਦੇਖਦੇ ਹੋਏ ਇਹ ‘ਲਾਜਿਸਟੀਕਲ ਚਮਤਕਾਰ’ ਹੀ ਹੈ, ਜਿਸ ਤਰ੍ਹਾਂ ਗਰੀਬ ਲੋਕਾਂ ਦੀ ਮਦਦ ਲਈ ਸ਼ੁਰੂ ਕੀਤੇ ਗਏ ਇਹ ਪ੍ਰੋਗਰਾਮ ਲੱਖਾਂ ਲੋਕਾਂ ਤੱਕ ਪਹੁੰਚੇ ਹਨ।’’
ਉਨ੍ਹਾਂ ਕਿਹਾ, ‘‘ਭਾਰਤ ਦੇ ਮਾਮਲੇ ’ਚ ਇਕ ਗੱਲ ਧਿਆਨ ਦੇਣ ਯੋਗ ਹੈ ਅਤੇ ਉਹ ਹੈ ਵਿਲੱਖਣ ਪਛਾਣ ਪ੍ਰਣਾਲੀ ਯਾਨੀ ‘ਆਧਾਰ’ ਦੀ ਵਰਤੋਂ।’’
ਰੋਟੀ ਤੋਂ ਬਿਲਕੁੱਲ ਵੱਖਰਾ ਹੈ ਪਰੌਂਠਾ, ਚੁਕਾਉਣਾ ਪਵੇਗਾ 18 ਫ਼ੀਸਦੀ ਜੀ.ਐੱਸ.ਟੀ
NEXT STORY