ਦਰਸ਼ਨ-ਏ-ਗੁਰਧਾਮ-12
ਆਮ ਮਨੁੱਖ ਨੂੰ ਨਿਮਰਤਾ ਤੇ ਹਲੀਮੀ ਭਰਿਆ ਮਿੱਠ ਬੋਲਡ਼ਾ ਸੁਭਾਅ ਗ੍ਰਹਿਣ ਕਰਨ ’ਤੇ ਸ੍ਰੀ ਗੁਰੂ ਨਾਨਕ ਸਾਹਿਬ ਨੇ ਜ਼ੋਰ ਦਿੱਤਾ। ਗੁਰੂ ਜੀ ਨੇ ਸੰਸਾਰ ਨੂੰ ਤਿਆਗਣ ਅਤੇ ਗ੍ਰਹਿਸਥ ਨੂੰ ਪ੍ਰਮੁੱਖਤਾ ਦੇ ਕੇ, ਦਸਾਂ-ਨਹੁੰਆਂ ਦੀ ਕਿਰਤ ਕਮਾਈ ਕਰ ਕੇ ਜਿਊਣ ਦਾ ਸੰਦੇਸ਼ ਦਿੱਤਾ। ਗੁਰੂ ਜੀ ਨੇ ਜੀਵਨ ਮੁਕਤੀ ਦੀ ਪ੍ਰਾਪਤੀ ਲਈ ਜੰਗਲਾਂ ਤੇ ਪਹਾਡ਼ਾਂ ਆਦਿ ’ਚ ਇਕਾਂਤ ਵਾਸ ਹੋਣ ਨੂੰ ਨਿੰਦਿਆ ਅਤੇ ਗ੍ਰਹਿਸਥ ਵਿਚ ਰਹਿ ਕੇ ਸੇਵਾ-ਸਿਮਰ ਰਾਹੀਂ ਮੁਕਤੀ ਦਾ ਮਾਰਗ ਦਰਸਾਇਆ :
ਹੱਸਦਿਆਂ-ਖੇਲਦਿਆਂ ਪੈਨਦਿਆਂ ਖਾਵੰਦਿਆਂ ਵਚੇ ਹੋਵੇ ਮੁਕਤਿ (ਅੰਗ ੫੫੨ )
ਗੁਰੂ ਨਾਨਕ ਦੇਵ ਜੀ ਫੋਕੀ ਪੂਜਾ ਪਾਠ ਛੱਡ ਕੇ ਜੀਵਨ ਜੀਣ ਲਈ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦਾ ਆਦੇਸ਼ ਦਿੰਦੇ ਹਨ।
ਘਾਲਿ ਖਾਇ ਕਛੁ ਹਥਹੁ ਦੇਇ
ਨਾਨਕ ਰਾਹ ਪਛਾਣਹਿ ਸੇਇ (੧੨੪੫)
ਗੁਰੂ ਜੀ ਬਹੁਤ ਨਿਮਰਤਾਵਾਨ ਸਨ। ਉਨ੍ਹਾਂ ਦੀ ਬਾਣੀ ਦੀ ਇਕ-ਇਕ ਪੰਕਤੀ ਤੋਂ ਉਨ੍ਹਾਂ ਦੀ ਨਿਮਰਤਾ ਦਾ ਅਹਿਸਾਸ ਹੋ ਜਾਂਦਾ ਹੈ। ਉਨ੍ਹਾਂ ਲਈ ਤਾਂ ‘ਹਮ ਨਹੀਂ ਚੰਗੇ ਬੁਰਾ ਨਹੀਂ ਕੋਇ’ ਇਕ ਵਿਵਹਾਰਿਕ ਮਾਨਤਾ ਸੀ। ਉਹ ਬਹੁਤ ਗੰਭੀਰ ਗਿਆਨਵਾਨ ਸਨ। ਉਨ੍ਹਾਂ ਦਾ ਗਿਆਨ ਇਸਲਾਮ, ਵੈਸ਼ਣਵ, ਸ਼ਾਕਤ, ਸ਼ੈਵ ਆਦਿ ਧਰਮਾਂ ਤਕ ਹੀ ਸੀਮਤ ਨਹੀਂ ਸੀ, ਸਗੋਂ ਵੇਦ, ਯੋਗ, ਪੁਰਾਣ, ਸ਼ਾਸਤਰ ਆਦਿ ਅਤੇ ਕਤੇਬਾਂ (ਸਾਮੀ ਧਰਮ-ਗ੍ਰੰਥਾਂ) ਦਾ ਵੀ ਉਨ੍ਹਾਂ ਨੂੰ ਕਾਫ਼ੀ ਗਿਆਨ ਸੀ।
