ਜਲੰਧਰ— ਕਿਸੇ ਪਿੰਡ 'ਚ ਇਕ ਪੁਜਾਰੀ ਬਾਬਾ ਰਹਿੰਦੇ ਸਨ, ਜੋ ਹਮੇਸ਼ਾ ਧਰਮ-ਕਰਮ ਦੇ ਕੰਮਾਂ 'ਚ ਲੱਗੇ ਰਹਿੰਦੇ ਸਨ। ਇਕ ਦਿਨ ਉਹ ਕਿਸੇ ਕੰਮ ਦੇ ਸਿਲਸਿਲੇ 'ਚ ਪਿੰਡ ਤੋਂ ਬਾਹਰ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਨਜ਼ਰ ਇਕ ਵੱਡੇ ਪੱਥਰ 'ਤੇ ਪਈ। ਉਨ੍ਹਾਂ ਦੇ ਮਨ ਵਿਚ ਵਿਚਾਰ ਆਇਆ ਕਿ ਕਿੰਨਾ ਵੱਡਾ ਪੱਥਰ ਹੈ, ਕਿਉਂ ਨਾ ਇਸ ਪੱਥਰ ਨਾਲ ਭਗਵਾਨ ਦੀ ਮੂਰਤੀ ਬਣਾਈ ਜਾਵੇ। ਇਹੋ ਸੋਚ ਕੇ ਪੁਜਾਰੀ ਨੇ ਉਹ ਪੱਥਰ ਚੁੱਕ ਲਿਆ।
ਪਿੰਡ ਮੁੜਦੇ ਹੋਏ ਪੁਜਾਰੀ ਨੇ ਉਹ ਪੱਥਰ ਇਕ ਮੂਰਤੀਕਾਰ ਨੂੰ ਦੇ ਦਿੱਤਾ। ਮੂਰਤੀਕਾਰ ਆਪਣੇ ਔਜ਼ਾਰ ਲੈ ਕੇ ਪੱਥਰ ਨੂੰ ਤਰਾਸ਼ਣ ਲਈ ਤੋੜਨ ਵਿਚ ਜੁਟ ਗਿਆ। ਜਿਵੇਂ ਹੀ ਉਸ ਨੇ ਪਹਿਲਾ ਵਾਰ ਕੀਤਾ, ਉਸ ਨੂੰ ਲੱਗਾ ਕਿ ਪੱਥਰ ਬਹੁਤ ਹੀ ਸਖਤ ਹੈ।
ਮੂਰਤੀਕਾਰ ਨੇ ਇਕ ਵਾਰ ਮੁੜ ਪੂਰੇ ਜੋਸ਼ ਨਾਲ ਵਾਰ ਕੀਤਾ ਪਰ ਪੱਥਰ ਟੱਸ ਤੋਂ ਮੱਸ ਨਾ ਹੋਇਆ। ਹੁਣ ਤਾਂ ਮੂਰਤੀਕਾਰ ਨੂੰ ਪਸੀਨਾ ਆ ਗਿਆ। ਉਹ ਲਗਾਤਾਰ ਹਥੌੜੇ ਨਾਲ ਵਾਰ ਕਰਦਾ ਰਿਹਾ ਪਰ ਪੱਥਰ ਨਾ ਟੁੱਟਿਆ। ਉਸ ਨੇ ਲਗਾਤਾਰ 99 ਕੋਸ਼ਿਸ਼ਾਂ ਕੀਤੀਆਂ ਪਰ ਪੱਥਰ ਤੋੜਨ 'ਚ ਅਸਫਲ ਰਿਹਾ।
ਅਗਲੇ ਦਿਨ ਜਦੋਂ ਪੁਜਾਰੀ ਬਾਬਾ ਆਏ ਤਾਂ ਮੂਰਤੀਕਾਰ ਨੇ ਭਗਵਾਨ ਦੀ ਮੂਰਤੀ ਬਣਾਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਸਾਰੀ ਗੱਲ ਦੱਸੀ। ਪੁਜਾਰੀ ਨੇ ਦੁਖੀ ਮਨ ਨਾਲ ਪੱਥਰ ਵਾਪਸ ਚੁੱਕਿਆ ਅਤੇ ਪਿੰਡ ਦੇ ਹੀ ਛੋਟੇ ਮੂਰਤੀਕਾਰ ਨੂੰ ਮੂਰਤੀ ਬਣਾਉਣ ਲਈ ਦੇ ਦਿੱਤਾ।
ਹੁਣ ਮੂਰਤੀਕਾਰ ਨੇ ਆਪਣੇ ਔਜ਼ਾਰ ਚੁੱਕੇ ਅਤੇ ਪੱਥਰ ਕੱਟਣ ਵਿਚ ਜੁਟ ਗਿਆ। ਜਿਵੇਂ ਹੀ ਉਸ ਨੇ ਪਹਿਲਾ ਵਾਰ ਕੀਤਾ, ਪੱਥਰ ਟੁੱਟ ਗਿਆ ਕਿਉਂਕਿ ਪੱਥਰ ਪਹਿਲੇ ਮੂਰਤੀਕਾਰ ਦੀਆਂ ਸੱਟਾਂ ਨਾਲ ਕਾਫੀ ਕਮਜ਼ੋਰ ਹੋ ਗਿਆ ਸੀ।
ਪੁਜਾਰੀ ਇਹ ਦੇਖ ਕੇ ਬੜਾ ਖੁਸ਼ ਹੋਇਆ ਅਤੇ ਦੇਖਦੇ ਹੀ ਦੇਖਦੇ ਮੂਰਤੀਕਾਰ ਨੇ ਭਗਵਾਨ ਸ਼ਿਵ ਦੀ ਬਹੁਤ ਸੁੰਦਰ ਮੂਰਤੀ ਬਣਾ ਦਿੱਤੀ।
ਪੁਜਾਰੀ ਮਨ ਹੀ ਮਨ ਵਿਚ ਪਹਿਲੇ ਮੂਰਤੀਕਾਰ ਦੀ ਹਾਲਤ 'ਤੇ ਮੁਸਕਰਾਏ ਕਿ ਉਸ ਮੂਰਤੀਕਾਰ ਨੇ 99 ਵਾਰ ਕੀਤੇ ਅਤੇ ਥੱਕ ਗਿਆ। ਕਾਸ਼! ਉਸ ਨੇ ਇਕ ਆਖਰੀ ਵਾਰ ਵੀ ਕੀਤਾ ਹੁੰਦਾ ਤਾਂ ਸਫਲ ਹੋ ਗਿਆ ਹੁੰਦਾ।
ਦੋਸਤੋ, ਇਹੋ ਗੱਲ ਹਰ ਇਨਸਾਨ ਦੇ ਰੋਜ਼ਾਨਾ ਜੀਵਨ 'ਤੇ ਵੀ ਲਾਗੂ ਹੁੰਦੀ ਹੈ। ਬਹੁਤ ਸਾਰੇ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ ਉਹ ਸਖਤ ਕੋਸ਼ਿਸ਼ਾਂ ਦੇ ਬਾਵਜੂਦ ਸਫਲ ਨਹੀਂ ਹੁੰਦੇ ਪਰ ਸੱਚ ਇਹੋ ਹੈ ਕਿ ਉਹ ਆਖਰੀ ਕੋਸ਼ਿਸ਼ ਤੋਂ ਪਹਿਲਾਂ ਹੀ ਥੱਕ ਜਾਂਦੇ ਹਨ। ਲਗਾਤਾਰ ਕੋਸ਼ਿਸ਼ ਕਰਦੇ ਰਹੋ, ਕੀ ਪਤਾ ਤੁਹਾਡੀ ਅਗਲੀ ਕੋਸ਼ਿਸ਼ ਹੀ ਉਹ ਆਖਰੀ ਕੋਸ਼ਿਸ਼ ਹੋਵੇ, ਜੋ ਤੁਹਾਡਾ ਜੀਵਨ ਬਦਲ ਦੇਵੇ।
ਸਿਹਤ ਖਰਾਬ ਕਰਦੀ ਹੈ ਇਸ ਦਿਸ਼ਾ 'ਚ ਲੱਗੀ ਘੜੀ
NEXT STORY