ਨਵੀਂ ਦਿੱਲੀ — ਜਨਤਕ ਖੇਤਰ ਦੀ ਕੰਪਨੀ ਇੰਡੀਅਨ ਆਇਲ ਦਾ ਸ਼ੁੱਧ ਲਾਭ ਦੂਜੀ ਤਿਮਾਹੀ ਵਿਚ 83 ਫੀਸਦੀ ਘਟ ਕੇ 564 ਕਰੋੜ ਰੁਪਏ 'ਤੇ ਆ ਗਿਆ। ਕੰਪਨੀ ਦੇ ਚੇਅਰਮੈਨ ਸੰਜੀਵ ਸਿੰਘ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਤੌਰ 'ਤੇ ਰਿਫਾਇਨਰੀ ਕਾਰੋਬਾਰ ਵਿਚ ਮਾਰਜਨ 'ਚ ਗਿਰਾਵਟ ਅਤੇ ਭੰਡਾਰ ਦਾ ਮੁੱਲ ਘੱਟ ਹੋਣ ਕਾਰਨ ਮੁਨਾਫਾ ਘਟਿਆ ਹੈ। ਕੰਪਨੀ ਨੂੰ ਪਿਛਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 3,247 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਨੂੰ ਰਿਫਾਇਨਰੀ ਕਾਰੋਬਾਰ 'ਚ ਪਿਛਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ ਦਾ ਮਾਰਜਨ 6.79 ਡਾਲਰ ਪ੍ਰਤੀ ਬੈਰਲ ਸੀ, ਜਿਹੜਾ ਕਿ ਇਸ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ ਵਿਚ ਡਿੱਗ ਕੇ 1.28 ਡਾਲਰ ਪ੍ਰਤੀ ਬੈਰਲ ਰਹਿ ਗਿਆ।
ਜੇਕਰ ਭੰਡਾਰ 'ਚ ਰੱਖੇ ਸਟਾਕ ਦੇ ਮੁੱਲ 'ਚ ਕਮੀ ਨੂੰ ਹਟਾ ਦਿੱਤਾ ਜਾਵੇ, ਤਾਂ ਕੁੱਲ ਸੰਸ਼ੋਧਨ ਮਾਰਜਨ ਇਸ ਦੌਰਾਨ 3.99 ਡਾਲਰ ਪ੍ਰਤੀ ਬੈਰਲ ਬਣਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ਦੌਰਾਨ ਪਿਛਲੇ ਵਿੱਤੀ ਵਰ੍ਹੇ ਵਿਚ ਸਟਾਕ ਵਿਚ ਪਏ ਸਮਾਨ ਦੇ ਮੁਲਾਂਕਣ ਤੋਂ 2,895 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ ਪਰ ਇਸ ਵਿੱਤੀ ਸਾਲ ਵਿਚ 1,807 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਸਿੰਘ ਨੇ ਕਿਹਾ ਕਿ ਕੰਪਨੀ ਨੂੰ ਇਸ ਦੌਰਾਨ ਐਕਸਚੇਂਜ ਰੇਟ ਬਦਲਾਅ ਕਰਕੇ ਵੀ 1,135 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਮੇਂ ਦੌਰਾਨ ਕੰਪਨੀ ਦੀ ਕੁੱਲ ਆਮਦਨ 1.51 ਲੱਖ ਕਰੋੜ ਰੁਪਏ ਤੋਂ ਡਿੱਗ ਕੇ 1.32 ਲੱਖ ਕਰੋੜ ਰੁਪਏ 'ਤੇ ਆ ਗਈ। ਕੰਪਨੀ ਨੇ ਇਸ ਤਿਮਾਹੀ ਦੌਰਾਨ 214 ਲੱਖ ਟਨ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਕੀਤੀ। ਇਸ ਮਿਆਦ ਦੌਰਾਨ ਰਿਫਾਇਨਰੀ ਕਾਰੋਬਾਰ ਦਾ ਉਤਪਾਦਨ 175 ਲੱਖ ਟਨ ਰਿਹਾ।
ਤੇਜਸ ਐਕਸਪ੍ਰੈੱਸ ਦੇ ਯਾਤਰੀਆਂ ਲਈ ਜ਼ਰੂਰੀ ਖਬਰ, ਇਸ ਕਾਰਨ ਹੋਈ ਲੇਟ ਤਾਂ ਨਹੀਂ ਮਿਲੇਗਾ ਮੁਆਵਜ਼ਾ
NEXT STORY