ਛੋਟਾ ਘੱਲੂਘਾਰਾ ਸਿੱਖ ਕੌਮ ਲਈ ਇਕ ਅਜਿਹਾ ਦਰਦਨਾਕ ਕਾਰਾ ਹੈ, ਜਿਸ ਵਿਚ 11000 ਸਿੱਖ ਸ਼ਹੀਦ ਹੋ ਗਏ ਸਨ। ਇਹ ਘਟਨਾ 3 ਜੇਠ 1746 ਈਸਵੀ ਵਿਚ ਗੁਰਦਾਸਪੁਰ ਦੇ ਨੇੜੇ ਕਾਹਨੂੰਵਾਨ ਛੰਭ ਵਿਖੇ ਵਾਪਰੀ ਸੀ। ਅਸਲ ਵਿਚ ਲਖਪਤ ਰਾਏ ਦਾ ਭਰਾ ਜਸਪਤ ਰਾਏ, ਜੋ ਕਿ ਮੁਗਲਾਂ ਦਾ ਮਿਲਟਰੀ ਕਮਾਂਡਰ ਸੀ, ਉਹ ਸਿੱਖਾਂ ਨਾਲ ਹੋਏ ਇਕ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਇਹ ਦੋਵੇਂ ਭਰਾ ਸਿੱਖਾਂ ਦਾ ਖੁਰਾ-ਖੋਜ ਮਿਟਾ ਦੇਣਾ ਚਾਹੁੰਦੇ ਸਨ। ਇਸ ਲਈ ਇਨ੍ਹਾਂ ਨੇ ਜ਼ਿਆਦਾ ਹੀ ਅੱਤ ਚੁੱਕੀ ਹੋਈ ਸੀ। ਉਸ ਵੇਲੇ ਲਾਹੌਰ ਦਾ ਗਵਰਨਰ ਯਾਹੀਆ ਖਾਨ ਸੀ। ਅਸਲ ਵਿਚ ਕੁਝ ਸਮਾਂ ਪਹਿਲਾਂ ਮੱਸਾ ਰੰਗੜ ਨੂੰ ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਸ਼ਰੇਆਮ ਸ੍ਰੀ ਦਰਬਾਰ ਸਾਹਿਬ ਵਿਖੇ ਕਤਲ ਕਰ ਦਿੱਤਾ ਸੀ ਅਤੇ ਉਸ ਦਾ ਸਿਰ ਨੇਜਿਆਂ ’ਤੇ ਟੰਗ ਕੇ ਬੀਕਾਨੇਰ ਦੇ ਜੰਗਲਾਂ ਵਿਚ ਸਿੱਖਾਂ ਕੋਲ ਪਹੁੰਚਾ ਦਿੱਤਾ ਸੀ।
ਇਸ ਘਟਨਾ ਤੋਂ ਬਾਅਦ ਸਿੱਖਾਂ ਦੇ ਹੌਸਲੇ ਹੋਰ ਜ਼ਿਆਦਾ ਬੁਲੰਦ ਹੋ ਗਏ ਸਨ ਅਤੇ ਉਹ ਜੰਗਲਾਂ ਵਿਚੋਂ ਬਾਹਰ ਆ ਗਏ ਸਨ, ਜੋ ਜਸਪਤ ਰਾਏ ਅਤੇ ਲਖਪਤ ਰਾਏ ਨੂੰ ਬਹੁਤ ਚੁੱਭਦੇ ਸਨ। ਜਸਪਤ ਰਾਏ ਗੁਜਰਾਂਵਾਲਾ ਦੇ ਨੇੜੇ ਸਿੱਖਾਂ ਨਾਲ ਹੋਏ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਉਸ ਦਾ ਬਦਲਾ ਲੈਣ ਲਈ ਉਸ ਦੇ ਭਰਾ ਲਖਪਤ ਰਾਏ ਨੇ ਇਹ ਕਤਲੇਆਮ ਕੀਤਾ ਸੀ। ਲਖਪਤ ਰਾਏ ਲਾਹੌਰ ਦਾ ਮਾਲ ਮੰਤਰੀ ਸੀ, ਉਸ ਨੇ ਸਿੱਖਾਂ ਨੂੰ ਹਰ ਹੀਲੇ ਖ਼ਤਮ ਕਰਨ ਦਾ ਫ਼ੈਸਲਾ ਕਰ ਲਿਆ ਸੀ ਅਤੇ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ।
