ਜਲੰਧਰ— ਦੇਸ਼ ਭਰ 'ਚ 30 ਜੂਨ ਦੀ ਅੱਧੀ ਰਾਤ ਤੋਂ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲਾਗੂ ਹੋ ਗਿਆ ਹੈ। ਜੀ. ਐੱਸ. ਟੀ. 'ਚ ਚਾਰ ਤਰ੍ਹਾਂ ਦੇ ਟੈਕਸ ਸਲੈਬ ਹਨ, ਜੋ ਕਿ 5, 12, 18 ਅਤੇ 28 ਫੀਸਦੀ ਹਨ, ਇਹ ਵਸਤੂਆਂ ਦੀ ਵੱਖ-ਵੱਖ ਸ਼੍ਰੇਣੀ 'ਤੇ ਲਾਗੂ ਹਨ। ਕੁਝ ਲਗਜ਼ਰੀ ਵਸਤੂਆਂ 'ਤੇ 1 ਤੋਂ ਲੈ ਕੇ 15 ਫੀਸਦੀ ਤਕ ਸੈੱਸ ਵੀ ਲਗਾਇਆ ਗਿਆ ਹੈ। ਉੱਥੇ ਹੀ ਖੁੱਲ੍ਹਾ ਅਨਾਜ, ਗੁੜ, ਦੁੱਧ, ਦਹੀਂ, ਲੱਸੀ, ਖੁੱਲ੍ਹਾ ਪਨੀਰ, ਨਮਕ, ਬੱਚਿਆਂ ਦੀ ਡਰਾਇੰਗ ਅਤੇ ਕਲਰਿੰਗ ਬੁਕਸ, ਸਿੱਖਿਆ ਸੇਵਾਵਾਂ, ਸਿਹਤ ਸੇਵਾਵਾਂ, ਤਾਜ਼ਾ ਸਬਜ਼ੀਆਂ ਆਦਿ ਨੂੰ ਜੀ. ਐੱਸ. ਟੀ. ਤੋਂ ਬਾਹਰ ਰੱਖਿਆ ਗਿਆ ਹੈ। ਹਾਲਾਂਕਿ ਇਨ੍ਹਾਂ 'ਚੋਂ ਇਕ-ਅੱਧੀ ਚੀਜ਼ ਨੂੰ ਛੱਡ ਕੇ ਬਾਕੀ 'ਤੇ ਪਹਿਲਾਂ ਵੀ ਕੋਈ ਟੈਕਸ ਨਹੀਂ ਲੱਗਦਾ ਸੀ। ਯਾਨੀ ਜੀ. ਐੱਸ. ਟੀ. 'ਚ ਖਾਣ-ਪੀਣ ਦੇ ਜ਼ਿਆਦਾਤਰ ਸਾਮਾਨ ਸਸਤੇ ਹੋਣਗੇ। ਫਲ, ਸਬਜ਼ੀਆਂ, ਦਾਲਾਂ, ਕਣਕ, ਚੌਲ ਆਦਿ ਪਹਿਲੇ ਦੀ ਤਰ੍ਹਾਂ ਟੈਕਸ ਮੁਕਤ ਰਹਿਣਗੇ। ਚਾਹਪੱਤੀ, ਖਾਣ ਵਾਲੇ ਤੇਲ, 100 ਰੁਪਏ ਕਿਲੋ ਤੋਂ ਜ਼ਿਆਦਾ ਦੇ ਬਿਸਕੁਟ, ਖੰਡ, ਮਸਾਲੇ, ਨਮਕੀਨ ਭੁਜੀਆ ਵੀ ਸਸਤੇ ਹੋਣਗੇ। ਹਾਲਾਂਕਿ ਚਿਪਸ, ਬਿਸਕੁਟ ਅਤੇ ਇੰਸਟੈਂਟ ਕੌਫੀ ਵਰਗੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ।
ਕਿਸਾਨਾਂ ਨੂੰ ਰਾਹਤ, ਖਾਦਾਂ ਤੇ ਟਰੈਕਟਰ 'ਤੇ ਘਟਾਏ ਟੈਕਸ!

