ਲੜੀ ਜੋੜਨ ਲਈ ਲੇਖ ਦੇ ਅੰਤ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਲੇਖ ਦਾ ਪਹਿਲਾ ਭਾਗ ਪੜ੍ਹ ਸਕਦੇ ਹੋ।
ਡਾ.ਹਰਪਾਲ ਸਿੰਘ ਪੰਨੂੰ
ਆਨੰਦਪੁਰ ਸਾਹਿਬ ਦੀ ਧਰਤੀ 'ਤੇ ਵਰਸਦੀ ਰਹਿਮਤ
ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਭਾਵੇਂ 1708 ਈਸਵੀ ਵਿੱਚ ਨਾਂਦੇੜ ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦਿੱਤੀ ਪਰ ਪੰਥ ਨੂੰ ਗੁਰਿਆਈ ਤਾਂ ਆਨੰਦਪੁਰ ਸਾਹਿਬ ਵਿਖੇ 1699 ਵਿੱਚ ਉਦੋਂ ਹੀ ਮਿਲ ਗਈ ਸੀ ਜਦੋਂ ਪੰਜ ਪਿਆਰਿਆਂ ਅੱਗੇ ਝੁਕ ਕੇ ਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਮੰਗੀ ਸੀ। ਪੰਥ ਦੇ ਪ੍ਰਤੀਨਿੱਧ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛਕ ਕੇ ਉਹ ਖਾਲਸਾ ਪੰਥ ਦੇ ਮੈਂਬਰ ਬਣ ਗਏ। ਖਾਲਸੇ ਦੀ ਸਾਜਨਾ ਤੋਂ ਬਾਅਦ ਜਿੰਨਾ ਚਿਰ ਗੁਰੂ ਜੀ ਸੰਸਾਰ ਵਿੱਚ ਵਿਚਰੇ, ਪੰਜ ਪਿਆਰਿਆਂ ਦੇ ਕਹਿਣੇ ਤੋਂ ਬਾਹਰ ਨਹੀਂ ਰਹੇ। ਕਈ ਮੌਕੇ ਅਜਿਹੇ ਆਏ ਕਿ ਗੁਰੂ ਜੀ ਦੇ ਫ਼ੈਸਲੇ ਦੇ ਉਲਟ ਜੇ ਪੰਜ ਪਿਆਰਿਆਂ ਨੇ ਫ਼ੈਸਲਾ ਕਰ ਦਿੱਤਾ ਤਾਂ ਪੰਜ ਪਿਆਰਿਆਂ ਦਾ ਹੁਕਮ ਸ਼੍ਰੋਮਣੀ ਮੰਨਿਆ ਗਿਆ ਤੇ ਗੁਰੂ ਜੀ ਨੇ ਸਵੀਕਾਰ ਕੀਤਾ।
ਆਨੰਦਪੁਰ ਖਾਲਸੇ ਦੀ ਅਮਰ ਰਾਜਧਾਨੀ ਹੈ। ਇੱਥੇ ਰਣਜੀਤ ਨਗਾਰੇ ਦੀ ਗੁੰਜਾਰ ਵਿੱਚ ਹੋਲੇ ਮਹੱਲੇ ਖੇਡੇ ਗਏ। ਇੱਥੇ ਉਨ੍ਹਾਂ ਫ਼ਕੀਰਾਂ ਦਾ ਵਾਸਾ ਰਿਹਾ ਜਿਹੜੇ ਮਣੀਆਂ ਮਿੱਟੀ ਵਿੱਚ ਦੱਬ ਕੇ ਭੁੱਲ ਜਾਂਦੇ ਸਨ। ਇੱਥੇ ਚਾਰੇ ਸਾਹਿਬਜ਼ਾਦਿਆਂ ਨੇ ਪਹਿਲੀ ਵਾਰ ਅੱਖਾਂ ਖੋਲ੍ਹੀਆਂ। ਇਸ ਧਰਤੀ ਉਤੇ ਉਹ ਰਿੜ੍ਹਨਾ ਸਿੱਖੇ, ਤੁਰਨਾ ਸਿੱਖੇ ਤੇ ਫਿਰ ਉਨ੍ਹਾਂ ਨੇ ਅਨੰਤ ਆਕਾਸ਼ ਵੱਲ ਲੰਮੀ ਉਡਾਣ ਭਰੀ। ਇਹ ਉਡਾਣ ਰੌਸ਼ਨੀ ਦੀ ਲਕੀਰ ਵਾਂਗ ਅੱਜ ਤੱਕ ਦਿਖਾਈ ਦਿੰਦੀ ਹੈ।
ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਬਹਾਦਰੀ ਦਾ ਕਿੱਸਾ
ਜਦੋਂ ਵਜ਼ੀਰ ਖਾਨ ਨੂੰ ਕਤਲ ਕਰਨ ਪਿੱਛੋਂ ਸਰਹੰਦ ਲੁੱਟਿਆ ਜਾ ਰਿਹਾ ਸੀ ਉਦੋਂ ਬਾਬਾ ਬੰਦਾ ਸਿੰਘ ਬਹਾਦਰ ਉਹ ਕੰਧ ਲੱਭਦਾ ਫਿਰਦਾ ਸੀ ਜਿਸ ਦੀਆਂ ਇੱਟਾਂ ਨੂੰ ਨਿੱਕੇ ਸਾਹਿਬਜ਼ਾਦਿਆਂ ਦੇ ਅੰਗਾਂ ਦੀ ਛੂਹ ਮਿਲੀ ਸੀ। ਉਸ ਨੂੰ ਪਤਾ ਸੀ ਕਿ ਮੇਰਾ ਰਾਜ ਲੰਮਾ ਸਮਾਂ ਨਹੀਂ ਟਿਕੇਗਾ ਇਸ ਲਈ ਉਸਨੇ ਡੂੰਘਾ ਟੋਇਆ ਪੁੱਟ ਕੇ ਇੱਟਾਂ ਦਾ ਇਹ ਖ਼ਜ਼ਾਨਾ ਦੱਬ ਕੇ ਉਪਰ ਮਿੱਟੀ ਦਾ ਥੜਾ ਬਣਾ ਦਿੱਤਾ ਤੇ ਕਿਹਾ- ਇਸ ਤੋਂ ਵਧੀਕ ਕੋਈ ਵਸਤੂ ਕੀਮਤੀ ਨਹੀਂ ਹੈ। ਵਕਤ ਆਉਣ ਉਤੇ ਇਸ ਖ਼ਜ਼ਾਨੇ ਨੂੰ ਫਿਰ ਕੱਢਾਂਗੇ। 55 ਸਾਲ ਬਾਅਦ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਫਿਰ ਇਹ ਖ਼ਜ਼ਾਨਾ ਲੱਭਿਆ ਸੀ। ਇਹ ਘਟਨਾ 14 ਜਨਵਰੀ 1764 ਦੀ ਹੈ। ਇਹ ਉਹੀ ਜਰਨੈਲ ਸੀ ਜਿਸਨੂੰ ਮੁਗਲ ਤੇ ਪਠਾਣ ਜੱਸਾ ਕਲਾਲ ਕਿਹਾ ਕਰਦੇ ਸਨ ਤੇ ਜਿਸਨੇ ਅਹਿਮਦ ਸ਼ਾਹ ਅਬਦਾਲੀ ਦਾ ਮੁਲਕ ਗ੍ਰਿਫ਼ਤਾਰ ਕਰ ਲਿਆ ਸੀ, ਮੁਲਕਿ ਅਹਿਮਦ ਗ੍ਰਿਫ਼ਤ ਜੱਸਾ ਕਲਾਲ।
![PunjabKesari](https://static.jagbani.com/multimedia/17_25_021154815jassa singh-ll.jpg)
ਆਨੰਦਪੁਰ ਦੀ ਨਗਰੀ ਸਤਜੁਗ ਵਿੱਚ ਵਸਦੇ ਬਾਦਸ਼ਾਹਾਂ ਤੇ ਦਰਵੇਸ਼ਾਂ ਦੀ ਧਰਤੀ ਹੈ। ਇਸ ਨਿੱਕੀ ਜਿਹੀ ਨਗਰੀ ਨੇ ਇੱਕ ਸ਼ਕਤੀਸ਼ਾਲੀ ਕੌਮ ਸਿਰਜ ਦਿੱਤੀ। ਅਦੀਨਾ ਬੇਗ ਨੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੂੰ ਪੱਤਰ ਲਿਖਿਆ ਕਿ ਕੋਈ ਮੁਲਾਕਾਤ ਕਰੀਏ ਤੇ ਪੰਜਾਬ ਸ਼ਾਂਤ ਹੋਵੇ ਜਿਸਦਾ ਜਵਾਬ ਸਰਦਾਰ ਜੱਸਾ ਸਿੰਘ ਨੇ ਦਿੱਤਾ- ਮੁਲਾਕਾਤ ਹਮਰੀ ਔਰ ਤੁਮਾਰੀ ਲੜਾਈ ਮੇਂ ਜਲਦੀ ਹੋਵੇਗੀ। ਔਰ ਜੌਨਸੇ ਹਥਿਆਰ ਊਹਾਂ ਛੁਟੇਂਗੇ ਸੋਈ ਦਿਲਾਂ ਕੀਆਂ ਬਾਤਾਂ ਜ਼ਾਹਰ ਕਰਨਗੇ। ਮੁਲਾਕਾਤ ਹੋਏਗੀ।