ਇਤਿਹਾਸਕਾਰ ਸਈਅਦ ਮੁਹੰਮਦ ਲਤੀਫ ਅਨੁਸਾਰ ਲਖਪਤ ਰਾਏ 1 ਹਜ਼ਾਰ ਦੇ ਕਰੀਬ ਸਿੱਖਾਂ ਨੂੰ ਲਾਹੌਰ ਲੈ ਕੇ ਆਇਆ ਅਤੇ ਉਨ੍ਹਾਂ ਨੂੰ ਗਧਿਆਂ ’ਤੇ ਬਿਠਾਇਆ ਹੋਇਆ ਸੀ ਅਤੇ ਬਾਜ਼ਾਰਾਂ ਵਿਚ ਉਨ੍ਹਾਂ ਦੀ ਪਰੇਡ ਕਰਵਾਈ ਗਈ। ਫਿਰ ਉਨ੍ਹਾਂ ਨੂੰ ਦਿੱਲੀ ਗੇਟ ਦੇ ਬਾਹਰਵਾਰ ਘੋੜਾ ਮੰਡੀ ਵਿਚ ਲਿਜਾਇਆ ਗਿਆ, ਜਿਥੇ ਉਨ੍ਹਾਂ ਦੇ ਸਿਰ ਧੜ ਨਾਲੋਂ ਵੱਖ ਕਰ ਦਿੱਤੇ ਗਏ। ਲਖਪਤ ਰਾਏ ਦਾ ਬਦਲਾ ਅਜੇ ਪੂਰਾ ਨਹੀਂ ਸੀ ਹੋਇਆ। ਇਸ ਲਈ ਉਸ ਨੇ 50 ਹਜ਼ਾਰ ਦੇ ਕਰੀਬ ਫੌਜ ਇਕੱਠੀ ਕੀਤੀ ਅਤੇ ਸਿੱਖਾਂ ਨੂੰ ਕਾਹਨੂੰਵਾਲ ਛੰਭ ਕੋਲ ਘੇਰਾ ਪਾ ਲਿਆ। ਇਸ ਥਾਂ ’ਤੇ ਲਗਭਗ 15 ਸਿੱਖ ਝਾੜੀਆਂ ਵਿਚ ਆਸਰਾ ਲਈ ਬੈਠੇ ਸਨ। ਇਹ ਜਗ੍ਹਾ ਗੁਰਦਾਸਪੁਰ ਤੋਂ 20 ਕਿਲੋਮੀਟਰ ਉੱਤਰ-ਪੱਛਮ ਵੱਲ ਸਥਿਤ ਹੈ।
ਲਖਪਤ ਰਾਏ ਚਾਹੁੰਦਾ ਸੀ ਕਿ ਸਾਰੇ ਸਿੱਖਾਂ ਨੂੰ ਤੋਪਾਂ ਨਾਲ ਉਡਾ ਦਿੱਤਾ ਜਾਵੇ। ਸਿੱਖਾਂ ਕੋਲ ਝਾੜੀਆਂ ਅਤੇ ਪਹਾੜੀਆਂ ਤੋਂ ਇਲਾਵਾ ਹੋਰ ਕੋਈ ਆਸਰਾ ਨਹੀਂ ਸੀ। ਸਿੱਖਾਂ ਦਾ ਰਾਸ਼ਨ ਵੀ ਸਮਾਪਤ ਹੋ ਚੁੱਕਾ ਸੀ। ਅਚਾਨਕ ਸਿੱਖਾਂ ਨੇ ਗੁਰੀਲਾ ਵਿਧੀ ਦੀ ਵਰਤੋਂ ਕਰਦੇ ਹੋਏ ਲਖਪਤ ਰਾਏ ਦੀਆਂ ਫੌਜਾਂ ਕੋਲੋਂ ਕੁਝ ਰਾਸ਼ਨ ਅਤੇ ਹਥਿਆਰ ਖੋਹ ਲਏ। ਸ਼ਾਮ ਵੇਲੇ ਸਿੱਖਾਂ ਨੇ ਅਚਾਨਕ ਲਖਪਤ ਰਾਏ ਦੀਆਂ ਫੌਜਾਂ ’ਤੇ ਹਮਲਾ ਕਰ ਦਿੱਤਾ। ਇਸ ਨਾਲ ਲਖਪਤ ਰਾਏ ਦਾ ਕਾਫੀ ਨੁਕਸਾਨ ਹੋਇਆ ਪਰ ਉਹ ਹਾਰ ਮੰਨਣ ਵਾਲਾ ਨਹੀਂ ਸੀ। ਇਸ ਲਈ ਉਸ ਨੇ ਆਪਣੀਆਂ ਸਾਰੀਆਂ ਫੌਜਾਂ ਨੂੰ ਸਿੱਖਾਂ ਦਾ ਪਿੱਛਾ ਕਰਨ ਲਈ ਪ੍ਰੇਰਿਆ।