ਜੀ. ਐੱਸ. ਟੀ. ਪ੍ਰੀਸ਼ਦ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਖਾਦਾਂ 'ਤੇ ਜੀ. ਐੱਸ. ਟੀ. ਤਹਿਤ 12 ਫੀਸਦੀ ਦੀ ਬਜਾਏ ਸਿਰਫ 5 ਫੀਸਦੀ ਟੈਕਸ ਹੀ ਲੱਗੇਗਾ। ਟਰੈਕਟਰ ਦੇ ਪੁਰਜ਼ਿਆਂ 'ਤੇ ਵੀ ਟੈਕਸ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਖਾਦਾਂ 'ਤੇ 12 ਫੀਸਦੀ ਟੈਕਸ ਲਗਾਏ ਜਾਣ ਨੂੰ ਲੈ ਕੇ ਕਈ ਸੂਬਿਆਂ ਨੇ ਚਿੰਤਾ ਪ੍ਰਗਟ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਕਿਸਾਨਾਂ ਨੂੰ ਨੁਕਸਾਨ ਹੋਵੇਗਾ। ਸੂਬਿਆਂ ਦੀ ਚਿੰਤਾ ਨੂੰ ਦੇਖਦੇ ਹੋਏ ਪ੍ਰੀਸ਼ਦ ਨੇ ਖਾਦਾਂ 'ਤੇ ਟੈਕਸ ਘੱਟ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ 'ਚ ਮਹਿੰਗੀ ਹੋਵੇਗੀ ਖਾਦ?

ਤੁਹਾਨੂੰ ਦੱਸ ਦੇਈਏ ਕਿ ਹੁਣ ਤਕ ਕਈ ਸੂਬਿਆਂ 'ਚ 0 ਤੋਂ 8 ਫੀਸਦੀ ਤਕ ਟੈਕਸ ਲੱਗਦਾ ਸੀ। ਜਿਨ੍ਹਾਂ ਸੂਬਿਆਂ 'ਚ ਖਾਦਾਂ 'ਤੇ 6 ਤੋਂ 8 ਫੀਸਦੀ ਟੈਕਸ ਸੀ, ਉੱਥੇ ਹੁਣ ਖਾਦਾਂ ਸਸਤੀਆਂ ਹੋ ਜਾਣਗੀਆਂ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪਹਿਲਾਂ ਇੱਥੇ ਖਾਦਾਂ 'ਤੇ ਕੋਈ ਟੈਕਸ ਨਹੀਂ ਲੱਗਦਾ ਸੀ ਪਰ ਜੀ. ਐੱਸ. ਟੀ. 'ਚ ਇਨ੍ਹਾਂ 'ਤੇ 5 ਫੀਸਦੀ ਟੈਕਸ ਹੋਵੇਗਾ। ਅਜਿਹੇ 'ਚ ਪੰਜਾਬ 'ਚ ਖਾਦਾਂ ਦੇ ਮੁੱਲ 5 ਫੀਸਦੀ ਤਕ ਵਧ ਜਾਣਗੇ। ਖਾਦ ਇੰਡਸਟਰੀ ਨਾਲ ਜੁੜੇ ਇਕ ਅਧਿਕਾਰੀ ਮੁਤਾਬਕ ਪੰਜਾਬ 'ਚ ਖਾਦਾਂ 'ਤੇ ਪਹਿਲਾਂ ਜ਼ੀਰੋ ਫੀਸਦੀ ਟੈਕਸ ਸੀ, ਜੋ ਜੀ. ਐੱਸ. ਟੀ. 'ਚ 5 ਫੀਸਦੀ ਰੱਖਿਆ ਗਿਆ ਹੈ। ਅਜਿਹੇ 'ਚ ਯੂਰੀਆ ਦੇ ਮੁੱਲ ਵਧਣਗੇ। ਹਾਲਾਂਕਿ ਬੀਜ ਤੇ ਬਿਨਾਂ ਬਰਾਂਡ ਦੇ ਜੈਵਿਕ ਖਾਦ ਸਸਤੇ ਹੋਣਗੇ।
ਕਾਰਾਂ, ਮੋਟਰਸਾਈਕਲਾਂ 'ਤੇ ਕਿੰਨਾ ਹੋਵੇਗਾ ਟੈਕਸ?

ਜੀ. ਐੱਸ. ਟੀ. ਤਹਿਤ ਛੋਟੀ ਡੀਜ਼ਲ ਕਾਰ (1500 ਸੀਸੀ ਤੋਂ ਘੱਟ) 'ਤੇ 31 ਫੀਸਦੀ ਟੈਕਸ ਲੱਗੇਗਾ, ਜਿਸ 'ਚ 28 ਫੀਸਦੀ ਜੀ. ਐੱਸ. ਟੀ. ਤੇ 3 ਫੀਸਦੀ ਸੈੱਸ ਸ਼ਾਮਲ ਹੈ। ਇਸੇ ਤਰ੍ਹਾਂ ਛੋਟੀ ਪੈਟਰੋਲ ਕਾਰ (1200 ਸੀਸੀ ਤੋਂ ਘੱਟ) 'ਤੇ ਇਹ ਟੈਕਸ 29 ਫੀਸਦੀ ਹੋਵੇਗਾ। ਜਦੋਂ ਕਿ ਬਾਕੀ ਕਾਰਾਂ 'ਤੇ ਕੁੱਲ 43 ਫੀਸਦੀ ਟੈਕਸ ਲੱਗੇਗਾ, ਜਿਸ 'ਚ 28 ਫੀਸਦੀ ਜੀ. ਐੱਸ. ਟੀ. ਅਤੇ 15 ਫੀਸਦੀ ਸੈੱਸ ਸ਼ਾਮਲ ਹੈ।
ਉੱਥੇ ਹੀ ਸਾਰੇ ਤਰ੍ਹਾਂ ਦੇ ਦੋ-ਪਹੀਆ ਵਾਹਨਾਂ 'ਤੇ 28 ਫੀਸਦੀ ਜੀ. ਐੱਸ. ਟੀ. ਲੱਗੇਗਾ। ਜਦੋਂ ਕਿ 350 ਸੀਸੀ ਤੋਂ ਉੱਪਰ ਦੇ ਦੋ-ਪਹੀਆ ਵਾਹਨਾਂ 'ਤੇ 28 ਫੀਸਦੀ ਜੀ. ਐੱਸ. ਟੀ. 'ਤੇ 3 ਫੀਸਦੀ ਸੈੱਸ ਵੀ ਲੱਗੇਗਾ ਯਾਨੀ ਕੁੱਲ ਟੈਕਸ 31 ਫੀਸਦੀ ਹੋਵੇਗਾ।
ਇਹ ਸਾਮਾਨ ਹੋਣਗੇ ਸਸਤੇ
ਵਾਲਾਂ ਦਾ ਤੇਲ, ਸਾਬਣ, ਟੁਥਪੇਸਟ, ਐੱਲ. ਈ. ਡੀ. ਲਾਈਟ, ਮੋਬਾਇਲ ਫੋਨ, ਕੈਮਰਾ, ਸਪੀਕਰ, ਰਸੋਈ ਦੇ ਪਲਾਸਟਿਕ ਦੇ ਸਾਮਾਨ, ਸਟੀਲ ਅਤੇ ਤਾਂਬੇ ਦੇ ਭਾਂਡੇ, ਸਿਲਾਈ ਮਸ਼ੀਨ। 500 ਰੁਪਏ ਤਕ ਦੇ ਜੁੱਤੇ, ਮਾਚਸਾਂ, ਬੇਕਰੀ ਮਿਕਸ, ਪੀਜ਼ਾ ਬਰੈੱਡ, ਪੈਂਸਿੰਲ, ਸ਼ਾਰਪਨਰ, ਕੋਲਾ ਆਦਿ ਸਾਮਨਾਂ 'ਤੇ ਥੋੜ੍ਹਾ ਬੋਝ ਘਟੇਗਾ। ਦੇਸ਼ ਦੇ ਇਤਿਹਾਸ 'ਚ ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਵੱਡੇ ਅਪ੍ਰਤੱਖ ਟੈਕਸ ਸੁਧਾਰ 'ਇਕ ਦੇਸ਼, ਇਕ ਟੈਕਸ, ਇਕ ਬਾਜ਼ਾਰ' ਦੀ ਧਾਰਨਾ 'ਤੇ ਆਧਾਰਿਤ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) 30 ਜੂਨ ਦੀ ਅੱਧੀ ਰਾਤ ਤੋਂ ਲਾਗੂ ਹੋਣ ਨਾਲ ਹੀ ਸਾਰੇ ਖਾਣ ਵਾਲੇ ਪਦਾਰਥ, ਲਗਜ਼ਰੀ ਕਾਰਾਂ, ਸਾਈਕਲ ਆਦਿ ਜਿੱਥੇ ਸਸਤੇ ਹੋ ਜਾਣਗੇ, ਉਥੇ ਹੀ ਸਕੀਮਡ ਮਿਲਕ, ਕਸਟਰਡ ਪਾਊਡਰ, ਚਾਕਲੇਟ, ਇੰਸਟੈਂਟ ਕਾਫ਼ੀ ਅਤੇ ਮੇਕਅਪ ਵਰਗੇ ਸਾਮਾਨ ਮਹਿੰਗੇ ਹੋ ਜਾਣਗੇ।
ਪਿਆਜ 'ਤੇ ਦਰਾਮਦ ਛੂਟ 30 ਸਤੰਬਰ ਤੱਕ ਵਧਾਈ ਗਈ
NEXT STORY