ਨਵੀਂ ਦਿੱਲੀ — ਦੇਸ਼ ਦੀ ਰਾਜਧਾਨੀ ਦਿੱਲੀ ਦਾ ਦਿਲ ਕਿਹਾ ਜਾਣ ਵਾਲਾ ਕਨਾਟ ਪਲੇਸ ਕੋਈ ਦਫਤਰ ਖੋਲ੍ਹਣ ਲਈ ਦੁਨੀਆ ਦੀ 9ਵੀਂ ਸਭ ਤੋਂ ਮਹਿੰਗੀ ਜਗ੍ਹਾ ਹੈ। ਜਾਇਦਾਦ ਸਲਾਹਕਾਰ ਕੰਪਨੀ ਸੀ. ਬੀ. ਆਰ. ਈ. ਦੇ ਸਰਵੇਖਣ ਅਨੁਸਾਰ ਇੱਥੇ ਦਫਤਰੀ ਜਗ੍ਹਾ ਦਾ ਸਾਲਾਨਾ ਕਿਰਾਇਆ 144 ਡਾਲਰ ਪ੍ਰਤੀ ਵਰਗ ਫੁੱਟ ਤੱਕ ਹੈ।
ਸੀ. ਬੀ. ਆਰ. ਈ. ਕੌਮਾਂਤਰੀ ਪੱਧਰ ’ਤੇ ਦਫਤਰਾਂ ਦੀ ਕਿਰਾਇਆ ਲਾਗਤ ਦੀ ਨਿਗਰਾਨੀ ਕਰਦੀ ਹੈ। ਉਹ ਹਰ ਸਾਲ ‘ਗਲੋਬਲ ਪ੍ਰਾਈਮ ਆਫਿਸ ਆਕਿਊਪੈਂਸੀ ਕਾਸਟ’ ਸਰਵੇਖਣ ਕਰਦੀ ਹੈ। ਦਿੱਲੀ ਇਸ ਸਰਵੇਖਣ ’ਚ ਪਿਛਲੇ ਸਾਲ ਵੀ 9ਵੇਂ ਸਥਾਨ ’ਤੇ ਸੀ। ਹਾਂਗਕਾਂਗ ਦਾ ਸੈਂਟਰਲ ਡਿਸਟ੍ਰਿਕਟ ਲਗਾਤਾਰ ਦੂਜੇ ਸਾਲ ਇਸ ਸਰਵੇਖਣ ’ਚ ਚੋਟੀ ਦੇ ਸਥਾਨ ’ਤੇ ਰਿਹਾ ਹੈ। ਇੱਥੇ ਕਿਸੇ ਦਫਤਰ ਲਈ ਇਕ ਸਾਲ ਦਾ ਕਿਰਾਇਆ 322 ਡਾਲਰ ਪ੍ਰਤੀ ਵਰਗ ਫੁੱਟ ਹੈ।
ਰਿਪੋਰਟ ’ਚ ਕਿਹਾ ਗਿਆ ਹੈ, ‘‘ਨਵੀਂ ਦਿੱਲੀ ਦੇ ਕਨਾਟ ਪਲੇਸ ’ਚ ਦਫਤਰ ਖੋਲ੍ਹਣ ਦੀ ਲਾਗਤ 143.97 ਡਾਲਰ ਪ੍ਰਤੀ ਵਰਗ ਫੁੱਟ ਹੈ। ਇਹ ਪਿਛਲੇ ਸਾਲ ਦੀ ਤਰ੍ਹਾਂ ਹੀ 9ਵੇਂ ਸਥਾਨ ’ਤੇ ਹੈ।’’ ਮੁੰਬਈ ਦਾ ਬਾਂਦ੍ਰਾ ਕੁਰਲਾ ਕੰਪਲੈਕਸ ਅਤੇ ਨਰੀਮਨ ਪੁਆਇੰਟ ਇਸ ਸੂਚੀ ’ਚ ਕ੍ਰਮਵਾਰ 27ਵੇਂ ਅਤੇ 40ਵੇਂ ਸਥਾਨ ’ਤੇ ਹਨ। ਇੱਥੇ ਕਿਰਾਏ ਦੀ ਲਾਗਤ ਕ੍ਰਮਵਾਰ 90.67 ਡਾਲਰ ਪ੍ਰਤੀ ਵਰਗ ਫੁੱਟ ਅਤੇ 68.38 ਡਾਲਰ ਪ੍ਰਤੀ ਵਰਗ ਫੁੱਟ ਸਾਲਾਨਾ ਹੈ। ਬਾਂਦ੍ਰਾ ਕੁਰਲਾ ਕੰਪਲੈਕਸ ਪਿਛਲੇ ਸਾਲ ਇਸ ਸੂਚੀ ’ਚ 26ਵੇਂ ਸਥਾਨ ’ਤੇ ਸੀ।
ਸੀ. ਬੀ. ਆਰ. ਈ. ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਭਾਰਤ, ਦੱਖਣ ਪੂਰਬ ਏਸ਼ੀਆ, ਪੱਛਮੀ ਏਸ਼ੀਆ ਅਤੇ ਅਫਰੀਕਾ) ਅੰਸ਼ੂਮਨ ਮੈਗਜ਼ੀਨ ਨੇ ਕਿਹਾ ਕਿ ਦਫਤਰੀ ਥਾਵਾਂ ’ਤੇ ਭਾਰਤੀ ਬਾਜ਼ਾਰ ਦੇ ਕਈ ਸ਼ਹਿਰਾਂ ’ਚ ਵਧੀਆ ਨਿਵੇਸ਼ ਜਾਰੀ ਹੈ। ਕੌਮਾਂਤਰੀ ਕੰਪਨੀਆਂ ਇਨ੍ਹਾਂ ਸ਼ਹਿਰਾਂ ’ਚ ਆਪਣੇ ਦਫਤਰ ਖੋਲ੍ਹਣ ਲਈ ਨਿਵੇਸ਼ ਕਰਨ ਦੇ ਪੱਖ ’ਚ ਹਨ।’’ ਇਸ ਸੂਚੀ ’ਚ ਲੰਡਨ ਦਾ ਵੈਸਟ ਐਂਡ ਦੂਜੇ ਸਥਾਨ ’ਤੇ, ਹਾਂਗਕਾਂਗ ਦਾ ਕੋਲੂਨ ਤੀਜੇ, ਨਿਊਯਾਰਕ ਦਾ ਮਿਡਟਾਊਨ ਮੈਨਹੈੱਟਨ ਚੌਥੇ ਅਤੇ ਪੇਈਚਿੰਗ ਦਾ ਫਾਈਨਾਂਸ ਸਟ੍ਰੀਟ 5ਵੇਂ ਸਥਾਨ ’ਤੇ ਹੈ।
ਸੰਜੀਵ ਸੋਨੀ CIL ਦੇ ਨਵੇਂ ਵਿੱਤੀ ਨਿਰਦੇਸ਼ਕ
NEXT STORY