ਮੁੰਬਈ— ਸਰਕਾਰੀ ਬੈਂਕਾਂ ਨੂੰ 2.11 ਲੱਖ ਕਰੋੜ ਰੁਪਏ ਦੇ ਪੈਕੇਜ ਦੇ ਫੈਸਲੇ ਨਾਲ ਸ਼ੇਅਰ ਬਾਜ਼ਾਰ ਨੂੰ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਮੰਗਲਵਾਰ ਨੂੰ ਸਰਕਾਰ ਨੇ ਫਸੇ ਕਰਜ਼ੇ ਦੀ ਸਮੱਸਿਆ ਨਾਲ ਜੂਝ ਰਹੇ ਜਨਤਕ ਖੇਤਰ ਦੇ ਬੈਂਕਾਂ 'ਚ ਅਗਲੇ ਦੋ ਸਾਲ 'ਚ 2.11 ਲੱਖ ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ। ਇਸ ਫੈਸਲੇ ਨਾਲ ਇਕ ਤਾਂ ਬੈਂਕਿੰਗ ਸੈਕਟਰ ਨੂੰ ਮਜ਼ਬੂਤੀ ਮਿਲੇਗੀ, ਦੂਜਾ ਸਰਕਾਰੀ ਬੈਂਕਾਂ 'ਚ ਨਵੇਂ ਰੁਜ਼ਗਾਰ ਪੈਦਾ ਹੋਣਗੇ। ਸਰਕਾਰ ਦੇ ਇਸ ਫੈਸਲੇ ਨਾਲ ਸ਼ੇਅਰ ਬਾਜ਼ਾਰ 'ਤੇ ਚੰਗਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਨੂੰ ਬੰਬਈ ਸਟਾਕ ਐਕਸਚੇਂਜ਼ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਵੱਡੀ ਮਜ਼ਬੂਤੀ ਨਾਲ 33,089.8 'ਤੇ ਖੁੱਲ੍ਹਿਆ। ਉੱਥੇ ਹੀ, ਐੱਨ. ਐੱਸ. ਈ. ਯਾਨੀ ਨੈਸ਼ਨਲ ਸਟਾਕ ਐਕਸਚੇਂਜ਼ ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ 113.45 ਅੰਕਾਂ ਦੀ ਮਜ਼ਬੂਤੀ ਨਾਲ 10,321.15 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ, ਨਿਫਟੀ ਨੇ ਪਹਿਲੀ ਵਾਰ 10,300 ਦਾ ਅੰਕੜਾ ਪਾਰ ਕੀਤਾ ਹੈ।
ਬੈਂਕਿੰਗ ਸੈਕਟਰ ਦੇ ਸ਼ੇਅਰਾਂ 'ਚ ਵੱਡੀ ਮਜ਼ਬੂਤੀ
ਸਰਕਾਰੀ ਬੈਂਕਾਂ ਨੂੰ ਪੈਕੇਜ ਮਿਲਣ ਦੇ ਐਲਾਨ ਨਾਲ ਬੈਂਕਿੰਗ ਸੈਕਟਰ ਦੇ ਸ਼ੇਅਰਾਂ 'ਚ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਇੰਡੀਅਨ ਓਵਰਸੀਜ਼ ਬੈਂਕ, ਦੇਨਾ ਬੈਂਕ, ਯੂਕੋ ਬੈਂਕ, ਵਿਜਯਾ ਬੈਂਕ, ਕਾਰਪੋਰੇਸ਼ਨ ਬੈਂਕ, ਸਟੇਟ ਬੈਂਕ ਆਫ ਇੰਡੀਆ, ਆਂਧਰਾ ਬੈਂਕ, ਬੈਂਕ ਆਫ ਬੜੌਦਾ ਸ਼ੁਰੂਆਤੀ ਕਾਰੋਬਾਰ 'ਚ ਟਾਪ ਟ੍ਰੇਡਿੰਗ ਕਰ ਰਹੇ ਹਨ। ਇੰਡੀਅਨ ਓਵਰਸੀਜ਼ ਬੈਂਕ ਦੇ ਸ਼ੇਅਰ 'ਚ 16.26 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ, ਦੇਨਾ ਬੈਂਕ 'ਚ 14.29 ਫੀਸਦੀ, ਯੂਕੋ ਬੈਂਕ 'ਚ 12.58 ਫੀਸਦੀ, ਕਾਰਪੋਰੇਸ਼ਨ ਬੈਂਕ 'ਚ 10.60 ਫੀਸਦੀ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰ 'ਚ 14.99 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਨਿੱਜੀ ਬੈਂਕਾਂ 'ਚੋਂ ਯੈੱਸ ਬੈਂਕ, ਕੋਟਕ ਮਹਿੰਦਰਾ ਬੈਂਕ, ਐੱਚ. ਡੀ. ਐੱਫ. ਸੀ. ਬੈਂਕ. ਅਤੇ ਇੰਡਸਇੰਡ ਬੈਂਕ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਰੁਪਿਆ 8 ਪੈਸੇ ਟੁੱਟ ਕੇ 65.14 'ਤੇ ਖੁੱਲ੍ਹਿਆ
NEXT STORY