ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਹਿ ਕੇ ਯਾਦ ਕੀਤਾ ਜਾਂਦਾ ਹੈ। ਗੁਰੂ ਜੀ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣਾ ਸੀਸ ਦਿੱਤਾ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਕੁੱਖੋਂ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਜਦੋਂ ਗੁਰੂ ਜੀ ਦੀ ਉਮਰ ਕੇਵਲ 5 ਸਾਲ ਦੀ ਹੀ ਸੀ, ਉੁਸ ਵੇਲੇ ਗੁਰੂ ਜੀ ਸਮਾਧੀ ਲਗਾਕੇ ਬੈਠ ਜਾਂਦੇ। ਮਾਤਾ ਨਾਨਕੀ ਜੀ ਨੂੰ ਇਸ ਗੱਲ ਦੀ ਚਿੰਤਾ ਹੋਣੀ ਸੁਭਾਵਿਕ ਸੀ ਕਿ ਉਨ੍ਹਾਂ ਦਾ ਪੁੱਤਰ ਇਸ ਤਰ੍ਹਾਂ ਇਕੱਲਾ-ਇਕੱਲਾ ਕਿਉਂ ਰਹਿੰਦਾ ਹੈ ਤੇ ਜ਼ਿਆਦਾ ਇਕਾਂਤ ਕਿਉਂ ਭਾਲਦਾ ਹੈ। ਉਨ੍ਹਾਂ ਆਪਣੀ ਇਹ ਸ਼ੰਕਾ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਗੇ ਪੇਸ਼ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਬਹੁਤ ਸ਼ਕਤੀਸ਼ਾਲੀ ਅਤੇ ਸੂਰਮਾ ਬਣੇਗਾ ਅਤੇ ਵੱਡੇ ਸਾਕੇ ਲਈ ਇਹ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ।
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਜਲੰਧਰ ਨੇੜੇ ਪੈਂਦੇ ਨਗਰ ਕਰਤਾਰਪੁਰ ਸਾਹਿਬ ਦੇ ਵਸਨੀਕ ਲਾਲ ਚੰਦ ਦੀ ਪੁੱਤਰੀ ਗੁਜਰੀ ਜੀ ਨਾਲ ਹੋਇਆ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੋਤੀ ਜੋਤ ਸਮਾ ਗਏ ਸਨ ਤਾਂ ਗੁਰੂ ਤੇਗ ਬਹਾਦਰ ਜੀ ਮਾਤਾ ਨਾਨਕੀ ਜੀ ਅਤੇ ਆਪਣੀ ਪਤਨੀ ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਬਾਬਾ ਬਕਾਲੇ ਵਿਖੇ ਰਹਿਣ ਚਲੇ ਗਏ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਬਾਅਦ ਗੁਰਗੱਦੀ ਗੁਰੂ ਹਰਿਰਾਏ ਜੀ ਨੂੰ ਮਿਲੀ ਜੋ ਕਿ ਗੁਰੂ ਹਰਿਗੋਬਿੰਦ ਸਾਹਿਬ ਦੇ ਪੋਤਰੇ ਅਤੇ ਗੁਰੂ ਤੇਗ ਬਹਾਦਰ ਜੀ ਦੇ ਭਤੀਜੇ ਲਗਦੇ ਸਨ। ਗੁਰੂ ਹਰਿਰਾਏ ਜੀ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਗੱਦੀ ’ਤੇ ਬੈਠੇ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਲਗਦੇ ਸਨ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਵਿਖੇ ਜੋਤੀ ਜੋਤ ਸਮਾਉਣ ਮੌਕੇ ਗੱਦੀ ਦੇ ਅਗਲੇ ਵਾਰਿਸ ਵਜੋਂ ਬਾਬਾ ਬਕਾਲੇ ਦਾ ਸੰਕੇਤ ਦਿੱਤਾ ਸੀ। ਜਿਸ ਕਰਕੇ ਭਾਈ ਮੱਖਣ ਸ਼ਾਹ ਲੁਬਾਣਾ ਨੇ ਗੁਰੂ ਜੀ ਨੂੰ ਪ੍ਰਗਟ ਕੀਤਾ। ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਬਣੇ।
