(ਕਿਸ਼ਤ ਉਨੰਝਵੀਂ)
ਰਾਇ ਬੁਲਾਰ ਸਾਹਿਬ ਦੀ ਤੇਜੱਸਵੀ ਸਮਝ, ਸਮਰੱਥਾ ਅਤੇ ਸ਼ਾਇਸ਼ਤਗੀ
ਇਸ ਪ੍ਰਕਰਣ ਵਿੱਚ ਮਹੱਤਵਪੂਰਣ ਅਤੇ ਬੇਹੱਦ ਖ਼ੂਬਸੂਰਤ ਉਲੇਖਯੋਗ ਨੁਕਤਾ ਇਹ ਉਭਰਦਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਉੱਚੀ ਪਰਮਾਤਮੀ ਹਸਤੀ ਨੂੰ ਜਾਣਨ, ਪਛਾਣਨ ਅਤੇ ਪਿਆਰਨ ਵਾਲੇ ਇਹ ਤਿੰਨੋਂ ਜਣੇ (ਬੇਬੇ ਨਾਨਕੀ, ਰਾਇ ਬੁਲਾਰ ਸਾਹਿਬ ਜੀ ਅਤੇ ਭਾਈ ਮਰਦਾਨਾ ਜੀ), ਉਮਰੋਂ ਅਤੇ ਦੁਨੀਆਦਾਰੀ ਦੇ ਪੱਖੋਂ ਵੱਡੇ ਹੋਣ ਦੇ ਬਾਵਜੂਦ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਨਸੀਹਤ/ਸਲਾਹ ਦੇਣ ਦੀ ਕੁਤਾਹੀ ਜਾਂ ਗੁਸਤਾਖ਼ੀ ਇਸ ਕਰਕੇ ਕਦੇ ਨਹੀਂ ਕਰਦੇ, ਕਿਉਂਕਿ ਇੱਕ ਤਾਂ ਉਹ ਆਪਣੀ ਲਛਮਣ-ਰੇਖਾ, ਹੈਸੀਅਤ ਅਤੇ ਸੀਮਾ ਨੂੰ ਸਮਝਦਿਆਂ, ਇਸ ਤੱਥ ਤੋਂ ਭਲੀਭਾਂਤ ਵਾਕਿਫ਼ ਹਨ ਕਿ ਉਮਰੋਂ ਅਤੇ ਦੁਨਿਆਵੀ ਗਿਣਤੀਆਂ-ਮਿਣਤੀਆਂ ਦੇ ਪੱਖੋਂ (ਰਾਇ ਬੁਲਾਰ ਸਾਹਿਬ ਜੀ ਦੇ ਮਾਮਲੇ ਵਿੱਚ ਸਮਾਜਿਕ-ਆਰਥਿਕ ਪੱਖ ਤੋਂ ਵੀ), ਬੇਸ਼ੱਕ ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲੋਂ ਵੱਡੇ ਅਤੇ ਉੱਚੀ ਥਾਂ ’ਤੇ ਹਨ ਪਰ ਅਕਲੋਂ ਅਤੇ ਰੂਹਾਨੀਅਤ (ਗੁਣਵੱਤਾ) ਦੇ ਪੱਖੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਨ੍ਹਾਂ ਨਾਲੋਂ ਕਿਤੇ ਉੁੱਚੇ, ਸਿਆਣੇ ਅਤੇ ਵੱਡੇ ਹਨ। ਅਰਥਾਤ ਅਸਲੀ ਅਰਥਾਂ ਵਿੱਚ ਮਹਾਨ ਅਤੇ ਵੱਡੀ ਵਡਿਆਈ ਵਾਲੇ ਹਨ। ਦੂਸਰਾ ਉਨ੍ਹਾਂ ਨੂੰ ਇਸ ਤੱਥ (ਮਰਯਾਦਾ ਅਤੇ ਸਲੀਕੇ) ਦਾ ਵੀ ਸ਼ਿੱਦਤੀ ਅਹਿਸਾਸ ਹੈ ਕਿ ਨੀਵੇਂ, ਨਿੱਕੇ, ਨਿਗੁਣੇ ਅਤੇ ਅਦਨੇ ਨੂੰ ਅਸਲੋਂ ਉੱਚੇ, ਸਮਰੱਥ ਅਤੇ ਵੱਡੇ ਨੂੰ, ਨਸੀਹਤ ਦੇਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੁੰਦਾ।