ਭਾਈ ਨੰਦ ਲਾਲ ਜੀ ਦੀ ਗੁਰੂ ਜੀ ਨਾਲ ਮੁਲਾਕਾਤ
ਭਾਈ ਨੰਦ ਲਾਲ ਮੁਗਲ ਸਰਕਾਰ ਦੇ ਉੱਚੇ ਰੁਤਬੇ ਛੱਡ ਕੇ ਦਿੱਲੀ ਤੋਂ ਆਨੰਦਪੁਰ ਸਾਹਿਬ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਸਮੇਂ ਕਿਹਾ- ਗ਼ਲਤੀ ਕੀਤੀ ਜੋ ਤੁਹਾਨੂੰ ਮਿਲਣ ਆਇਆ। ਗ਼ਲਤੀ ਵਸ ਸਮਝਿਆ ਸੀ ਤੁਹਾਥੋਂ ਵਿਛੁੜਿਆ ਹੋਇਆ ਹਾਂ। ਉਦੋਂ ਤਾਂ ਜ਼ਮੀਨ ਅਤੇ ਆਕਾਸ਼ ਦਾ ਨਾਮ ਨਿਸ਼ਾਨ ਮੌਜੂਦ ਨਹੀਂ ਸੀ ਜਦੋਂ ਮਿਲਕੇ ਤੁਹਾਨੂੰ ਸਜਦਾ ਕੀਤਾ ਸੀ।
ਨਾਬੂਦ ਹੇਚ ਨਿਸ਼ਾਨਹਾ ਜ਼ਿ ਆਸਮਾਨੋ ਜ਼ਮੀ,
ਕਿ ਸ਼ੌਕਿ ਰੂਇ ਤੂ ਆਵੁਰਦ ਦਰ ਸਜੂਦ ਮਰਾ।
![PunjabKesari](https://static.jagbani.com/multimedia/17_25_018029783bhai nand lal g-ll.jpg)
ਭਾਈ ਨੰਦਲਾਲ ਜੀ ਨੇ ਆਨੰਦਪੁਰ ਨੂੰ ਆਪਣਾ ਟਿਕਾਣਾ ਬਣਾ ਲਿਆ ਤੇ ਫਾਰਸੀ ਵਿੱਚ ਅਮਰ ਰਚਨਾ ਕੀਤੀ। ਇਹ ਸਨਮਾਨ ਕੇਵਲ ਦੋ ਸਿੱਖਾਂ ਨੂੰ ਮਿਲਿਆ ਹੋਇਆ ਹੈ ਕਿ ਉਨ੍ਹਾਂ ਦੀ ਰਚਨਾ ਦਾ ਗੁਰੂ ਘਰ ਵਿੱਚ ਕੀਰਤਨ ਹੋਵੇ- ਇੱਕ ਭਾਈ ਗੁਰਦਾਸ ਤੇ ਦੂਜੇ ਭਾਈ ਨੰਦ ਨਾਲ। ਜਦੋਂ ਕਦੀ ਕੋਈ ਭਾਈ ਨੰਦਲਾਲ ਜੀ ਦੀਆਂ ਰਚਨਾਵਾਂ ਦੀ ਉਸਤਤਿ ਕਰਦਾ ਤਾਂ ਆਪ ਕਿਹਾ ਕਰਦੇ- ਮੈਂ ਇੱਥੇ ਉੱਚੇ ਦਸਤਰਖ਼ਾਨ ਉਤੇ ਸੁਸ਼ੋਭਿਤ ਇੱਕ ਕਾਮਲ ਫਕੀਰ ਦੇ ਚਰਨਾਂ ਵਿੱਚ ਜ਼ਮੀਨ ਉੱਤੇ ਬੈਠਾ ਹਾਂ। ਜਦੋਂ ਕਦੀ ਉਹ ਕੁੱਝ ਖਾਂਦਾ ਹੈ ਤਾਂ ਜ਼ਮੀਨ ਤੇ ਡਿੱਗੇ ਹੋਏ ਭੋਰੇ ਮੈਂ ਚੁੱਕ ਲੈਂਦਾ ਹਾਂ। ਇਸ ਭੋਰੇ ਚੋਰੇ ਨੂੰ ਤੁਸੀਂ ਸੁਹਣੀ ਸ਼ਾਇਰੀ ਆਖਦੇ ਹੋ ਤਾਂ ਧੰਨ ਭਾਗ।