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵੱਡਾ ਭਤੀਜਾ ਧੀਰ ਮੱਲ ਬਹੁਤ ਈਰਖਾਲੂ ਸੀ ਤੇ ਉਸ ਨੇ ਗੁਰੂ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਗੁਰਗੱਦੀ ’ਤੇ ਬਿਰਾਜਮਾਨ ਹੋਏ ਤਾਂ ਨਫ਼ਰਤ ਨਾਲ ਭਰੇ ਹੋਏ ਧੀਰ ਮੱਲ ਨੇ ਸ਼ੀਹਾਂ ਮਸੰਦ ਕੋਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ’ਤੇ ਗੋਲੀ ਚਲਵਾ ਦਿੱਤੀ ਅਤੇ ਗੁਰੂ ਜੀ ਦੀ ਜਾਇਦਾਦ ਨੂੰ ਲੁੱਟ ਲਿਆ ਗਿਆ। ਜਦੋਂ ਇਸ ਗੱਲ ਦਾ ਮੱਖਣ ਸ਼ਾਹ ਲੁਬਾਣਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਧੀਰ ਮੱਲ ਤੇ ਉਸ ਦੇ ਬੰਦਿਆਂ ਦੀ ਖੂਬ ਭੁਗਤ ਸਵਾਰੀ ਅਤੇ ਸਾਰਾ ਸਮਾਨ ਉਥੋਂ ਵਾਪਸ ਲੈ ਆਏ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧੀਰ ਮੱਲ ਨੂੰ ਮੁਆਫ਼ ਕਰ ਦਿੱਤਾ ਅਤੇ ਉਸ ਦੀ ਨਿੱਜੀ ਜਾਇਦਾਦ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਆਪ ਜੀ ਨੇ ਧਰਮ ਦਾ ਪ੍ਰਚਾਰ ਕਰਨ ਲਈ ਪੰਜਾਬ ਦੇ ਮਾਲਵਾ ਇਲਾਕੇ ਅਤੇ ਅਸਾਮ ਤੇ ਢਾਕਾ ਵੱਲ ਦੇ ਇਲਾਕਿਆਂ ਦੀ ਯਾਤਰਾ ਕੀਤੀ ਤੇ ਕਾਫੀ ਸਮਾਂ ਬਿਹਾਰ ਵਿਚ ਪਟਨਾ ਸਾਹਿਬ ਵਿਖੇ ਵੀ ਰਹੇ। ਇਥੇ ਹੀ ਆਪ ਜੀ ਦੇ ਘਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ।
ਇਹ ਉਹ ਸਮਾਂ ਸੀ ਜਦੋਂ ਔਰੰਗਜ਼ੇਬ ਦੇ ਹਿੰਦੂਆਂ ’ਤੇ ਜ਼ੁਲਮ ਬਹੁਤ ਜ਼ਿਆਦਾ ਵਧ ਗਏ ਸਨ। ਉਹ ਹਿੰਦੂਆਂ ਨੂੰ ਤਲਵਾਰ ਦੇ ਜ਼ੋਰ ਨਾਲ ਧਰਮ ਪਰਿਵਰਤਨ ਕਰਨ ਲਈ ਮਜ਼ਬੂਰ ਕਰਦਾ ਸੀ। ਕਸ਼ਮੀਰ ਵਿਚ ਹਿੰਦੂਆਂ ’ਤੇ ਔਰੰਗਜ਼ੇਬ ਦੇ ਪ੍ਰਤੀਨਿਧੀ ਸ਼ੇਰ ਅਫ਼ਗਾਨ ਖ਼ਾਨ ਨੇ ਬਹੁਤ ਜ਼ੁਲਮ ਢਾਹੇ। ਹਜ਼ਾਰਾਂ ਦੀ ਗਿਣਤੀ ਵਿਚ ਹਿੰਦੂਆਂ ਨੂੰ ਕਤਲ ਕਰ ਦਿੱਤਾ ਗਿਆ। ਮੰਦਰ ਢਾਹ ਦਿੱਤੇ ਗਏ ਤੇ ਗਊਆਂ ਨੂੰ ਕਤਲ ਕਰਵਾਕੇ ਉਨ੍ਹਾਂ ਦਾ ਮਾਸ ਖੂਹਾਂ ਵਿਚ ਸੁੱਟਵਾਇਆ ਗਿਆ। ਹੋਰ ਅਨੇਕਾਂ ਤਰ੍ਹਾਂ ਦੇ ਅਤਿਆਚਾਰ ਹਿੰਦੂਆਂ ’ਤੇ ਹੋਏ ਤਾਂ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਕਸ਼ਮੀਰੀ ਪੰਡਿਤਾਂ ਦਾ ਇਕ ਵਫ਼ਦ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ ਅਤੇ ਆਪਣੇ ਧਰਮ ਦੀ ਰਾਖੀ ਕਰਨ ਦੀ ਬੇਨਤੀ ਕੀਤੀ। ਗੁਰੂ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਔਰੰਗਜ਼ੇਬ ਨੂੰ ਜਾ ਕੇ ਕਹਿ ਦੇਣ ਕਿ ਜੇਕਰ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਂਦਾ ਹੈ ਤਾਂ ਸਾਰੇ ਹੀ ਹਿੰਦੂ ਖੁਸ਼ੀ-ਖੁਸ਼ੀ ਆਪਣਾ ਧਰਮ ਪਰਿਵਰਤਨ ਕਰ ਲੈਣਗੇ ਇਸ ਲਈ ਬੇਦੋਸ਼ਿਆਂ ਦਾ ਲਹੂ ਨਾਲ ਡੋਲਿਆ ਜਾਵੇ।
ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਕੇ ਆਪ ਸ਼ਹੀਦੀ ਪ੍ਰਾਪਤ ਕਰਨ ਲਈ ਦਿੱਲੀ ਵੱਲ ਚਲੇ ਗਏ। ਗੁਰੂ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਆਏ ਸਿੱਖਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਸਾੜਿਆ ਗਿਆ ਅਤੇ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਵਿਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਸਭ ਗੁਰੂ ਜੀ ਨੂੰ ਡਰਾਉਣ ਲਈ ਕੀਤਾ ਗਿਆ, ਪਰ ਗੁਰੂ ਜੀ ਨਿਰਭੈ ਸਨ। ਅਖ਼ੀਰ ਔਰੰਗਜ਼ੇਬ ਨੇ ਜਦੋਂ ਪੂਰਾ ਜ਼ੋਰ ਲਾਇਆ ਕਿ ਗੁਰੂ ਜੀ ਧਰਮ ਪਰਿਵਰਤਨ ਕਰ ਲੈਣ, ਪਰ ਗੁਰੂ ਜੀ ਨਾ ਮੰਨੇ ਤਾਂ ਉਸ ਨੇ ਗੁਰੂ ਜੀ ਨੂੰ ਸ਼ਹੀਦ ਕਰਵਾ ਦਿੱਤਾ। ਦਿੱਲੀ ਦੇ ਚਾਂਦਨੀ ਚੌਂਕ ਵਿਚ ਜਿਸ ਥਾਂ ’ਤੇ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ ਹੋਇਆ ਹੈ ਉਥੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਅਤੇ ਔਰੰਗਜ਼ੇਬ ਨੇ ਆਪਣੇ ਸਿਪਾਹੀਆਂ ਨੂੰ ਸਖ਼ਤੀ ਨਾਲ ਤਾਕੀਦ ਕੀਤੀ ਕਿ ਉਨ੍ਹਾਂ ਦੇ ਸੀਸ ਨੂੰ ਕੋਈ ਚੁਕ ਕੇ ਨਾ ਲੈ ਜਾਵੇ। ਪਹਿਰਾ ਬਿਠਾ ਦਿੱਤਾ ਗਿਆ ਸੀ, ਪਰ ਫੇਰ ਵੀ ਭਾਈ ਜੈਤਾ ਜੀ ਗੁਰੂ ਜੀ ਦਾ ਪਵਿੱਤਰ ਸੀਸ ਚੁਕ ਕੇ ਸਤਿਕਾਰ ਸਹਿਤ ਸ੍ਰੀ ਆਨੰਦਪੁਰ ਸਾਹਿਬ ਲੈ ਆਏ ਅਤੇ ਲੱਖੀ ਸ਼ਾਹ ਵਣਜਾਰਾ ਗੁਰੂ ਜੀ ਦੇ ਪਵਿੱਤਰ ਸਰੀਰ ਨੂੰ ਆਪਣੇ ਘਰੇ ਲੈ ਗਏ ਅਤੇ ਆਪਣੇ ਘਰ ਨੂੰ ਅੱਗ ਲਗਾਕੇ ਗੁਰੂ ਜੀ ਦਾ ਅੰਤਿਮ ਸਸਕਾਰ ਕਰ ਦਿੱਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਦੀ ਸ਼ਹਾਦਤ ਬਾਰੇ ਆਪਣੇ ਸ਼ਬਦਾਂ ਵਿਚ ਇਸ ਤਰ੍ਹਾਂ ਵਰਣਨ ਕੀਤਾ ਹੈ:-
‘‘ਧਰਮ ਹੇਤ ਸਾਕਾ ਜਿਨ ਕੀਆ॥
ਸੀਸ ਦੀਆ ਪਰ ਸਿਰਰੁ ਨਾ ਦੀਆ॥’’
ਗੁਰਪ੍ਰੀਤ ਸਿੰਘ ਨਿਆਮੀਆਂ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ
NEXT STORY