ਨਵੀਂ ਦਿੱਲੀ-ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤੀਨ ਗਡਕਰੀ ਨੇ ਸੂਖਮ, ਲਘੂ ਅਤੇ ਮਝੌਲੇ ਉਦਯੋਗ (ਐੱਮ. ਐੱਸ. ਐੱਮ. ਈ.) ਸੈਕਟਰ 'ਚ ਕਾਰਪੋਰੇਟ ਅਤੇ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਨੂੰ ਲੈ ਕੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਐੱਮ. ਐੱਸ. ਐੱਮ. ਈ. ਸੈਕਟਰ 'ਚ 700 ਕਲੱਸਟਰ ਸਥਾਪਤ ਕਰਨ ਲਈ ਕਾਰਪੋਰੇਟ ਅਤੇ ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ 'ਤੇ ਲੱਗੀ ਰੋਕ (ਬੈਨ) ਨੂੰ ਹਟਾ ਦਿੱਤਾ ਹੈ। ਇਸ ਨਾਲ ਨੌਕਰੀਆਂ ਦੀ ਬਹਾਰ ਆਵੇਗੀ ਅਤੇ ਦਰਾਮਦ 'ਤੇ ਨਿਰਭਰਤਾ ਘੱਟ ਹੋਵੇਗੀ।
ਦਿੱਲੀ 'ਚ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੀ ਰਾਸ਼ਟਰੀ ਪ੍ਰੀਸ਼ਦ ਨੂੰ ਸੰਬੋਧਨ ਕਰਦੇ ਹੋਏ ਗਡਕਰੀ ਨੇ ਵਿੱਤ ਪੋਸ਼ਣ ਦੇ ਨਵੇਂ ਤਰੀਕੇ ਲਿਆਉਣ ਲਈ ਉਦਯੋਗ ਨਾਲ ਹੱਥ ਮਿਲਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਦਯੋਗ ਅਤੇ ਸਰਕਾਰ 'ਚ ਵਿਸ਼ਵਾਸ ਦੀ ਕੋਈ ਕਮੀ ਨਹੀਂ ਹੈ, ਜੋ ਲਾਲ ਫੀਤਾਸ਼ਾਹੀ ਦੀ ਵਜ੍ਹਾ ਨਾਲ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਿਵੇਸ਼ ਫਰੈਂਡਲੀ ਹੈ ਅਤੇ ਉਹ ਉਦਯੋਗ ਜਗਤ ਨੂੰ ਰੋਜ਼ਗਾਰ, ਵਿਕਾਸ ਅਤੇ ਬਰਾਮਦ ਵਧਾਉਣ ਲਈ ਹਰ ਸੰਭਵ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰ ਸਾਡੇ ਨਾਲ ਕੰਮ ਕਰ ਸਕਦੇ ਹਨ ਅਤੇ ਮੈਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕਲੱਸਟਰ ਨੂੰ ਲੈ ਕੇ ਸਾਨੂੰ ਉਦਯੋਗ ਜਗਤ ਤੋਂ ਪ੍ਰਸਤਾਵ ਮਿਲੇ ਹਨ। ਅਗਰਬੱਤੀ ਉਦਯੋਗ ਦਾ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ 4000 ਕਰੋੜ ਦੀ ਅਗਰਬੱਤੀ ਦੀ ਦਰਾਮਦ ਕਰਦੇ ਹਾਂ। ਜੇਕਰ ਇਸ ਲਈ ਕਲੱਸਟਰ ਬਣਾਏ ਜਾਣ ਤਾਂ ਇਸ ਦਾ ਅਸੀਂ ਉਤਪਾਦਨ ਕਰ ਸਕਦੇ ਹਾਂ।
ਗਡਕਰੀ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਉਦਯੋਗਿਕ ਵਿਕਾਸ ਜ਼ਰੂਰੀ ਹੈ ਪਰ ਸਾਡੀ ਵੱਡੀ ਆਬਾਦੀ ਖੇਤੀਬਾੜੀ 'ਤੇ ਨਿਰਭਰ ਹੈ। ਇਸ ਲਈ ਖੇਤੀਬਾੜੀ ਖੇਤਰ 'ਚ ਕਿਵੇਂ ਵਿਕਾਸ ਲਿਆਂਦਾ ਜਾ ਸਕਦਾ ਹੈ, ਇਸ ਦੇ ਲਈ ਵੀ ਉਦਯੋਗਿਕ ਘਰਾਣਿਆਂ ਨੂੰ ਕੰਮ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਪੱਛੜੇ ਖੇਤਰਾਂ ਦਾ ਵਿਕਾਸ ਵੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਇਸ ਲਈ ਇਸ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਨਵੀਂ ਤਕਨੀਕ ਦੀ ਵਰਤੋਂ ਕਰ ਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ ਅਤੇ ਇਸ ਲਈ ਟ੍ਰੇਨਿੰਗ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ। ਉਦਯੋਗਿਕ ਘਰਾਣੇ ਇਸ ਕੰਮ 'ਚ ਅੱਗੇ ਆਉਣਗੇ ਤਾਂ ਸਰਕਾਰ ਮਦਦ ਕਰੇਗੀ। ਗਡਕਰੀ ਨੇ ਕਿਹਾ ਕਿ ਸਰਕਾਰ ਰਵਾਇਤੀ ਉਦਯੋਗਾਂ ਨੂੰ ਹੱਲਾਸ਼ੇਰੀ ਦੇਣ 'ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਰਵਾਇਤੀ ਕੰਮ ਯੋਗਤਾ ਨਾਲ ਅੱਗੇ ਵਧੇ, ਇਸ ਦੇ ਲਈ ਉਨ੍ਹਾਂ ਦਾ ਕੌਸ਼ਲ ਵਿਕਾਸ ਕੀਤਾ ਜਾ ਰਿਹਾ ਹੈ।
ਮਈ 'ਚ ਪ੍ਰਚੂਨ ਵਾਹਨਾਂ ਦੀ ਵਿਕਰੀ 7.5 ਫੀਸਦੀ ਘਟੀ
NEXT STORY