ਨਵੀਂ ਦਿੱਲੀ— ਹੁਣ ਮੋਬਾਇਲ ਨੰਬਰ ਪੋਰਟ ਕਰਵਾਉਣਾ ਹੋਰ ਸਸਤਾ ਹੋਣ ਜਾ ਰਿਹਾ ਹੈ। ਇਸ ਸਾਲ 30 ਸਤੰਬਰ ਤੋਂ ਸਿਰਫ 5.74 ਰੁਪਏ ਦੀ ਫੀਸ 'ਚ ਨੰਬਰ ਦੂਜੀ ਕੰਪਨੀ 'ਚ ਕਰਾ ਸਕੋਗੇ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਇਸ ਦਾ ਡਰਾਫਟ ਜਾਰੀ ਕੀਤਾ ਹੈ।
ਟਰਾਈ ਵੱਲੋਂ ਜਾਰੀ ਡਰਾਫਟ 'ਚ ਮੋਬਾਇਲ ਨੰਬਰ ਪੋਰਟੇਬਿਲਟੀ (ਐੱਮ. ਐੱਨ. ਪੀ.) ਚਾਰਜ ਨੂੰ 19 ਰੁਪਏ ਤੋਂ ਘਟਾ ਕੇ 5.74 ਰੁਪਏ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਹਾਲਾਂਕਿ 31 ਜਨਵਰੀ 2018 ਨੂੰ ਐੱਮ. ਐੱਨ. ਪੀ. ਚਾਰਜ 19 ਰੁਪਏ ਤੋਂ ਘਟਾ ਕੇ 4 ਰੁਪਏ ਕਰਨ ਦੀ ਸਿਫਾਰਸ਼ ਕੀਤੀ ਗਈ ਸੀ ਪਰ ਇਸ ਖਿਲਾਫ ਟੈਲੀਕਾਮ ਸੰਚਾਲਕ ਦਿੱਲੀ ਹਾਈਕੋਰਟ ਚਲੇ ਗਏ ਸੀ। 8 ਮਾਰਚ 2019 ਨੂੰ ਹਾਈਕੋਰਟ ਨੇ ਟਰਾਈ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ। ਇਸ ਮਗਰੋਂ ਟੈਲੀਕਾਮਸ ਐੱਮ. ਐੱਨ. ਪੀ. ਲਈ 19 ਰੁਪਏ ਚਾਰਜ ਲੈ ਰਹੇ ਹਨ। ਹੁਣ ਗਾਹਕਾਂ ਨੂੰ ਰਾਹਤ ਦੇਣ ਲਈ ਇਕ ਵਾਰ ਫਿਰ ਟਰਾਈ ਨੇ ਐੱਮ. ਐੱਨ. ਪੀ. ਚਾਰਜ ਨੂੰ ਲੈ ਕੇ ਨਵਾਂ ਡਰਾਫਟ ਜਾਰੀ ਕੀਤਾ ਹੈ, ਜਿਸ 'ਚ ਮੋਬਾਇਲ ਨੰਬਰ ਪੋਰਟ ਕਰਵਾਉਣ ਲਈ 5.74 ਰੁਪਏ ਫੀਸ ਨਿਰਧਾਰਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਨਵਾਂ ਨਿਯਮ 30 ਸਤੰਬਰ 2019 ਨੂੰ ਲਾਗੂ ਹੋ ਜਾਵੇਗਾ।
ਮੋਬਾਇਲ ਨੰਬਰ ਪੋਰਟੇਬਿਲਟੀ ਸਰਵਿਸ ਤਹਿਤ ਕੋਈ ਵੀ ਯੂਜ਼ਰ ਆਪਣਾ ਨੰਬਰ ਬਦਲੇ ਬਿਨਾਂ ਕੰਪਨੀ ਬਦਲ ਸਕਦਾ ਹੈ। ਮੋਬਾਇਲ ਨੰਬਰ ਦੂਜੀ ਕੰਪਨੀ 'ਚ ਕਰਵਾਉਣ ਲਈ ਗਾਹਕ ਨੂੰ ਮੈਸੇਜ ਬਾਕਸ 'ਚ PORT ਟਾਈਪ ਕਰਕੇ 1900 'ਤੇ ਭੇਜਣਾ ਹੁੰਦਾ ਹੈ। ਫਿਲਹਾਲ ਨੰਬਰ ਪੋਰਟ ਕਰਵਾਉਣ 'ਚ 4 ਤੋਂ 7 ਦਿਨ ਦਾ ਸਮਾਂ ਲੱਗਦਾ ਹੈ। ਪਹਿਲਾਂ ਇਸ ਲਈ ਫੀਸ 19 ਰੁਪਏ ਲੱਗਦੀ ਸੀ, ਜੋ ਹੁਣ ਜਲਦ ਹੀ ਘੱਟ ਹੋਣ ਜਾ ਰਹੀ ਹੈ।
ਸੋਨਾ 250 ਰੁਪਏ ਦੀ ਛਲਾਂਗ ਲਗਾ ਕੇ 38670 'ਤੇ ਪਹੁੰਚਿਆ
NEXT STORY