ਸੱਚੇ ਸੌਦੇ ਵਾਲੇ ਸਮੁੱਚੇ ਘਟਨਾਕ੍ਰਮ ਅਤੇ ਰਾਇ ਬੁਲਾਰ ਖ਼ਾਨ ਸਾਹਿਬ ਵੱਲੋਂ ਮਹਿਤਾ ਕਾਲੂ ਜੀ ਨੂੰ ਕੀਤੀ ਗਈ ਸਖ਼ਤ ਤਾੜਨਾ ਦੇ ਮੱਦੇਨਜ਼ਰ ਇਸ ਤੋਂ ਬਾਅਦ ਵਾਲੇ ਸਮੇਂ ਵਿੱਚ, ਘਰ ਦਾ ਮਾਹੌਲ ਐਸਾ ਸੀ ਕਿ ਹੁਣ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਮਾਤਾ-ਪਿਤਾ ਅਤੇ ਸ਼ਰੀਕੇ-ਭਾਈਚਾਰੇ ਵੱਲੋਂ ਕੁੱਝ ਕਰਨ ਜਾਂ ਨਾ ਕਰਨ ਬਾਰੇ ਕੋਈ ਰੋਕ-ਟੋਕ ਨਹੀਂ ਸੀ। ਉਨ੍ਹਾਂ ਦੇ ਸੁਤੰਤਰ ਖ਼ਿਆਲਾਂ, ਵਿਅਕਤਿੱਤਵ ਅਤੇ ਰਹਿਣੀ-ਬਹਿਣੀ ਦੇ ਮੌਲਣ ਲਈ, ਐਸਾ ਦਬਾਓ-ਮੁਕਤ ਖ਼ੁਸ਼ਗਵਾਰ ਵਾਤਾਵਰਣ, ਨਿਰਸੰਦੇਹ ਬੜਾ ਅਨੁਕੂਲ, ਸਾਜ਼ਗਾਰ ਅਤੇ ਸਿਰਜਣਾਤਮਕ ਸੀ।
ਉਹ ਬੇਸ਼ੱਕ ਹਮੇਸ਼ਾਂ ਰੱਬੀ ਰੰਗ ਵਿੱਚ ਰੰਗੇ ਰਹਿੰਦੇ ਸਨ ਪਰ ਵਿਹਲੇ ਰਹਿਣਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਨਹੀਂ ਸੀ। ਇਨ੍ਹਾਂ ਦਿਨਾਂ ਵਿੱਚ ਜਦੋਂ ਘਰਦਿਆਂ ਵੱਲੋਂ ਉਨ੍ਹਾਂ ਨੂੰ ਕੋਈ ਵਿਸ਼ੇਸ਼ ਅਤੇ ਨਿਸ਼ਚਿਤ ਪਾਬੰਦੀ ਵਾਲਾ ਕੰਮ ਨਹੀਂ ਸੀ ਸੌਂਪਿਆ ਹੋਇਆ ਤਾਂ ਉਹ ਆਪਣੀ ਮੌਜ ਅਤੇ ਮਰਜ਼ੀ ਨਾਲ ਘਰ ਅਤੇ ਖੇਤਾਂ ਵਿੱਚ ਵੱਖ-ਵੱਖ ਪ੍ਰਕਾਰ ਦਾ ਕਾਰ-ਵਿਹਾਰ ਕਰਦੇ ਰਹਿੰਦੇ ਸਨ। ਸਰੀਰਕ ਮਿਹਨਤ ਮੁਸ਼ੱਕਤ ਕਰਦਿਆਂ, ਕਿਸੇ ਨਾ ਕਿਸੇ ਆਹਰੇ ਲੱਗੇ ਰਹਿੰਦੇ ਸਨ। ਘਰ ਵਿੱਚ ਪਸ਼ੂਆਂ ਨੂੰ ਪੱਠਾ-ਦੱਥਾ ਪਾਉਣਾ, ਪਾਣੀ ਪਿਆਉਣਾ, ਨਹਾਉਣਾ-ਧਵਾਉਣਾ, ਉਨ੍ਹਾਂ ਲਈ ਖੇਤੋਂ ਪੱਠੇ ਵੱਢ ਕੇ ਲਿਆਉਣਾ, ਕੁਤਰਨਾ ਆਦਿ ਉਨ੍ਹਾਂ ਦੇ ਮਨ-ਭਾਉਂਦੇ ਕਾਰਜ ਸਨ।