ਆਨੰਦਪੁਰ ਸਾਹਿਬ ਬਾਰੇ ਭਾਈ ਨੰਦ ਲਾਲ ਜੀ ਦੇ ਵਿਚਾਰ
ਆਨੰਦਪੁਰ ਸਾਹਿਬ ਬਾਰੇ ਭਾਈ ਨੰਦ ਲਾਲ ਜੀ ਲਿਖਦੇ ਹਨ- ਦੇਖੋ ਇੱਥੇ ਗਲੀਆਂ ਵਿੱਚ ਫਿਰਦੇ ਮੰਗਤੇ ਬਾਦਸ਼ਾਹੀਆਂ ਵੰਡਦੇ ਫਿਰਦੇ ਹਨ। ਇਸ ਧਰਤੀ ਦੀ ਮਿੱਟੀ ਜਿਸਨੇ ਮੱਥੇ ਨੂੰ ਲਾਈ ਉਹ ਮੱਥੇ ਆਕਾਸ਼ ਵਿੱਚ ਕਹਿਕਸ਼ਾਂ ਵਾਂਗ ਚਮਕੇ। ਇਹ ਧਰਤੀ ਆਮ ਨਹੀਂ ਹੈ।
ਆਨੰਦਪੁਰ ਦਾ ਸੂਰਜ ਛਿਪਦਾ ਨਹੀਂ
ਪ੍ਰੋ. ਪੂਰਨ ਸਿੰਘ ਨੇ ਲਿਖਿਆ- ਉੱਚੀ ਆਨੰਦਪੁਰ ਨਗਰੀ ਨੂੰ ਜਦੋਂ ਮੈਂ ਦੂਰੋਂ ਦੇਖਦਾ ਹਾਂ, ਇਉਂ ਲੱਗਦਾ ਹੈ ਜਿਵੇਂ ਅਸਮਾਨ ਦੀ ਇੱਕ ਕੰਨੀ ਕਿਸੇ ਨੇ ਉੱਪਰ ਚੁੱਕ ਦਿੱਤੀ ਹੋਵੇ ਤੇ ਅਸਮਾਨ ਤੋਂ ਪਾਰ ਦੀ ਝਲਕ ਦਿਸੀ ਹੋਵੇ। ਇਸ ਧਰਤੀ ਦੀ ਵਸਤੂ ਨਹੀਂ ਹੈ ਆਨੰਦਪੁਰ।
![PunjabKesari](https://static.jagbani.com/multimedia/17_25_022404865puran-ll.jpg)
ਇੱਕ ਵਾਰੀ ਦਿੱਲੀ ਜਾਣ ਲੱਗਾ ਤਾਂ ਮੈਂ ਨਾਗਸੈਨ ਨੂੰ ਕਿਹਾ- ਦਿੱਲੀ ਜਾ ਰਿਹਾ ਹਾਂ ਮੈਂ। ਸਾਥ ਹੋ ਜਾਵੇਗਾ ਜੇ ਚਲੇਂ। ਚਲੇਂਗਾ?
ਉਸਨੇ ਕਿਹਾ- ਦਿੱਲੀ ਜਾ ਕੇ ਕੀ ਕਰਨਾ ਹੈ? ਪਹਿਲਾਂ ਉੱਥੇ ਮਕਬਰੇ (ਕਬਰਾਂ) ਹੁੰਦੇ ਸਨ ਹੁਣ ਸਮਾਧਾਂ ਹਨ। ਉਥੇ ਕੀ ਜਾਣਾ? ਜਾਣਾ ਹੈ ਤਾਂ ਆਨੰਦਪੁਰ ਜਾਹ। ਦਿੱਲੀ ਦੇ ਰਾਜਿਆਂ ਦੀ ਕਿਸਮਤ ਅਖ਼ਬਾਰ ਵਰਗੀ ਹੁੰਦੀ ਹੈ ਜਿਹੜਾ ਸਵੇਰੇ ਸਿਰ ਦੇ ਉਪਰ ਹੁੰਦਾ ਹੈ ਦੁਪਹਿਰ ਬਾਅਦ ਪੈਰਾਂ ਹੇਠ ਹੋ ਜਾਂਦਾ ਹੈ। ਆਨੰਦਪੁਰ ਦਾ ਸੂਰਜ ਛਿਪਦਾ ਨਹੀਂ। ਆਨੰਦਪੁਰ ਚੱਲਾਂਗੇ।
ਇਹ ਵੀ ਪੜ੍ਹੋ: ਗੁਰੂ ਤੇਗ ਬਹਾਦਰ ਸਾਹਿਬ ਦਾ ਅਲੌਕਿਕ ਦਰਬਾਰ ਸ੍ਰੀ ਆਨੰਦਪੁਰ ਸਾਹਿਬ
400 ਸਾਲਾ ਪ੍ਰਕਾਸ਼ ਪੁਰਬ : ਜੈਕਾਰਿਆਂ ਦੀ ਗੂੰਜ ਨਾਲ ਗੁਰੂ ਕਾ ਮਹਿਲ ਤੋਂ ਸਜਿਆ ਨਗਰ ਕੀਰਤਨ (ਤਸਵੀਰਾਂ)
NEXT STORY