ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਮਹਿਲ ਮਾਤਾ ਜੀਤ ਕੌਰ ਜੀ, ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਸਨ। ਦੋਵੇਂ ਮਾਤਾਵਾਂ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਜੀਤ ਕੌਰ ਦੇ ਚਾਰ ਸਾਹਿਬਜ਼ਾਦੇ ਸਨ ਜਦਕਿ ਮਾਤਾ ਸਾਹਿਬ ਕੌਰ ਜੀ ਨੂੰ ਕੁਆਰਾ ਡੋਲਾ ਆਖਿਆ ਜਾਂਦਾ ਹੈ। ਖ਼ਾਲਸਾ ਪੰਥ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਜੀ ਦੀ ਝੋਲੀ ਪਾ ਕੇ ਉਨ੍ਹਾਂ ਨੂੰ ਖ਼ਾਲਸੇ ਦੀ ਮਾਤਾ ਹੋਣ ਦਾ ਮਾਣ ਬਖ਼ਸ਼ਿਆ।
ਮਾਤਾ ਸਾਹਿਬ ਕੌਰ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ, ਗੁਰਦੁਆਰਾ ਹੀਰਾ ਘਾਟ ਦੇ ਨੇੜੇ ਹੀ ਗੋਦਾਵਰੀ ਦੇ ਕਿਨਾਰੇ ’ਤੇ ਬੜੀ ਰਮਣੀਕ ਥਾਂ ’ਤੇ ਸਥਿਤ ਹੈ। ਗੁਰਦੁਆਰਾ ਸ਼ਿਕਾਰਘਾਟ ਵੀ ਇਥੋਂ ਨੇੜੇ ਹੀ ਪੈਂਦਾ ਹੈ। ਮਾਤਾ ਸਾਹਿਬ ਕੌਰ ਜੀ ਦਾ ਵਿਆਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ 18 ਵੈਸਾਖ ਸੰਮਤ 1757 ਨੂੰ ਹੋਇਆ ਸੀ ਅਤੇ ਮਾਤਾ ਜੀ ਨੇ ਸਾਰੀ ਉਮਰ ਗੁਰੂ ਸਾਹਿਬ ਦੇ ਚਰਨਾਂ ਵਿਚ ਧਿਆਨ ਜੋੜ ਕੇ ਕੁਆਰੇ ਡੋਲੇ ਦੇ ਰੂਪ ਵਿਚ ਬਿਤਾਈ। ਆਪ ਜੀ ਦੇ ਪਿਤਾ ਰੋਹਤਾਸ ਨਿਵਾਸੀ ਭਾਈ ਰਾਮੂ ਖੱਤਰੀ ਨੇ ਆਪ ਦੇ ਜਨਮ ਸਮੇਂ ਹੀ ਇਹ ਪ੍ਰਣ ਕਰ ਲਿਆ ਸੀ ਕਿ ਆਪ ਜੀ ਦਾ ਵਿਆਹ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਰਨਗੇ। ਭਾਈ ਰਾਮੂ ਜੀ ਮਾਤਾ ਸਾਹਿਬ ਕੌਰ ਜੀ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜੇ ਸਨ ਅਤੇ ਉਨ੍ਹਾਂ ਗੁਰੂ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ ਸੀ ਕਿ ਸਾਹਿਬ ਕੌਰ ਜੀ ਨਾਲ ਵਿਆਹ ਕਰ ਲਓ। ਗੁਰੂ ਜੀ ਨੇ ਉਸ ਵੇਲੇ ਗ੍ਰਹਿਸਥ ਦਾ ਤਿਆਗ ਕਰ ਦਿੱਤਾ ਸੀ। ਇਹ ਜਾਣ ਕੇ ਭਾਈ ਰਾਮੂ ਜੀ ਨਿਰਾਸ਼ ਹੋ ਗਏ ਅਤੇ ਕਿਹਾ ਕਿ ਰੋਹਤਾਸ ਦੇ ਸਾਰੇ ਇਲਾਕੇ ਵਿਚ ਇਹ ਗੱਲ ਪ੍ਰਸਿੱਧ ਹੈ ਕਿ (ਮਾਤਾ) ਸਾਹਿਬ ਕੌਰ ਜੀ ਦਾ ਵਿਆਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਣੀ ਹੈ, ਇਸ ਲਈ ਸਾਰੇ ਹੀ ਉਨ੍ਹਾਂ ਨੂੰ ਮਾਤਾ ਜੀ ਹੀ ਆਖਦੇ ਹਨ। ਹੁਣ ਹੋਰ ਕਿਸੇ ਨੇ ਵੀ ਇਨ੍ਹਾਂ ਨਾਲ ਸ਼ਾਦੀ ਨਹੀਂ ਕਰਵਾਉਣੀ ਅਤੇ ਉਨ੍ਹਾਂ ਦੀ ਬੱਚੀ ਸਾਰੀ ਉਮਰ ਮਾਪਿਆਂ ਦੇ ਘਰ ਕਿਸ ਤਰ੍ਹਾਂ ਕੁਆਰੀ ਬੈਠੀ ਰਹੇਗੀ। ਉਨ੍ਹਾਂ ਨੇ ਮਾਤਾ ਗੁਜਰੀ ਜੀ ਅੱਗੇ ਸਾਰੀ ਸਮੱਸਿਆ ਰੱਖੀ ਅਤੇ ਬੇਨਤੀ ਕੀਤੀ ਕਿ ਉਨ੍ਹਾਂ ਦੀ ਪੁੱਤਰੀ ਨੂੰ ਆਪਣੈ ਘਰ ਦੀ ਨੂੰਹ ਬਣਾ ਲੈਣ।
ਗੁਰੂ ਜੀ ਨੇ ਕਿਹਾ ਸੀ ਕਿ ਉਹ ਮਾਤਾ ਸਾਹਿਬ ਕੌਰ ਨੂੰ ਪਤੀ ਦਾ ਨਾਂਅ ਦੇਣਗੇ ਤੇ ਇਸ ਤਰ੍ਹਾਂ 17 ਵੈਸਾਖ ਸੰਮਤ 1757 ਬਿਕਰਮੀ ਨੂੰ ਮਾਤਾ ਸਾਹਿਬ ਕੌਰ ਜੀ ਦਾ ਵਿਆਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ ਸੀ। ਗੁਰੂ ਜੀ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਮਾਤਾ ਸਾਹਿਬ ਕੌਰ ਜੀ ਦੀ ਝੋਲੀ ਵਿਚ ਪਾਉਂਦਿਆਂ ਉਨ੍ਹਾਂ ਨੂੰ ਖ਼ਾਲਸੇ ਦੀ ਮਾਤਾ ਹੋਣ ਦਾ ਮਾਣ ਬਖਸ਼ਿਆ। ਮਾਤਾ ਜੀ ਸ੍ਰੀ ਆਨੰਦਪੁਰ ਸਾਹਿਬ ਤੋਂ ਬਾਅਦ ਭਾਈ ਮਨੀ ਸਿੰਘ ਨਾਲ ਦਿੱਲੀ ਚਲੇ ਗਏ ਸਨ ਅਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਬੋ ਕੀ ਤਲਵੰਡੀ ਵਿਖੇ ਪਹੁੰਚੇ ਤਾਂ ਮਾਤਾ ਜੀ ਗੁਰੂ ਜੀ ਦੇ ਦਰਸ਼ਨਾਂ ਲਈ ਦਮਦਮਾ ਸਾਹਿਬ ਵਿਖੇ ਵੀ ਆਏ ਸਨ। ਜਦੋਂ ਗੁਰੂ ਜੀ ਦੱਖਣ ਵਿਚ ਸ੍ਰੀ ਹਜ਼ੂਰ ਸਾਹਿਬ ਵੱਲ ਗਏ ਤਾਂ ਮਾਤਾ ਜੀ ਦਿੱਲੀ ਤੋਂ ਉਥੇ ਪੁੱਜ ਗਏ ਸਨ। ਮਾਤਾ ਜੀ ਦਾ ਇਹ ਨੇਮ ਸੀ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਪ੍ਰਸ਼ਾਦਾ ਛਕਾ ਕੇ ਆਪ ਪ੍ਰਸ਼ਾਦਾ ਛਕਦੇ ਸਨ।
