ਬਿਜ਼ਨੈੱਸ ਡੈਸਕ- ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਪਣੇ 6 ਮਾਡਲਾਂ Alto K10, S-Presso, Eeco, Brezza, Baleno ਅਤੇ Grand Vitara ਦੀਆਂ 17,362 ਇਕਾਈਆਂ ਨੂੰ ਵਾਪਸ ਮੰਗਵਾ ਰਹੀ ਹੈ। ਇਹ ਜਾਣਕਾਰੀ ਕੰਪਨੀ ਨੇ ਰੈਗੂਲੇਟਰੀ ਫਾਈਲਿੰਗ 'ਚ ਦਿੱਤੀ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਮਾਡਲਾਂ 'ਚ ਏਅਰਬੈਗ ਸੰਬੰਧੀ ਖ਼ਰਾਬੀ ਹੋ ਸਕਦੀ ਹੈ। ਵਾਪਸ ਬੁਲਾ ਕੇ ਹੀ ਇਸ ਖਰਾਬੀ ਨੂੰ ਠੀਕ ਕੀਤਾ ਜਾਵੇਗਾ। ਇਨ੍ਹਾਂ ਸਾਰੇ ਮਾਡਲਾਂ ਨੂੰ 8 ਦਸੰਬਰ 2022 ਤੋਂ 12 ਜਨਵਰੀ 2023 ਦੇ ਵਿਚਕਾਰ ਬਣਾਇਆ ਗਿਆ ਸੀ।
ਮਾਰੂਤੀ ਸੁਜ਼ੂਕੀ ਨੇ ਅੱਗੇ ਦੱਸਿਆ ਕਿ ਵਾਪਸ ਮੰਗਵਾਈਆਂ ਜਾ ਰਹੀਆਂ ਕਾਰਾਂ ਨੂੰ ਕੰਪਨੀ ਦੇ ਸਰਵਿਸ ਸੈਂਟਰਾਂ 'ਤੇ ਚੈੱਕ ਕੀਤਾ ਜਾਵੇਗਾ। ਲੋੜ ਪੈਣ 'ਤੇ ਖ਼ਰਾਬ ਏਅਰਬੈਗ ਕੰਟਰੋਲਰ ਹਿੱਸੇ ਨੂੰ ਬਦਲ ਦਿੱਤਾ ਜਾਵੇਗਾ। ਅਜਿਹੀ ਸੰਭਾਵਨਾ ਹੈ ਕਿ ਇਸ ਖ਼ਰਾਬੀ ਕਾਰਨ ਹਾਦਸਿਆਂ ਦੀ ਸਥਿਤੀ 'ਚ ਏਅਰਬੈਗ ਅਤੇ ਸੀਟ ਬੈਲਟ ਪ੍ਰੇਟੈਂਸਰ ਆਪਣਾ ਕੰਮ ਕਰਨ 'ਚ ਅਸਫ਼ਲ ਹੋ ਸਕਦੇ ਹਨ। ਕੰਪਨੀ ਨੇ ਇਹ ਵੀ ਕਿਹਾ ਕਿ ਸ਼ੱਕੀ ਵਾਹਨਾਂ ਦੇ ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਦੋਂ ਤੱਕ ਵਾਹਨ ਨਾ ਚਲਾਉਣ ਜਾਂ ਵਾਹਨ ਦੀ ਵਰਤੋਂ ਨਾ ਕਰਨ ਜਦੋਂ ਤੱਕ ਪ੍ਰਭਾਵਿਤ ਹਿੱਸੇ ਨੂੰ ਬਦਲ ਨਹੀਂ ਲਿਆ ਜਾਂਦਾ। ਪ੍ਰਭਾਵਿਤ ਵਾਹਨ ਮਾਲਕਾਂ ਨੂੰ ਤੁਰੰਤ ਧਿਆਨ ਦੇਣ ਦੇ ਲਈ ਮਾਰੂਤੀ ਸੁਜ਼ੂਕੀ ਡੀਲਰਸ਼ਿਪ ਤੋਂ ਮੈਸੇਜ ਮਿਲੇਗਾ।
ਕੰਪਨੀ ਨੇ ਵਧਾਈ ਕਾਰਾਂ ਦੀ ਕੀਮਤ
ਇਸ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ 'ਚ ਕਰੀਬ 1.1 ਫੀਸਦੀ ਦਾ ਵਾਧਾ ਕੀਤਾ ਹੈ। ਅਪ੍ਰੈਲ 2022 ਤੋਂ ਬਾਅਦ ਚਾਲੂ ਵਿੱਤੀ ਸਾਲ 'ਚ ਇਹ ਦੂਜੀ ਵਾਰ ਹੈ, ਜਦੋਂ ਕੰਪਨੀ ਨੇ ਕੀਮਤਾਂ 'ਚ ਵਾਧਾ ਕੀਤਾ ਹੈ। ਪਿਛਲੇ ਸਾਲ ਦਸੰਬਰ 'ਚ ਕੰਪਨੀ ਨੇ ਕਿਹਾ ਸੀ ਕਿ ਉਹ ਵੱਧਦੀ ਲਾਗਤ ਦੇ ਪ੍ਰਭਾਵ ਨੂੰ ਪੂਰਾ ਕਰਨ ਲਈ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ ਵਾਧਾ ਕਰੇਗੀ ਅਤੇ ਸਖ਼ਤ ਨਿਕਾਸੀ ਨਿਯਮਾਂ ਦੀ ਪਾਲਣਾ ਕਰਨ ਲਈ ਮਾਡਲ ਰੇਂਜ ਨੂੰ ਅਪਡੇਟ ਕਰਨ ਲਈ ਪ੍ਰਬੰਧ ਕਰੇਗੀ, ਜੋ ਅਪ੍ਰੈਲ 2023 ਤੋਂ ਲਾਗੂ ਹੋਣਗੇ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਹੁਣ ਮਾਈਕ੍ਰੋਸਾਫਟ ਦੇ ਕਰਮਚਾਰੀਆਂ 'ਤੇ ਛਾਂਟੀ ਦੀ ਤਲਵਾਰ, 11 ਹਜ਼ਾਰ ਦੀ ਹੋਵੇਗੀ ਛੁੱਟੀ
NEXT STORY