ਫੌਜਾਂ ਸਿੱਖਾਂ ਦਾ ਪਿੱਛਾ ਕਰਦੀਆਂ ਹੋਈਆਂ ਕਾਹਨੂੰਵਾਲ ਛੰਭ ਦੇ ਅੰਦਰ ਤੱਕ ਆ ਗਈਆਂ। ਇਸ ਵੇਲੇ ਤੱਕ ਸਿੱਖ ਗੁਰੀਲਾ ਯੁੱਧ ਨੀਤੀ ਦਾ ਪ੍ਰਦਰਸ਼ਨ ਕਰਦੇ ਹੋਏ ਕਾਫੀ ਦੂਰ ਤੱਕ ਚਲੇ ਗਏ। ਫੌਜਾਂ ਨੂੰ ਕੋਈ ਸਿੱਖ ਨਹੀਂ ਮਿਲਿਆ ਅਤੇ ਫੌਜਾਂ ਆਪਣੇ ਕੈਂਪ ਵਿਚ ਆ ਕੇ ਆਰਾਮ ਕਰਨ ਲੱਗੀਆਂ। ਸਿੱਖ ਦੁਬਾਰਾ ਵਾਪਸ ਆਏ। ਉਨ੍ਹਾਂ ਨੇ ਫੌਜਾਂ ਦੇ ਘੋੜੇ, ਰਾਸ਼ਨ ਅਤੇ ਹਥਿਆਰ ਖੋਹ ਲਏ ਅਤੇ ਦੁਬਾਰਾ ਛੰਭ ਦੇ ਅੰਦਰ ਚਲੇ ਗਏ। ਲਖਪਤ ਰਾਏ ਦੀਆਂ ਫੌਜਾਂ ਦੁਬਾਰਾ ਪੂਰੀ ਸ਼ਕਤੀ ਨਾਲ ਸਿੱਖਾਂ ਦੇ ਪਿੱਛੇ ਕਾਨੂੰਵਾਲ ਛੰਭ ਦੇ ਅੰਦਰ ਤੱਕ ਆਈਆਂ ਅਤੇ ਚਾਰੇ ਪਾਸਿਓਂ ਘੇਰਾ ਪਾ ਲਿਆ।
ਸਿੱਖਾਂ ਦੇ ਛਾਪਾਮਾਰ ਯੁੱਧ ਤੋਂ ਤੰਗ ਆਏ ਲਖਪਤ ਰਾਏ ਨੇ ਕਾਹਨੂੰਵਾਲ ਜੰਗਲ ਨੂੰ ਅੱਗ ਲਗਾ ਦਿੱਤੀ ਅਤੇ ਸਿੱਖ ਵਿਚਾਲੇ ਘਿਰ ਕੇ ਰਹਿ ਗਏ। ਉੱਪਰੋਂ ਤੋਪਾਂ ਦੀ ਵਰਖਾ ਕਰ ਦਿੱਤੀ ਗਈ, ਜਿਸ ਕਰਕੇ ਬੱਚੇ-ਬੁੱਢੇ ਅਤੇ ਔਰਤਾਂ ਸਮੇਤ 11000 ਦੇ ਕਰੀਬ ਸਿੱਖਾਂ ਦਾ ਕਤਲੇਆਮ ਹੋਇਆ। ਇਹ ਸਿੱਖਾਂ ਦਾ ਵੱਡੀ ਗਿਣਤੀ ਵਿਚ ਹੋਇਆ ਪਹਿਲਾ ਕਤਲੇਆਮ ਸੀ। ਇਸ ਲਈ ਇਸ ਨੂੰ ‘ਛੋਟਾ ਘੱਲੂਘਾਰਾ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਥੇ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿਚ ਇਕ ਗੁਰਦੁਆਰਾ ਸਾਹਿਬ ਅਤੇ ਯਾਦਗਾਰ ਉਸਾਰੀ ਗਈ ਹੈ।
—ਗੁਰਪ੍ਰੀਤ ਸਿੰਘ ਨਿਆਮੀਆਂ
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (15 ਮਈ, 2024)
NEXT STORY