ਪਰਮਜੀਤ ਸਿੰਘ (ਸ਼੍ਰੀ ਅਨੰਦਪੁਰ ਸਾਹਿਬ)
'ਚੌਂਕੀਆਂ, ਝੰਡੇ, ਬੁੰਗੇ ਜੁੱਗੋ-ਜੁੱਗ ਅਟੱਲ' ਸਿੱਖ ਦੀ ਅਰਦਾਸ ਦਾ ਹਿੱਸਾ ਹੈ। ਅਜੋਕੀ ਪੀੜੀ ਇਸ ਗੱਲ ਤੋਂ ਨਾ-ਵਾਕਿਫ ਹੈ ਕਿ ਝੰਡੇ ਬੁੰਗੇ ਹੁੰਦੇ ਕੀ ਹਨ। ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਰੋਸਾਈ ਪਾਵਨ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ। ਇਸ ਧਰਤੀ ਨੇ ਹੁਣ ਤੱਕ ਅਨੇਕਾਂ ਪੜਾਅ ਦੇਖੇ। ਇਸ ਸ਼ਹਿਰ ਨੂੰ ਹਮਲਾਵਰਾਂ ਨੇ ਕਈ ਵਾਰ ਬਰਬਾਦ ਕੀਤਾ। 1765 ਈਸਵੀ 'ਚ ਸਿੱਖ ਮਿਸਲਾਂ ਦਾ ਪੰਜਾਬ 'ਚ ਬੋਲਬਾਲਾ ਹੋਇਆ ਤਾਂ ਇਹ ਸ਼ਹਿਰ ਕਈ ਮਿਸਲਾਂ ਦੇ ਮੁਖੀਆਂ ਦੇ ਪ੍ਰਬੰਧ ਹੇਠ ਆਇਆ। ਬਹੁਤ ਸਾਰੇ ਸਰਦਾਰਾਂ ਤੇ ਮੁਖੀਆਂ ਨੇ ਪ੍ਰਮੁੱਖ ਸਰੋਵਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਬੁੰਗੇ ਤਾਮੀਰ ਕੀਤੇ, ਕਟੜੇ ਬਣਾਏ ਤਾਂ ਜੋ ਲੋਕ ਵਪਾਰ ਤੇ ਕਾਰੀਗਰੀ 'ਚ ਨਿਪੁੰਨ ਹੋ ਸਕਣ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਚੌੜਾਈ ਦੌਰਾਨ ਕਈ ਬੁੰਗੇ ਤੋੜ ਦਿੱਤੇ ਗਏ ਪਰ ਬੁੰਗਾ ਰਾਮਗੜ੍ਹੀਆ ਹਟਵਾਂ ਹੋਣ ਕਾਰਨ ਬਚ ਗਿਆ। ਇਸ ਨੂੰ ਕੋਈ ਨੁਕਸਾਨ ਨਾ ਪਹੁੰਚਿਆ ਤੇ ਅੱਜ ਵੀ ਇਸ ਦੇ ਮੀਨਾਰ ਕਈ ਕਿਲੋਮੀਟਰ ਦੂਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸ਼ੋਭਾ ਵਧਾਉਂਦੇ ਹਨ। ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਸਮੇਂ ਦੁਖਭੰਜਣੀ ਬੇਰੀ ਦੇ ਨਾਲ ਇਸ ਇਮਾਰਤ ਨੂੰ ਤਾਂ ਹਰ ਕੋਈ ਦੇਖਦਾ ਹੈ ਪਰ ਬਹੁਤ ਵਿਰਲੇ ਹੀ ਹਨ, ਜੋ ਇਸ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਹੋਣ। ਧਰਤੀ ਅੰਦਰ ਕਈ ਮੰਜ਼ਲਾਂ ਡੂੰਘੀ ਇਹ ਮਹਿਜ਼ ਇਮਾਰਤ ਹੀ ਨਹੀਂ ਬਲਕਿ ਸਿੱਖ ਨਿਰਮਾਣ ਕਲਾ ਦਾ ਅਦਭੁੱਤ ਨਮੂਨਾ ਹੈ, ਜਿਸ ਦੀ ਮਿਸਾਲ ਹੋਰ ਕਿਧਰੇ ਨਹੀਂ ਲੱਭਦੀ।
1783 ਈ 'ਚ ਜਦੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੇ ਸਾਥੀਆਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਬਘੇਲ ਸਿੰਘ ਦੇ ਨਾਲ ਮਿਲ ਕੇ ਕਿਲ੍ਹੇ ਨੂੰ ਜਿੱਤਿਆ ਤੇ ਦਿੱਲੀ ਨੂੰ ਫਤਹਿ ਕੀਤਾ ਤਾਂ ਤਖ਼ਤੇ ਤਾਉਸ ਦੀ ਉਹ ਸਿਲ੍ਹ ਜਿਸ ਤੋਂ ਬਿਨਾਂ ਮੁਗਲ ਰਾਜਿਆਂ ਦੀ ਤਾਜਪੋਸ਼ੀ ਨਹੀਂ ਸੀ ਕੀਤੀ ਜਾਂਦੀ, ਜਿਸ ਸਿਲ੍ਹ 'ਤੇ ਬੈਠ ਕੇ ਔਰੰਗਜ਼ੇਬ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਲਈ ਹੁਕਮ ਸਾਦਰ ਕੀਤੇ, ਜਿਸ 'ਤੇ ਬੈਠ ਕੇ ਜ਼ਾਲਮਾਂ ਨੇ ਨੌਵੇਂ ਪਾਤਸ਼ਾਹ ਤੇ ਉਨ੍ਹਾਂ ਦੇ ਨਾਲ ਦੇ ਸਿੱਖਾਂ ਨੂੰ ਫਤਵੇ ਲਾਏ, ਉਸ ਸਿਲ੍ਹ ਨੂੰ ਤਖਤ ਨਾਲੋਂ ਉਖਾੜ ਕੇ ਸੰਗਲਾਂ ਤੇ ਰੱਸਿਆਂ ਨਾਲ ਜੋੜ ਕੇ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਅਰਪਣ ਕੀਤਾ ਜੋ ਅੱਜ ਵੀ ਦਿੱਲੀ ਤਖ਼ਤ 'ਤੇ ਸਿੰਘਾਂ ਦੀ ਜਿੱਤ ਦੇ ਪ੍ਰਤੀਕ ਵਜੋਂ ਇੱਥੇ ਮੌਜੂਦ ਹੈ।ਇਸ ਬੁੰਗੇ ਦੀ ਸਭ ਤੋਂ ਹੇਠਲੀ ਮੰਜ਼ਲ ਪਾਣੀ ਵਿੱਚ ਹੈ, ਜਿੱਥੇ ਪਹੁੰਚਣਾ ਸੰਭਵ ਨਹੀਂ। ਦੂਸਰੀ ਮੰਜ਼ਲ ਵਿਚ ਹਰ ਤਰ੍ਹਾ ਦੇ ਹਥਿਆਰ ਤੇ ਖਾਣ-ਪੀਣ ਦਾ ਸਾਮਾਨ ਰੱਖਣ ’ਤੇ ਜਮ੍ਹਾ ਕਰਨ ਲਈ ਥਾਂ ਵਰਤੀ ਜਾਂਦੀ ਹੋਵੇਗੀ। ਤੀਸਰੀ ਮੰਜ਼ਲ ਵਿਚ ਬਹੁਤ ਵੱਡਾ ਦਰਬਾਰ ਹਾਲ ਹੈ। ਇੱਥੇ ਮਾਹਾਰਾਜੇ ਦਾ ਤਖਤ ਰੱਖਣ ਵਾਲ਼ੀਆਂ ਪੌੜੀਆਂ ਸਹਿਤ ਸਟੇਜ ਬਣੀ ਹੋਈ ਹੈ ਤੇ ਅਹਿਲਕਾਰਾਂ ਤੇ ਕੈਦੀਆਂ ਲਈ ਕਮਰੇ ਬਣੇ ਹੋਏ ਹਨ। ਸਾਰੀ ਇਮਾਰਤ ਦੇ ਬਹੁਤ ਹੀ ਮਜ਼ਬੂਤ ਤੇ ਵੱਡੇ-ਵੱਡੇ ਥੰਮ੍ਹ ਤੇ ਡਾਟਾਂ ਵਾਲੀਆਂ ਛੱਤਾਂ ਹਨ। ਚੌਥੀ ਤੇ ਉਪਰਲੀ ਮੰਜ਼ਲ ਵਿੱਚ ਖੁੱਲ੍ਹੇ ਵਿਹੜੇ ਤੋਂ ਇਲਾਵਾ ਉੱਤਰ-ਦੱਖਣ ਵੱਲ ਵੱਡੇ-ਵੱਡੇ ਹਾਲ ਤੇ ਕਮਰੇ ਬਣੇ ਹਨ।
ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਜਾਣ ਲਈ ਦੁੱਖ ਭੰਜਣੀ ਬੇਰੀ ਦੇ ਠੀਕ ਸਾਹਮਣੇ ਬਣੀਆਂ ਪਉੜੀਆਂ ਰਾਹੀਂ ਉਤਰਨ ਦੀ ਵਿਵਸਥਾ ਹੈ। ਪੱਛਮ ਵੱਲ ਹਰਿਮੰਦਰ ਸਾਹਿਬ ਵਾਲੇ ਪਾਸੇ 40 ਥੰਮ੍ਹਾਂ ਵਾਲੀ ਸ਼ਾਨਦਾਰ ਚੌਥੀ ਮੰਜ਼ਲ ਬਣੀ ਹੋਈ ਹੈ, ਜਿਸ 'ਤੇ ਬੈਠ ਕੇ ਹਰਿਮੰਦਰ ਸਾਹਿਬ ਦੇ ਦਰਸ਼ਨ ’ਤੇ ਗੁਰਬਾਣੀ ਕੀਰਤਨ ਦਾ ਅਨੰਦ ਲਿਆ ਜਾ ਸਕਦਾ ਹੈ। ਸੋ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਬੁੰਗਾ ਰਾਮਗੜ੍ਹੀਆ ਉਸ ਵੇਲੇ ਦੇ ਸਮਕਾਲੀ ਮਿਸਲਾਂ ਦੁਆਰਾ ਉਸਾਰੇ ਸਾਰੇ ਹੀ ਬੁੰਗਿਆਂ ਨਾਲੋਂ ਵਿਉਂਤਬੰਦੀ, ਉਸਾਰੀ, ਨੱਕਾਸ਼ੀ, ਤੇ ਚਿੱਤਰਕਾਰੀ ਦੇ ਅਧਾਰ 'ਤੇ ਵੱਖ ਸੀ।
ਦਰਬਾਰ ਸਾਹਿਬ ਦੇ ਪੁਰਾਤਨ ਬੁੰਗਿਆਂ ਵਿੱਚੋਂ ਸਭ ਤੋਂ ਵੱਡਾ, ਮਜ਼ਬੂਤ ਤੇ ਅਜ਼ੀਮ ਫੌਜੀ ਮਹੱਤਤਾ ਵਾਲਾ ਬੁੰਗਾ ਜੱਸਾ ਸਿੰਘ ਰਾਮਗੜ੍ਹੀਆ ਨੇ ਸੰਨ 1755 'ਚ ਬਣਵਾਇਆ। ਸੰਨ 1803 'ਚ ਉਨ੍ਹਾਂ ਦੇ ਸਵਰਗਵਾਸ ਹੋਣ ਮਗਰੋਂ ਉਨ੍ਹਾਂ ਦੇ ਸਪੁੱਤਰ ਬਾਬਾ ਜੋਧ ਸਿੰਘ ਨੇ ਇਸ ਦੀ ਤਿਆਰੀ ਤੇ ਖੁਬਸੂਰਤੀ ਦਾ ਕੰਮ ਜਾਰੀ ਰੱਖਿਆ ਪਰ ਸਪੁੱਤਰ ਦੇ ਚਲਾਣੇ ਤੋਂ ਬਾਅਦ ਇਸ ਦਾ ਬਾਕੀ ਰਹਿੰਦਾ ਕੰਮ ਹੋਣਾ ਬੰਦ ਹੋ ਗਿਆ। ਜੱਸਾ ਸਿੰਘ ਰਾਮਗੜ੍ਹੀਆ ਦੁਆਰਾ ਇਸ ਬੁੰਗੇ ਵਿੱਚ ਦੀਵਾਨ-ਏ-ਖਾਸ ਜਿਸ ਵਿੱਚ ਮਾਹਾਰਾਜਾ ਸਾਹਿਬ ਦਾ ਸਿੰਘਾਸਣ ਹੈ ਤੇ ਜਿਸ ਦੀ ਛੱਤ 84 ਲਾਲ ਪੱਥਰਾਂ ਦੇ ਥੰਮ ਜੋ ਸਿੱਖ ਨੱਕਾਸ਼ੀ ਦਾ ਅਲੌਕਿਕ ਨਮੂਨਾ ਹਨ, 'ਤੇ ਅਧਾਰਤ ਹੈ। ਇਸ ਸਿੰਘਾਸਣ ਦੀ ਉਚਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਹੁਤ ਨੀਵੀਂ ਹੈ। ਮਾਹਾਰਾਜਾ ਦੇ ਗੁਰੂ 'ਤੇ ਵਿਸ਼ਵਾਸ਼, ਨਿਮਰਤਾ, ਨਿਰਮਾਣ ਕਲਾ ਦੇ ਗਿਆਨ ਤੇ ਵਿਊਂਤਬੰਦੀ ਦੀ ਸ਼ਾਹਦੀ ਭਰਦੀ ਹੈ।
ਬੁੰਗੇ ਵਿੱਚ ਕੈਦੀਆਂ ਲਈ ਕਾਲ ਕੋਠੜੀ, ਦਰਬਾਰੀਆਂ ਅਹਿਲਕਾਰਾਂ ਤੇ ਜਰਨੈਲਾਂ ਲਈ ਵੱਡਾ ਦੀਵਾਨ ਹਾਲ ਹੈ, ਜਿਸ ਦੇ ਇੱਕ ਪਾਸੇ ਖੂਹ ਤੇ ਹਵਾ ਰੋਸ਼ਨੀ ਲਈ ਯੋਗ ਪ੍ਰਬੰਧ ਹਨ। ਬੁੰਗੇ ਨੂੰ ਦੇਖਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਸ ਦੀਆਂ 5 ਮੰਜ਼ਲਾਂ ਬਣਾਉਣ ਦੀ ਤਜਵੀਜ਼ ਹੋਵੇਗੀ ਪਰ ਚਾਰ ਮੰਜ਼ਲਾਂ ਹੀ ਬਣ ਸਕੀਆਂ। ਇਨ੍ਹਾਂ ਦੀ ਕੁੱਲ ਲੰਬਾਈ 155 ਫੁੱਟ ਤੇ ਚੌੜਾਈ 84 ਫੁੱਟ ਹੈ। ਪੂਰਬ ਵਾਲੇ ਦੋ ਕੋਨਿਆਂ 'ਤੇ 156 ਫੁੱਟ ਦੇ ਕਰੀਬ ਦੋ ਮੋਰਚੇ ਜਿਸ ਨਾਲ ਦੁਸ਼ਮਣ 'ਤੇ ਵਾਰ ਕੀਤਾ ਜਾ ਸਕਦਾ ਸੀ। ਇਸੇ ਤਰ੍ਹਾਂ ਬੁੰਗੇ ਅੰਦਰੋਂ ਹੀ ਘੁੰਮਾਓਦਾਰ ਪੌੜੀਆਂ ਰਾਹੀਂ ਉਪਰ ਜਾਇਆ ਜਾ ਸਕਦਾ ਹੈ ਜਿਸ ਦੀ ਵਰਤੋਂ ਦੁਸ਼ਮਣ ਨੂੰ ਦੂਰੋਂ ਆਉਂਦਿਆਂ ਦੇਖ ਕੇ ਯੋਧਿਆਂ ਨੂੰ ਲੜਾਈ ਲਈ ਤਿਆਰ-ਬਰ-ਤਿਆਰ ਰਹਿਣ ਲਈ ਕੀਤੀ ਜਾਂਦੀ ਸੀ। ਜ਼ਿਆਦਾਤਰ ਸੰਗਤਾਂ ਨੂੰ ਇਸ ਬੁੰਗੇ ਦੇ ਰਾਹ ਦਾ ਨਹੀਂ ਪਤਾ। ਸ੍ਰੀ ਗੁਰੂ ਰਾਮਦਾਸ ਜੀ ਦੀ ਨਵੀਂ ਲੰਗਰ ਇਮਾਰਤ ਬਣਨ ਕਾਰਨ ਅੱਜਕੱਲ੍ਹ ਬੁੰਗੇ ਅੰਦਰ ਜਾਣ ਲਈ ਤੰਗ ਜਿਹਾ ਰਸਤਾ ਲੰਗਰ ਹਾਲ ਦੇ ਪਿਛਲੇ ਪਾਸਿਓਂ ਜਾਂਦਾ ਹੈ। ਇਸ ਲਈ ਕਾਫੀ ਪੁੱਛ-ਪੜਤਾਲ ਕਰਨੀ ਪੈਂਦੀ ਹੈ।
1905 ਵਿੱਚ ਆਏ ਭੁਚਾਲ ਨਾਲ ਬੁੰਗੇ ਵਿਚ ਨਿਰਮਿਤ ਦੋਵੇਂ ਮੀਨਾਰਾਂ ਦੇ ਗੁੰਬਦ ਟੁੱਟ ਗਏ। ਫਿਰ ਇਸ ਪਿਛੋਂ ਜੂਨ 1984 ਦੇ ਅਪ੍ਰੇਸ਼ਨ ਬਲੂ ਸਟਾਰ ਦੌਰਾਨ ਹੋਈ ਗੋਲੀਬਾਰੀ ਵਿਚ ਜਿੱਥੇ ਕਈ ਇਤਿਹਾਸਕ ਇਮਾਰਤਾਂ ਮਲੀਆਮੇਟ ਹੋ ਗਈਆਂ, ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਮੌਜੂਦ ਬੁੰਗਾ ਰਾਮਗੜ੍ਹੀਆ ਦਾ ਵੀ ਕਾਫੀ ਮਾਤਰਾ 'ਚ ਨੁਕਸਾਨ ਹੋਇਆ, ਫੌਜ ਨੂੰ ਖਦਸ਼ਾ ਸੀ ਕਿ ਉੱਚੇ ਮੀਨਾਰ ਹੋਣ ਕਰਕੇ ਉਨ੍ਹਾਂ 'ਤੇ ਜਵਾਬੀ ਹਮਲਾ ਹੋ ਸਕਦਾ ਹੈ। ਇਸ ਕਾਰਨ ਕੌਮ ਦੀ ਇਹ ਮਹਾਨ ਵਿਰਾਸਤ ਦਾ ਵੀ ਭਾਰੀ ਨੁਕਸਾਨ ਹੋਇਆ।
“ਬਬਾਣੀਆ ਕਹਾਣੀਆਂ ਪੁੱਤ ਸਪੁੱਤ ਕਰੇਣਿ ਦੇ ਮਹਾਵਾਕ ਅਨੁਸਾਰ ਸੰਸਾਰ ਵਿੱਚ ਉਹ ਕੌਮਾਂ ਹੀ ਜ਼ਿੰਦਾ ਰਹਿੰਦੀਆਂ ਹਨ, ਜਿਨ੍ਹਾਂ ਦੇ ਅਨੁਆਈ ਆਪਣੇ ਇਤਿਹਾਸ ਤੇ ਆਪਣੀਆਂ ਵਿਰਾਸਤਾਂ ਦੀ ਸੰਭਾਲ ਕਰਕੇ ਇਸ ਨੂੰ ਆਪਣੀਆਂ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਉਂਦੇ ਹਨ। ਆਓ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦੇ ਹੋਏ ਮਹਾਨ ਇਤਿਹਾਸ ਨਾਲ ਜੁੜੀਏ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬਾਦਲਾਂ ਨੂੰ ਨਸੀਹਤ
NEXT STORY