ਨਵੀਂ ਦਿੱਲੀ — ਸਰਕਾਰ ਨੇ ਪੰਜਾਬ ਨੈਸ਼ਨਲ ਬੈਂਕ, ਕਾਰਪੋਰੇਸ਼ਨ ਬੈਂਕ ਅਤੇ ਆਂਧਰਾ ਪ੍ਰਦੇਸ਼ ਬੈਂਕ ਸਮੇਤ ਜਨਤਕ ਖੇਤਰ ਦੇ ਪੰਜ ਬੈਂਕਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ 11,336 ਕਰੋੜ ਰੁਪਏ ਦੀ ਪੂੰਜੀ ਦੇਣ ਦਾ ਐਲਾਨ ਕੀਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਚਾਲੂ ਵਿੱਤੀ ਸਾਲ 'ਚ ਇਹ ਪਹਿਲਾ ਮੌਕਾ ਹੈ ਜਦੋਂ ਸਰਕਾਰੀ ਬੈਂਕਾਂ ਨੂੰ ਪੂੰਜੀ ਉਪਲੱਬਧ ਕਰਵਾਈ ਜਾ ਰਹੀ ਹੈ। ਸਰਕਾਰ ਵਾਅਦੇ ਅਨੁਸਾਰ ਬਾਕੀ 53,664 ਕਰੋੜ ਰੁਪਏ ਦੀ ਪੂੰਜੀ ਵਿੱਤੀ ਸਾਲ ਦੇ ਆਉਣ ਵਾਲੇ ਮਹੀਨਿਆਂ 'ਚ ਉਪਲੱਬਧ ਕਰਾਏਗੀ। ਸੂਤਰਾਂ ਅਨੁਸਾਰ ਨੀਰਵ ਮੋਦੀ ਘਪਲੇ ਦੇ ਸ਼ਿਕਾਰ ਪੰਜਾਬ ਨੈਸ਼ਨਲ ਬੈਂਕ ਨੂੰ ਸਭ ਤੋਂ ਜ਼ਿਆਦਾ 2,816 ਕਰੋੜ ਰੁਪਏ ਉਪਲੱਬਧ ਕਰਵਾਏ ਜਾਣਗੇ ਜਦੋਂਕਿ ਇਲਾਹਾਬਾਦ ਬੈਂਕ ਨੂੰ 1,790 ਕਰੋੜ ਰੁਪਏ ਮਿਲਣਗੇ।
ਇਸ ਤੋਂ ਇਲਾਵਾ ਆਂਧਰਾ ਬੈਂਕ ਨੂੰ 2,019 ਕਰੋੜ ਰੁਪਏ, ਇੰਡੀਅਨ ਓਵਰਸੀਜ਼ ਬੈਂਕ ਨੂੰ 2,157 ਕਰੋੜ ਅਤੇ ਕਾਰਪੋਰੇਸ਼ਨ ਬੈਂਕ ਨੂੰ 2,555 ਕਰੋੜ ਰੁਪਏ ਦੀ ਪੂੰਜੀ ਉਪਲੱਬਧ ਕਰਵਾਈ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਕੁਝ ਬੈਂਕ ਇਸ ਤਰ੍ਹਾਂ ਦੇ ਹਨ ਜਿਹੜੇ ਕਿ ਵਾਧੂ ਟੀਅਰ -1(AT-1) ਬਾਂਡ ਹੋਲਡਰਾਂ ਨੂੰ ਵਿਆਜ ਦਾ ਭੁਗਤਾਨ ਕਰਨ ਕਰਕੇ ਵਿੱਤੀ ਦਬਾਅ ਹੇਠ ਆ ਗਏ ਹਨ। ਇਹ ਹੀ ਕਾਰਨ ਹੈ ਕਿ ਉਨ੍ਹਾਂ ਦੇ ਸਾਹਮਣੇ ਰੈਗੂਲੇਟਰੀ ਪੂੰਜੀ ਦੀਆਂ ਲੋੜਾਂ ਨੂੰ ਪੂਰਾ ਕਰਨ 'ਚ ਅਸਫਲ ਹੋਣ ਜੋਖਮ ਖੜ੍ਹਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਬੈਂਕ ਲੰਮੀ ਮਿਆਦ ਲਈ ਪੂੰਜੀ ਇਕੱਠੀ ਕਰਨ ਲਈ ਲੰਬੇ ਸਮੇਂ ਦੀ ਮਿਆਦ ਦੇ ਏ.ਟੀ.-1 ਵਰਗੇ ਬਾਂਡ ਜਾਰੀ ਕਰਦੇ ਹਨ, ਜਿਨ੍ਹਾਂ 'ਤੇ ਆਕਰਸ਼ਕ ਵਿਆਜ ਦਿੱਤਾ ਜਾਂਦਾ ਹੈ।
ਵਿੱਤ ਮੰਤਰਾਲੇ ਨੇ ਤੰਗੀ ਦਾ ਸਾਹਮਣਾ ਕਰ ਰਹੇ 5 ਬੈਂਕਾਂ ਨੂੰ ਪੂੰਜੀ ਉਪਲੱਬਧ ਕਰਵਾਉਣ ਦਾ ਫੈਸਲਾ ਕੀਤਾ ਹੈ। ਫਸੇ ਕਰਜ਼ੇ ਅਤੇ ਵਧਦੇ ਘਾਟੇ ਦਾ ਸਾਹਮਣਾ ਕਰ ਰਹੇ ਜਨਤਕ ਖੇਤਰ ਦੇ ਬੈਂਕਾਂ ਦੇ ਪੂੰਜੀ ਆਧਾਰ 'ਚ ਸੁਧਾਰ ਲਿਆਉਣ ਲਈ ਸਰਕਾਰ ਨੇ ਇਨ੍ਹਾਂ ਬੈਂਕਾਂ ਨੂੰ 2 ਸਾਲ 'ਚ 2.11 ਲੱਖ ਕਰੋੜ ਰੁਪਏ ਦੀ ਪੂੰਜੀ ਸਹਾਇਤਾ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਬੈਂਕਾਂ ਨੂੰ 1.35 ਕਰੋੜ ਰੁਪਏ ਰੀਕੈਪਿਟਲਾਈਜ਼ੇਸ਼ਨ ਬਾਂਡਾਂ ਦੇ ਜ਼ਰੀਅ ਦਿੱਤੇ ਜਾਣੇ ਸਨ ਜਦੋਂਕਿ ਬਾਕੀ 58,000 ਕਰੋੜ ਰੁਪਏ ਦੀ ਰਾਸ਼ੀ ਬਾਜ਼ਾਰ ਤੋਂ ਇਕੱਠੇ ਕੀਤੇ ਜਾਣਗੇ।
ਸਰਕਾਰ ਨੇ 1.35 ਲੱਖ ਕਰੋੜ ਰੁਪਏ 'ਚੋਂ 71,000 ਕਰੋੜ ਰੁਪਏ ਪਹਿਲਾਂ ਹੀ ਉਪਲੱਬਧ ਕਰਵਾ ਦਿੱਤੇ ਹਨ ਜਦੋਂਕਿ ਬਾਕੀ ਰਾਸ਼ੀ ਵਿੱਤੀ ਸਾਲ ਦੇ ਆਉਣ ਵਾਲੇ ਮਹੀਨਿਆਂ 'ਚ ਉਪਲੱਬਧ ਕਰਵਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਰਕਾਰੀ ਬੈਂਕ ਪੂੰਜੀ ਬਾਜ਼ਾਰ 'ਚ ਉਤਰਨ ਦੀ ਵੀ ਯੋਜਨਾ ਬਣਾ ਰਹੀ ਹੈ ਅਤੇ ਚਾਲੂ ਵਿੱਤੀ ਸਾਲ 'ਚ ਬਾਜ਼ਾਰ ਤੋਂ 50,000 ਕਰੋੜ ਰੁਪਏ ਇਕੱਤਰ ਕਰਨ ਦੀ ਸੰਭਾਵਨਾ ਹੈ।
ਤੇਲ ਸਸਤਾ ਹੋਣ ਨਾਲ ਪਲਟੀ ਰੁਪਏ ਦੀ ਬਾਜ਼ੀ, ਹੋ ਸਕਦੈ ਮਜ਼ਬੂਤ
NEXT STORY