ਕਾਠਮਾਂਡੂ— ਜੇਕਰ ਨੇਪਾਲ ਘੁੰਮਣ ਦੀ ਯੋਜਨਾ ਹੈ ਤਾਂ ਹੁਣ ਜੇਬ 'ਚ ਨੋਟ ਜਰ੍ਹਾ ਸੋਚ ਕੇ ਹੀ ਲੈ ਕੇ ਜਾਣਾ। ਨੇਪਾਲ 'ਚ ਹੁਣ 100 ਰੁਪਏ ਤੋਂ ਵੱਧ ਮੁੱਲ ਦੇ ਭਾਰਤੀ ਨੋਟਾਂ ਦਾ ਇਸਤੇਮਾਲ ਨਹੀਂ ਹੋ ਸਕੇਗਾ।ਨੇਪਾਲ ਦੇ ਕੇਂਦਰੀ ਬੈਂਕ ਨੇ 2,000, 500 ਤੇ 200 ਰੁਪਏ ਦੇ ਭਾਰਤੀ ਨੋਟਾਂ ਦੇ ਇਸਤੇਮਾਲ 'ਤੇ ਰੋਕ ਲਾ ਦਿੱਤੀ ਹੈ।ਇਸ ਕਦਮ ਨਾਲ ਨੇਪਾਲ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ।
ਕਾਠਮਾਂਡੂ ਪੋਸਟ ਦੀ ਖਬਰ ਮੁਤਾਬਕ ਨੇਪਾਲ ਰਾਸ਼ਟਰ ਬੈਂਕ ਨੇ ਇਕ ਸਰਕੂਲਰ ਜਾਰੀ ਕਰ ਕੇ ਨੇਪਾਲੀ ਮੁਸਾਫਰਾਂ, ਬੈਂਕਾਂ ਤੇ ਵਿੱਤੀ ਸੰਸਥਾਨਾਂ ਨੂੰ 100 ਰੁਪਏ ਤੋਂ ਜ਼ਿਆਦਾ ਦੀ ਭਾਰਤੀ ਕਰੰਸੀ ਨੂੰ ਰੱਖਣ ਜਾਂ ਉਸ ਨਾਲ ਕਾਰੋਬਾਰ ਕਰਨ 'ਤੇ ਰੋਕ ਲਾ ਦਿੱਤੀ ਹੈ।ਕੇਂਦਰੀ ਬੈਂਕ ਨੇ ਕਿਹਾ ਕਿ 200, 500 ਤੇ 2,000 ਰੁਪਏ ਦੇ ਭਾਰਤੀ ਨੋਟਾਂ ਨੂੰ ਨਹੀਂ ਰੱਖਿਆ ਜਾ ਸਕੇਗਾ ਤੇ ਉਨ੍ਹਾਂ ਦਾ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ।
ਨਵੇਂ ਨਿਯਮਾਂ ਤਹਿਤ ਨੇਪਾਲ ਦੇ ਨਾਗਰਿਕ ਇਸ ਮੁੱਲ ਦੇ ਨੋਟਾਂ ਨੂੰ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ 'ਚ ਨਹੀਂ ਲਿਜਾ ਸਕਦੇ ਹਨ।ਇਸ ਤਰ੍ਹਾਂ, ਇਨ੍ਹਾਂ ਨੋਟਾਂ ਨੂੰ ਕਿਸੇ ਦੂਜੇ ਦੇਸ਼ ਤੋਂ ਨੇਪਾਲ ਲੈ ਕੇ ਵੀ ਨਹੀਂ ਆ ਸਕਦੇ ਹਨ।ਹਾਲਾਂਕਿ, 100 ਰੁਪਏ ਦੇ ਨੋਟ ਨਾਲ ਖਰੀਦਦਾਰੀ ਕਰਨ ਦੀ ਆਗਿਆ ਹੈ।ਸੈਰ-ਸਪਾਟਾ ਖੇਤਰ ਨਾਲ ਜੁੜੇ ਕਾਰੋਬਾਰੀਆਂ ਤੇ ਉਦਮੀਆਂ ਨੇ ਇਸ ਰੋਕ ਦੀ ਅਲੋਚਨਾ ਕੀਤੀ ਹੈ।ਉਨ੍ਹਾਂ ਕਿਹਾ ਹੈ ਕਿ ਅਜਿਹੇ ਸਮੇਂ ਜਦੋਂ ਦੇਸ਼ ਦੇ ਸੈਰ-ਸਪਾਟੇ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਤੇ ਸਰਕਾਰ 'ਨੇਪਾਲ ਦੀ ਯਾਤਰਾ 'ਤੇ ਆਓ' ਮੁਹਿੰਮ ਚਲਾ ਰਹੀ ਹੈ, ਇਸ ਤਰ੍ਹਾਂ ਦਾ ਕਦਮ ਸੈਰ-ਸਪਾਟਾ ਉਦਯੋਗ ਲਈ ਨੁਕਸਾਨਦੇਹ ਹੋ ਸਕਦਾ ਹੈ।ਨੇਪਾਲ ਸਰਕਾਰ 2020 ਤੱਕ 20 ਲੱਖ ਸੈਲਾਨੀਆਂ ਦੇ ਨੇਪਾਲ ਆਉਣ ਦਾ ਟੀਚਾ ਲੈ ਕੇ ਚੱਲ ਰਹੀ ਹੈ।
ਗੂਗਲ ਖੋਲ੍ਹੇਗਾ ਨੇਤਾਵਾਂ ਦੀ ਪੋਲ, ਜਨਤਕ ਕਰੇਗਾ ਵਿਗਿਆਪਨਾਂ ਦੇ ਖਰਚੇ
NEXT STORY