ਆਮ ਦੁਨੀਆਦਾਰ ਮਨੁੱਖਾਂ ਦੇ ਦੰਭੀ, ਭੁੱਖੜ ਅਤੇ ਲਾਲਸਾਵਾਨ ਸੁਭਾਅ ਦੇ ਉਲਟ, ਪਾਲਤੂ ਪਸ਼ੂਆਂ ਦੇ ਰਜੇਵੇਂ, ਤ੍ਰਿਪਤੀ, ਨਿਰਛੱਲਤਾ ਅਤੇ ਮਾਸੂਮ ਅਦਾ ਵਾਲੇ ਸੁਭਾਅ ਦੇ ਉਹ ਡਾਢੇ ਕਾਇਲ ਸਨ। ਇਹੀ ਕਾਰਣ ਹੈ ਕਿ ਹੋਰ ਘਰੇਲੂ ਕਾਰ-ਵਿਹਾਰ ਦੇ ਨਾਲ-ਨਾਲ, ਘਰ ਦੀਆਂ ਮੱਝਾਂ-ਗਾਵਾਂ ਨੂੰ ਆਪਣੇ ਘਰ ਦੀਆਂ ਖੁਲ੍ਹੀਆਂ ਚਰਾਂਦਾਂ ਅਤੇ ਪਿੰਡ ਦੇ ਨਾਲ ਲੱਗਦੇ ਜੰਗਲ-ਬੇਲਿਆਂ ਵਿੱਚ, ਚਰਾਉਣ ਲਈ ਲੈ ਜਾਣਾ, ਉਨ੍ਹਾਂ ਨੂੰ ਸਭ ਤੋਂ ਵੱਧ ਭਾਉਂਦਾ ਸੀ। ਇਸ ਪ੍ਰਸੰਗ ਵਿੱਚ ਕਿਹਾ ਜਾ ਸਕਦਾ ਹੈ ਕਿ ਮੱਝੀਆਂ ਚਾਰਨ ਦੇ ਉਹ ਡਾਢੇ ਸ਼ੌਕੀਨ ਸਨ, ਕਿਉਂਕਿ ਇਹ ਕੰਮ ਉਨ੍ਹਾਂ ਨੂੰ ਬੜਾ ਸੁਹਾਵਣਾ, ਸੁਖਮਈ, ਖ਼ੁਸ਼ਗਵਾਰ, ਸਿਰਜਣਾਤਮਕ ਅਤੇ ਦਿਲਚਸਪ ਲੱਗਦਾ ਸੀ। ਇਸ ਤੋਂ ਇਲਾਵਾ ਇਹ ਕੰਮ (ਖੁੱਲ੍ਹੀਆਂ ਚਰਾਂਦਾਂ ਅਤੇ ਜੰਗਲ-ਬੇਲਿਆਂ ਵਿੱਚ ਡੰਗਰ ਚਾਰਨਾ) ਉਨ੍ਹਾਂ ਦੇ ਨਿਰਾਲੇ ਕੁਦਰਤ ਪ੍ਰੇਮੀ, ਦੂਸਰਿਆਂ ਨੂੰ ਮਿਲਣ-ਗਿਲਣ, ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਫਿਰਨ-ਤੁਰਨ ਦਾ ਸ਼ੌਕ ਰੱਖਣ ਵਾਲੇ ਰਮਤੇ, ਖੁਲ੍ਹੇ-ਖੁਲਾਸੇ ਅਤੇ ਮਸਤ-ਮੌਲਾ ਫ਼ਕੀਰਾਨਾ ਸੁਭਾਅ ਲਈ ਵੀ ਡਾਢਾ ਅਨੁਕੂਲ ਅਤੇ ਮੁਆਫ਼ਕ ਸੀ।
ਸੋਢੀ ਪਾਤਸ਼ਾਹ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਵੱਡੇ ਸਪੁੱਤਰ ਅਤੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੱਡੇ ਭਰਾਤਾ, ਬਾਬਾ ਪ੍ਰਿਥੀ ਚੰਦ ਜੀ ਦੇ ਸਪੁੱਤਰ ਭਾਈ ਮਿਹਰਬਾਨ ਸੋਢੀ ਜੀ ਦੁਆਰਾ ਲਿਖੀ ਪੁਸਤਕ ‘ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ’ ਜੋ ਜਨਮ ਸਾਖੀ ਸਾਹਿਤ ਵਿੱਚ ਭਾਈ ਮਿਹਰਬਾਨ ਵਾਲੀ ਜਨਮ ਸਾਖੀ ਦੇ ਨਾਂ ਨਾਲ ਜਾਣੀ ਜਾਂਦੀ ਹੈ, ਦੇ ਪੰਨਾ ਨੰਬਰ 26 ’ਤੇ ਦਰਜ ਬਿਰਤਾਂਤ ਅੰਦਰ ਇੱਕ ਬੜਾ ਅਹਿਮ, ਭਾਵਪੂਰਤ ਅਤੇ ਰਮਜ਼ਮਈ ਇਸ਼ਾਰਾ ਮਿਲਦਾ ਹੈ ਕਿ ਇਨ੍ਹਾਂ ਦਿਨਾਂ ਵਿੱਚ, ਇੱਕ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੀ ਮੌਜ ਅੰਦਰ, ਤਲਵੰਡੀ ਪਿੰਡ ਦੇ ਬਾਹਰਵਾਰ ਸਥਿਤ ਜੰਗਲ ਵਿੱਚ, ਘਰ ਦੀਆਂ ਗਾਵਾਂ-ਮੱਝਾਂ ਚਾਰ ਰਹੇ ਸਨ।
ਡੰਗਰ ਆਪਣੀ ਮੌਜ ਵਿੱਚ ਘਾਹ ਚਰ ਰਹੇ ਸਨ ਜਦੋਂਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ, ਕੁਦਰਤ ਦੀ ਗੋਦ ਦਾ ਨਿੱਘ ਮਾਣਦਿਆਂ ਆਪਣੀ ਰੂਹਾਨੀ ਮਸਤੀ ਵਿੱਚ, ਇੱਕ ਸੰਘਣੇ ਰੁੱਖ ਦੀ ਛਾਂਵੇਂ ਧਿਆਨ-ਮਗਨ ਬੈਠੇ ਸਨ। ਇਹੋ ਜਿਹੇ ਮੌਕੇ ਭਾਈ ਮਰਦਾਨਾ ਜੀ ਵੀ ਆਪਣੇ ਘਰ ਦੇ ਕੰਮ-ਕਾਜ ਮੁਕਾ ਕੇ, ਕਈ ਵਾਰ ਉਨ੍ਹਾਂ ਪਾਸ ਆ ਜਾਇਆ ਕਰਦੇ ਸਨ ਅਤੇ ਇਵੇਂ ਦੋਵੇਂ ਦੋਸਤ ਮਿਲ ਕੇ ਕਾਦਰ ਅਤੇ ਕੁਦਰਤ ਦੀ ਅਪਾਰ ਮਹਿਮਾ ਦਾ ਸੁਰੀਲਾ ਗਾਇਨ ਕਰਿਆ ਕਰਦੇ ਸਨ। ਪਰ ਅੱਜ ਕਿਉਂਕਿ ਮਰਦਾਨਾ ਜੀ ਅਜੇ ਉਨ੍ਹਾਂ ਪਾਸ ਨਹੀਂ ਸਨ ਆਏ, ਇਸ ਲਈ ਉਹ ਇਕੱਲੇ ਹੀ ਚੌਂਕੜਾ ਮਾਰੀ ਪ੍ਰਭੂ ਦੀ ਬੰਦਗੀ ਵਿੱਚ ਲੀਨ ਬੈਠੇ ਹੋਏ ਸਨ। ਉਨ੍ਹਾਂ ਦੇ ਅੰਦਰ ਅਤੇ ਬਾਹਰ, ਚਾਰ-ਚੁਫ਼ੇਰੇ ਡੂੰਘੀ ਚੁੱਪ ਪਸਰੀ ਹੋਈ ਸੀ। ਡੂੰਘੀ ਖ਼ਾਮੋਸ਼ੀ ਦੇ ਆਲਮ ਵਿੱਚ ਕੁਦਰਤ ਦਾ ਮਹਾਂ-ਸੰਗੀਤ ਆਪਣੇ ਪੂਰੇ ਜੋਬਨ ’ਤੇ ਸੀ।
ਇਤਫ਼ਾਕਨ ਉਸੇ ਦਿਨ ਨਿੱਤ-ਕਰਮ ਕਰ ਲੈਣ ਉਪਰੰਤ ਅਤੇ ਵਾਹਵਾ ਦਿਨ ਚੜ੍ਹੇ ਤੋਂ ਬਾਅਦ, ਰਾਇ ਭੋਇ ਦੀ ਤਲਵੰਡੀ ਦੇ ਮਲਕ, ਰਾਇ ਬੁਲਾਰ ਖ਼ਾਨ ਸਾਹਿਬ ਦੇ ਮਨ ਅੰਦਰ ਫ਼ੁਰਨਾ ਫ਼ੁਰਿਆ ਕਿ ਕਿਉਂ ਨਾ ਅੱਜ ਮੁਰੱਬਿਆਂ ਦਾ ਦੌਰਾ ਕੀਤਾ ਜਾਵੇ। ਸਿੱਟੇ ਵਜੋਂ ਉਹ ਇੱਕ ਨਿੱਜੀ ਸੇਵਕ ਨੂੰ ਨਾਲ ਲੈ, ਘੋੜੇ ’ਤੇ ਸਵਾਰ ਹੋ, ਹਵੇਲੀਉਂ ਬਾਹਰ ਨਿਕਲਿਆ। ਰੱਬ ਦੀ ਰਜ਼ਾ ਐਸੀ ਹੋਈ ਕਿ ਉਸ ਨੇ ਘੋੜੇ ਦਾ ਮੂੰਹ ਉਸੇ ਪਾਸੇ ਮੋੜ ਲਿਆ, ਜਿੱਧਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਮੱਝੀਆਂ ਚਰਾ ਰਹੇ ਸਨ।
ਘੋੜੇ ’ਤੇ ਚੜ੍ਹੇ ਜਾਂਦਿਆਂ ਉਨ੍ਹਾਂ ਤੱਕਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਇੱਕ ਦਰਖ਼ਤ ਹੇਠਾਂ, ਆਸਣ ਉਪਰ ਬਿਰਾਜਮਾਨ ਹਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੂਰ-ਦੁਰਾਡੇ ਥਾਂਵਾਂ ’ਤੇ ਮੱਝਾਂ-ਗਾਵਾਂ ਘਾਹ ਚਰ ਰਹੀਆਂ ਹਨ। ਰਾਇ ਬੁਲਾਰ ਸਾਹਿਬ ਕਿਉਂਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ, ਕੇਵਲ ਆਪਣੇ ਕਾਰਦਾਰ ਮਹਿਤਾ ਕਾਲੂ ਜੀ ਦਾ ਸਪੁੱਤਰ ਨਹੀਂ, ਸਗੋਂ ਰੱਬ ਦਾ ਰੂਪ ਅਤੇ ਅੱਲਾਹ ਦਾ ਦੂਤ ਮੰਨਦੇ ਸਨ ਅਤੇ ਉਨ੍ਹਾਂ ਨੂੰ ਵੱਡੇ ਸਤਿਕਾਰ ਦੀ ਨਿਗਾਹ ਨਾਲ ਵੇਖਦੇ ਸਨ; ਇਸ ਲਈ ਮਨ ਅੰਦਰ ਉਨ੍ਹਾਂ ਦੇ ਅਦਬ-ਅਦਾਬ ਦਾ ਪੂਰਾ-ਪੂਰਾ ਭੈਅ ਅਤੇ ਖ਼ਿਆਲ ਰੱਖਦਿਆਂ ਅਤੇ ਨਿਮਰਤਾ ਦੇ ਘਰ ਆਉਂਦਿਆਂ, ਉਨ੍ਹਾਂ ਜਿਉਂ ਹੀ ਗੁਰੂ ਨਾਨਕ ਸਾਹਿਬ ਨੂੰ ਤੱਕਿਆ, ਘੋੜੇ ਉੱਪਰ ਚੜ੍ਹੇ-ਚੜ੍ਹਾਏ, ਉਨ੍ਹਾਂ ਪਾਸ ਜਾਣ ਦੀ ਥਾਂ, ਝੱਟ ਆਪਣਾ ਘੋੜਾ ਥਾਂਏਂ ਰੋਕ ਲਿਆ।
ਚਲਦਾ...........
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com
ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼ : ਸਿੱਖ ਪੰਥ ਦੀ ਮਹਾਨ ਸਖਸ਼ੀਅਤ ਬ੍ਰਹਮ ਗਿਆਨੀ ‘ਬਾਬਾ ਬੁੱਢਾ ਸਾਹਿਬ ਜੀ’
NEXT STORY