ਗੁਰੂ ਨਾਨਕ ਦੇਵ ਜੀ ਇਕ ਨਿਰਭੈ ਲੋਕ-ਨਾਇਕ ਸਨ। ਆਪਣੇ ਵਿਚਾਰ ਦੀ ਸਥਾਪਨਾ ਲਈ ਉਨ੍ਹਾਂ ਨੇ ਵਾਸਤਵਿਕ ਸਥਿਤੀ ਨੂੰ ਉਘਾਡ਼ਨ ਤੋਂ ਜ਼ਰਾ ਸੰਕੋਚ ਨਹੀਂ ਕੀਤਾ। ਕਲਯੁੱਗ ਦੇ ਚਿਤ੍ਰਣ ਵੇਲੇ ਅਤੇ ਤਤਕਾਲੀਨ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਵਿਵਸਥਾ ਦਾ ਵਰਣਨ ਕਰਨ ਵੇਲੇ ਉਨ੍ਹਾਂ ਨੇ ਨਿਰਸੰਕੋਚ ਸਾਰੇ ਤੱਥ ਲੋਕਾਂ ਸਾਹਮਣੇ ਰੱਖੇ। ‘ਖੂਨ ਕੇ ਸੋਹਲੇ’ ਗਾਉਣ ਵਾਲੇ ਨੂੰ ਭਲਾ ਡਰ ਕਿਸ ਦਾ ਹੋ ਸਕਦਾ ਹੈ? ਪਰ ਭਗਤੀ ਦੇ ਖੇਤਰ ਵਿਚ ਤਾਂ ਉਹ ਪ੍ਰਮਾਤਮਾ ਦਾ ਬਹੁਤ ਡਰ ਮੰਨਦੇ ਸਨ—ਨਾਨਕ ਜਿਨ ਮਨਿ ਭਉ ਤਨ੍ਹਾ ਮਨਿ ਭਾਉ।
ਉਹ ਜਨਮ-ਜਾਤ ਸ੍ਰੇਸ਼ਠ ਕਵੀ ਸਨ। ਉਨ੍ਹਾਂ ਨੇ ਬਡ਼ੇ ਸੁਚੱਜੇ ਢੰਗ ਨਾਲ ਆਪਣੀ ਪ੍ਰਤਿਭਾ ਨੂੰ ਲੋਕ-ਕਲਿਆਣ ਲਈ ਵਿਵਹਾਰ ਵਿਚ ਲਿਆਂਦਾ। ਸੰਤ-ਸਾਧਕਾਂ ਵਿਚ ਉਨ੍ਹਾਂ ਦੀ ਬਾਣੀ ਨਾ ਸਿਰਫ ਭਾਵਾਂ ਦੀ ਦ੍ਰਿਸ਼ਟੀ ਤੋਂ ਹੀ ਆਪਣਾ ਮਹੱਤਵਪੂਰਨ ਸਥਾਨ ਰੱਖਦੀ ਹੈ, ਸਗੋਂ ਉਨ੍ਹਾਂ ਦਾ ਕਾਵਿ-ਪੱਖ ਵਿਸ਼ੇਸ਼ ਗੁਣ-ਸੰਪੰਨ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਬਗਦਾਦ ਦੀ ਯਾਤਰਾ ’ਤੇ ਨਿਕਲੇ ਤਾਂ ਭਾਈ ਮਰਦਾਨਾ ਨਾਲ ਸਨ। ਗਰਮੀ ਦੇ ਦੌਰਾਨ ਯਾਤਰਾ ਕਰਦਿਆਂ ਨੇਡ਼ੇ ਦੇ ਟਿੱਲਾ ਜੋਗੀਆਂ ਵਿਚ 40 ਦਿਨ ਠਹਿਰੇ ਸਨ। ਇਥੇ ਭਾਈ ਭਗਤੂ ਦੀ ਬੇਨਤੀ ’ਤੇ ਜਲ ਦਾ ਸੰਕਟ ਦੂਰ ਕਰਨ ਲਈ ਗੁਰੂ ਜੀ ਨੇ ਇਕ ਪੱਥਰ ਚੁੱਕ ਕੇ ਜਲ ਦਾ ਸਰੋਤ ਪ੍ਰਵਾਹਮਾਨ ਕੀਤਾ ਸੀ। ਇਸ ਸਰੋਤ ਦੇ ਨਾਲ ਹੀ ਇਕ ਸਰੋਵਰ ਵੀ ਬਣਿਆ ਹੋਇਆ ਹੈ, ਜਿਸ ਨੂੰ ‘ਚਸ਼ਮਾ ਸਾਹਿਬ’ ਵੀ ਕਹਿੰਦੇ ਹਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਬਣਾਏ ਗਏ ਗੁਰੂ-ਧਾਮ ਨੂੰ ‘ਗੁਰਦੁਆਰਾ ਚੋਆ ਸਾਹਿਬ ਕਿਹਾ ਜਾਂਦਾ ਹੈ। ਇਸ ਦੇ ਪਰਿਸਰ ਵਿਚ ਨਿਰਮਲ ਜਲ ਦਾ ਸਰੋਵਰ ਬਣਿਆ ਹੋਇਆ ਹੈ।