ਜਦੋਂ ਗੁਰੂ ਜੀ ਮੂਲੇ ਖੱਤਰੀ ਦਾ ਉਧਾਰ ਕਰਨ ਲਈ ਗੁਰਦੁਆਰਾ ਸ਼ਿਕਾਰਘਾਟ ਵੱਲ ਗਏ ਸਨ ਤਾਂ ਬਿਖੜਾ ਰਸਤਾ ਹੋਣ ਕਰਕੇ ਮਾਤਾ ਸਾਹਿਬ ਕੌਰ ਜੀ ਨੂੰ ਇਸ ਅਸਥਾਨ ’ਤੇ ਤੰਬੂ ਲਗਾਕੇ ਅਰਾਮ ਕਰਨ ਲਈ ਛੱਡ ਗਏ ਸਨ। ਕੁੱਝ ਸਿੰਘ ਵੀ ਮਾਤਾ ਜੀ ਦੀ ਰਾਖੀ ਲਈ ਉਥੇ ਰਹਿ ਗਏ। ਮਾਤਾ ਜੀ ਤਪ ਕਰਨ ਲੱਗ ਪਏ ਤੇ ਉਨ੍ਹਾਂ ਦਾ ਮਨ ਪ੍ਰਭੂ ਚਰਨਾਂ ਵਿਚ ਇੰਨਾ ਜੁੜਿਆ ਕਿ ਉਹ ਕਈ ਘੰਟਿਆਂ ਤੱਕ ਸਮਾਧੀ ਵਿਚ ਹੀ ਲੀਨ ਬੈਠੇ ਰਹੇ। ਜਦੋਂ ਗੁਰੂ ਜੀ ਗੁਰਦੁਆਰਾ ਸ਼ਿਕਾਰਘਾਟ ਵਾਲੀ ਥਾਂ ਤੋਂ ਮੂਲੇ ਖੱਤਰੀ ਦਾ ਉਧਾਰ ਕਰਕੇ ਇਸ ਥਾਂ ਵਾਪਸ ਪਹੁੰਚੇ ਤਾਂ ਉਸ ਵੇਲੇ ਵੀ ਮਾਤਾ ਸਾਹਿਬ ਕੌਰ ਜੀ ਸਮਾਧੀ ਵਿਚ ਲੀਨ ਬੈਠੇ ਹੋਏ ਸਨ। ਗੁਰੂ ਜੀ ਦੇ ਪ੍ਰਸ਼ਾਦਾ ਛਕਣ ਦਾ ਸਮਾਂ ਹੋ ਗਿਆ ਸੀ, ਇਸ ਲਈ ਸਿੰਘਾਂ ਨੇ ਮਾਤਾ ਸਾਹਿਬ ਕੌਰ ਨੂੰ ਸਮਾਧੀ ’ਚੋਂ ਉਠਾਉਣਾ ਚਾਹਿਆ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਅਜਿਹਾ ਕਰਨੋ ਰੋਕ ਦਿੱਤਾ ਅਤੇ ਮਾਤਾ ਜੀ ਦੇ ਕੋਲ ਤੰਬੂ ਲਗਵਾ ਦਿੱਤਾ ਤਾਂ ਜੋ ਉਹ ਅਰਾਮ ਨਾਲ ਭਗਤੀ ਕਰ ਸਕਣ। ਕਿਹਾ ਜਾਂਦਾ ਹੈ ਕਿ ਇਸੇ ਅਸਥਾਨ ’ਤੇ ਪਹਿਲਾਂ ਹੀ ਕਿਸੇ ਹੋਰ ਜਨਮ ਵਿਚ ਮਾਤਾ ਜੀ ਤਪ ਕਰਦੇ ਰਹੇ ਸਨ, ਜਿਸ ਕਰਕੇ ਹੁਣ ਵੀ ਉਨ੍ਹਾਂ ਦਾ ਮਨ ਭਗਤੀ ਵਿਚ ਜ਼ਿਆਦਾ ਲੱਗ ਗਿਆ ਸੀ।
ਗੁਰੂ ਸਾਹਿਬ ਨੇ ਦੱਸਿਆ ਸੀ ਕਿ ਇਹ ਆਦਿ ਸ਼ਕਤੀ ਦਾ ਪੁਰਾਤਨ ਅਸਥਾਨ ਹੈ ਤੇ ਇਥੇ 24 ਘੰਟੇ ਲੰਗਰ ਚੱਲੇਗਾ। ਫਿਰ ਗੁਰੂ ਜੀ ਸ਼ਿਕਾਰ ਤੋਂ ਬਾਅਦ ਜਦੋਂ ਵਾਪਸ ਆਉਂਦੇ ਤਾਂ ਇਸੇ ਥਾਂ ਆ ਕੇ ਪ੍ਰਸ਼ਾਦਾ ਛਕਦੇ ਰਹੇ। ਉਦੋਂ ਤੋਂ ਹੀ ਇਸ ਗੁਰਦੁਆਰਾ ਸਾਹਿਬ ਵਿਖੇ ਲੰਗਰ ਦੀ ਮਰਿਆਦਾ ਚਲੀ ਆ ਰਹੀ ਹੈ। ਗੁਰੂ ਜੀ ਨੇ ਭਵਿੱਖ ਬਾਰੇ ਸੋਚਦੇ ਹੋਏ ਅਖੀਰ ਮਾਤਾ ਸਾਹਿਬ ਕੌਰ ਜੀ ਨੂੰ ਵਾਪਸ ਦਿੱਲੀ ਜਾਣ ਦਾ ਹੁਕਮ ਕਰ ਦਿੱਤਾ। ਭਾਈ ਮਨੀ ਸਿੰਘ ਜੀ ਨੂੰ ਮਾਤਾ ਜੀ ਦੇ ਨਾਲ ਦਿੱਲੀ ਭੇਜਿਆ। ਮਾਤਾ ਸਾਹਿਬ ਕੌਰ ਜੀ ਨੇ ਜਾਣ ਸਮੇਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਤਾਂ ਗੁਰੂ ਜੀ ਦੇ ਦਰਸ਼ਨ ਕੀਤੇ ਬਿਨਾਂ ਪ੍ਰਸ਼ਾਦਾ ਨਹੀਂ ਛਕਦੇ ਤੇ ਦਿੱਲੀ ਜਾ ਕੇ ਇਹ ਪ੍ਰਣ ਕਿਸ ਤਰ੍ਹਾਂ ਨਿਭੇਗਾ ਤਾਂ ਗੁਰੂ ਜੀ ਨੇ ਆਪਣੇ 5 ਸ਼ਸਤਰ ਮਾਤਾ ਜੀ ਨੂੰ ਦੇ ਕੇ ਕਿਹਾ ਕਿ ਪੂਜਾ ਪਾਠ ਕਰਕੇ ਜਦੋਂ ਉਹ ਇਨ੍ਹਾਂ ਸ਼ਸਤਰਾਂ ਦੇ ਦਰਸ਼ਨ ਕਰਿਆ ਕਰਨਗੇ ਤਾਂ ਇਨ੍ਹਾਂ ਵਿਚੋਂ ਹੀ ਗੁਰੂ ਜੀ ਦੇ ਦਰਸ਼ਨ ਹੋਇਆ ਕਰਨਗੇ।
ਮਾਤਾ ਜੀ ਇਸੇ ਤਰ੍ਹਾਂ ਕਰਦੇ ਰਹੇ ਅਤੇ ਇਨ੍ਹਾਂ ਸ਼ਸਤਰਾਂ ਦੀ ਸ਼ਰਧਾ ਨਾਲ ਪੂਜਾ ਕਰਦੇ ਰਹੇ। ਦਿੱਲੀ ਵਿਖੇ ਹੀ ਮਾਤਾ ਜੀ ਸੱਚਖੰਡ ਵਿਖੇ ਜਾ ਬਿਰਾਜੇ ਸਨ। ਮਾਤਾ ਜੀ ਦਾ ਅੰਤਿਮ ਅਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦੇਹਰੇ ਦੇ ਕੋਲ ਚਾਂਦਨੀ ਚੌਂਕ ਤੋਂ ਲਗਭਗ 6 ਕਿਲੋਮੀਟਰ ਦੂਰ ਬਣਾਇਆ ਹੋਇਆ ਹੈ, ਜਿਸ ਨੂੰ ਮਾਤਾ ਸਾਹਿਬ ਕੌਰ ਜੀ ਦਾ ਦੇਹਰਾ ਆਖਦੇ ਹਨ। ਮਹਾਰਾਸ਼ਟਰ ਦੀ ਧਰਤੀ ’ਤੇ ਮਾਤਾ ਸਾਹਿਬ ਕੌਰ ਜੀ ਦੀ ਯਾਦ ਵਿਚ ਗੁਰਦੁਆਰਾ ਸ਼ਿਕਾਰਘਾਟ ਤੇ ਗੁਰਦੁਆਰਾ ਹੀਰਾਘਾਟ ਦੇ ਵਿਚਾਲੇ ਇਹ ਤਪ ਅਸਥਾਨ ਬਣਿਆ ਹੋਇਆ ਹੈ। ਇਥੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਉਸਾਰਿਆ ਗਿਆ ਹੈ। ਜਿਥੇ ਨੀਲੇ ਰੰਗ ਦੇ ਨਿਸ਼ਾਨੇ ਸਾਹਿਬ ਲਗਾਏ ਹੋਏ ਹਨ।
ਗੁਰਪ੍ਰੀਤ ਸਿੰਘ ਨਿਆਮੀਆਂ
ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ 9 ਨਵੰਬਰ ਨੂੰ ਹੋਵੇਗਾ ਜਨਰਲ ਇਜਲਾਸ
NEXT STORY