ਇਸ ਚਸ਼ਮੇ ਦੀ ਖੋਜ ਗੁਰੂ ਨਾਨਕ ਦੇਵ ਜੀ ਨੇ ਕੀਤੀ (ਜਾਂ ਇਸ ਨੂੰ ‘ਪੈਦਾ’ ਕੀਤਾ) ਸੀ | ਇਹ ਵੀ ਕਿਹਾ ਜਾਂਦਾ ਹੈ ਕਿ ਸ਼ੇਰ ਸ਼ਾਹ ਸੂਰੀ ਨੇ ਇਸ ਚੋਅ ਨੂੰ ਕਿਲੇ ਦੇ ਅੰਦਰ ਨੂੰ ਮੋਡ਼ਨ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਵਹਾਅ ਹਮੇਸ਼ਾ ਪਹਿਲਾਂ ਵਾਲੀ ਥਾਂ ’ਤੇ ਚਲਾ ਜਾਂਦਾ ਸੀ ਤੇ ਉਸ ਨੇ ਸੱਤ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਇਹ ਖਿਆਲ ਛੱਡ ਦਿੱਤਾ ਤੇ ਕਿਲੇ ਦੇ ਅੰਦਰ ਪਾਣੀ ਵਾਸਤੇ ਇਕ ਵਿਸ਼ਾਲ ਬਾਓਲੀ ਤਾਮੀਰ ਕਰਵਾ ਲਈ|
ਮਹਾਰਾਜਾ ਰਣਜੀਤ ਸਿੰਘ ਨੇ ਇਸ ਇਤਿਹਾਸਕ ਸਥਾਨ ਦੀ ਮਹੱਤਤਾ ਉਜਾਗਰ ਕਰਨ ਲਈ ਆਪਣੇ ਰਾਜ ਕਾਲ ਦੌਰਾਨ 1834 ਵਿਚ ਇਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ।
ਗੁਰਦੁਆਰੇ ਦੀ ਇਮਾਰਤ ਆਪਣੀਆਂ 23 ਖਿਡ਼ਕੀਆਂ ਅਤੇ ਚਾਰ-ਚਾਰ ਫੁੱਟ ਚੌਡ਼ੀਆਂ ਕੰਧਾਂ ਸਦਕਾ ਇਮਾਰਤਸਾਜ਼ੀ ਦਾ ਇਕ ਨਮੂਨਾ ਹੈ।
ਸ਼ੇਰ ਸ਼ਾਹ ਸੂਰੀ ਨੇ ਇਸ ਦੀ ਪੁਰਾਣੀ ਵੱਸੋਂ ਦੇ ਇਰਦ-ਗਿਰਦ ਇਕ ਮਜ਼ਬੂਤ ਕਿਲਾ ਬਣਵਾਇਆ ਅਤੇ ਉਸ ਦਾ ਨਾਂ ਬਿਹਾਰ ਵਿਚਲੇ ਰੋਹਤਾਸ ਕਿਲੇ ਦੇ ਨਾਂ ਉਤੇ ਰੱਖਿਆ। ਲਹਿੰਦੇ ਪੰਜਾਬ ਦੇ ਨੀਮ-ਪਹਾਡ਼ੀ ਪੋਠੋਹਾਰ ਇਲਾਕੇ ਵਿਚ ਕਈ ਏਕਡ਼ਾਂ ਵਿਚ ਫੈਲਿਆ, ਚਾਰ ਕੁ ਕਿਲੋਮੀਟਰ ਦੇ ਘੇਰੇ ਦੀ ਮਜ਼ਬੂਤ ਫਸੀਲ ਵਾਲਾ ਇਹ ਕਿਲਾ ਸ਼ੇਰ ਸ਼ਾਹ ਸੂਰੀ ਨੇ 1541 ਵਿਚ ਹਿਮਾਯੂ ਨੂੰ ਹਰਾਉਣ ਤੋਂ ਬਾਅਦ ਬਣਵਾਉਣਾ ਸ਼ੁਰੂ ਕੀਤਾ ਸੀ, ਜੋ ਅੱਠ ਸਾਲਾਂ ਵਿਚ ਮੁਕੰਮਲ ਹੋਇਆ | ਇਸ ਤੋਂ ਬਾਅਦ ਕਾਫੀ ਸਮਾਂ ਇਸ ਇਲਾਕੇ ਦੇ ਲਡ਼ਾਕੂ ਰਾਜਪੂਤ ਕਬੀਲਿਆਂ (ਗਾਖਡ਼, ਜੰਜੂਆ, ਕਿਆਨੀ ਵਗੈਰਾ) ਦੇ ਕਬਜ਼ੇ ਵਿਚ ਰਿਹਾ ਹੈ। ਸਮੇਂ-ਸਮੇਂ ’ਤੇ ਅਫਗਾਨੀ ਹਮਲਾਵਰਾਂ ਨਾਦਰ ਸ਼ਾਹ, ਅਬਦਾਲੀ ਤੋਂ ਬਾਅਦ ਅੰਤ ’ਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਜਿੱਤ ਲਿਆ | ਮਜ਼ਬੂਤ ਪੱਥਰਾਂ ਨਾਲ ਬਣਿਆ ਹੋਇਆ ਇਹ ਕਿਲਾ ਤੀਹ ਹਜ਼ਾਰ ਫੌਜੀਆਂ ਨੂੰ ਪਨਾਹ ਦੇ ਸਕਦਾ ਹੈ।
ਸਿੱਖ ਇਤਿਹਾਸ ਵਿਚ ਇਸ ਨਗਰ ਦੀ ਵਿਸ਼ੇਸ਼ ਮਹਾਨਤਾ ਹੈ। ਇਥੋਂ ਦੇ ਭਾਈ ਰਾਮੂ ਬਸੀ ਦੀ ਪੁੱਤਰੀ ਸਾਹਿਬ ਕੌਰ ਦਾ ਵਿਆਹ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ ਅਤੇ ਉਸ ਨੂੰ ਖ਼ਾਲਸੇ ਦੀ ਮਾਤਾ ਘੋਸ਼ਿਤ ਕੀਤਾ ਗਿਆ। ਇਸ ਨਗਰ ਉਤੇ ਹਮਲਾ ਕਰਕੇ ਚਡ਼੍ਹਤ ਸਿੰਘ ਸ਼ੁੱਕਰਚੱਕੀਆ ਅਤੇ ਗੁੱਜਰ ਸਿੰਘ ਭੰਗੀ ਨੇ ਸੰਨ 1767 ਈ. ਵਿਚ ਇਸ ਨੂੰ ਜਿੱਤਿਆ। 20 ਸਾਲ ਬਾਦਸ਼ਾਹ ਜ਼ਮਾਨ ਨੇ ਇਸ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਪਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਜਿੱਤ ਕੇ ਆਪਣੇ ਰਾਜ ਵਿਚ ਸ਼ਾਮਲ ਕੀਤਾ ਅਤੇ ਜੰਗੀ ਨੁਕਤੇ ਤੋਂ ਇਸ ਦੀ ਅਹਿਮੀਅਤ ਸਥਾਪਿਤ ਕੀਤੀ।
-ਅਵਤਾਰ ਸਿੰਘ ਆਨੰਦ
੯੮੫੫੧੨੦੨੮੭
9855120287
ਸਿਤਾਰਾ ਉਲਝਣਾਂ-ਝਮੇਲਿਆਂ ਵਾਲਾ ਧਨ-ਹਾਨੀ ਹੋਣ ਦੇ ਸੰਕੇਤ
NEXT STORY