ਤੀਰਥ ਸਿੰਘ ਢਿੱਲੋਂ
9815461710
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸਮੁੱਚੀ ਬਾਣੀ (ਜਪੁਜੀ ਸਾਹਿਬ) ਨੂੰ ਛੱਡ ਕੇ, ਰਾਗਬੱਧ ਹੈ। ਗੁਰਬਾਣੀ ਦੇ ਸੰਦੇਸ਼ ਨੂੰ ਜਨ ਸਧਾਰਨ ਤੱਕ ਪੁੱਜਦਾ ਕਰਨ ਲਈ ਕੀਰਤਨ ਦੀ ਵਿਧੀ ਅਪਨਾਈ ਗਈ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ• ਸਿੰਘ ਨਾਭਾ ਲਿਖਦੇ ਹਨ ਕਿ ਗੁਰਮਤਿ ਵਿੱਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਣ ਦਾ ਨਾਂ ਕੀਰਤਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੋਈ ਇਸ ਮਹਾਨ ਕੀਰਤਨ ਪਰੰਪਰਾ ਨੂੰ ਸਾਰੇ ਗੁਰੂ ਸਾਹਿਬਾਨ ਨੇ ਕਾਇਮ ਹੀ ਨਹੀਂ ਰੱਖਿਆ, ਸਗੋਂ ਇਸ ਦਾ ਵਿਸਤਾਰ ਵੀ ਕੀਤਾ। ਬਾਣੀ ਵਿੱਚ ਰਾਗਾਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਇਸ ਤਰ੍ਹਾਂ ਲਿਖਿਆ ਗਿਆ ਹੈ :
ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ।।
ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ।।
ਸ਼ਬਦ ਕੀਰਤਨ ਨੂੰ ਗਾਇਨ ਕਰਨਾ ਅਤੇ ਸੁਣਨਾ ਗੁਰਬਾਣੀ ਦੇ ਪ੍ਰੇਮੀਆਂ ਨੂੰ ਆਨੰਦ ਦੀ ਅਵਸਥਾ ਵਿੱਚ ਲੈ ਜਾਂਦਾ ਹੈ। ਗੁਰਮਤਿ ਸੰਗੀਤ ਵਿਚ ਭਾਵੇਂ ਸਾਜ਼ਾਂ ਨੂੰ ਸੁਤੰਤਰ ਤੌਰ ਉੱਤੇ ਕੋਈ ਵੱਖਰਾ ਸਥਾਨ ਪ੍ਰਾਪਤ ਨਹੀਂ ਅਤੇ ਵਾਦਨ ਨੂੰ ਗਾਇਨ ਦੇ ਅਧੀਨ ਹੀ ਰੱਖਿਆ ਗਿਆ ਹੈ। ਫਿਰ ਵੀ ਸਾਜ਼ਾਂ ਦੇ ਪ੍ਰਸੰਗ ਵਿਚ ਗੁਰਬਾਣੀ ਅੰਦਰ ਅਨੇਕਾਂ ਪੰਕਤੀਆਂ ਦਰਜ ਹਨ। ਕੀਰਤਨ ਦੀ ਸੰਗਤ ਲਈ ਮੁੱਖ ਤੌਰ ਉੱਤੇ ਰਬਾਬ, ਸਰੰਦਾ, ਤਾਊਸ, ਦਿਲਰੁਬਾ, ਪਖਾਵਜ, ਮ੍ਰਿਦੰਗ, ਤਬਲਾ ਅਤੇ ਢੋਲਕ ਆਦਿ ਸਾਜ਼ਾਂ ਦੀ ਵਰਤੋਂ ਮੁੱਢੋ ਹੁੰਦੀ ਆ ਰਹੀ ਹੈ।
ਰਬਾਬ:
ਰਬਾਬ ਗੁਰਮਤਿ ਸੰਗਤ ਦਾ ਪ੍ਰਮੁੱਖ ਤੰਤੀ ਸਾਜ਼ ਹੈ। ਇਕ ਤਾਰਾਂ ਵਾਲਾ ਸਾਜ਼ ਹੋਣ ਕਰਕੇ ਇਸ ਦੀ ਆਵਾਜ਼ ਬੜੀ ਭਰਵੀਂ ਅਤੇ ਮਧੁਰ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ 'ਤੇ ਜਾਣ ਸਮੇਂ ਆਪਣਾ ਸੰਗੀ ਭਾਈ ਮਰਦਾਨੇ ਨੂੰ ਚੁਣਿਆ। ਪ੍ਰਸਿੱਧ ਵਿਦਵਾਨ ਪ੍ਰੋਫੈਸਰ ਤਾਰਾ ਸਿੰਘ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਨੇ ਆਪਣੇ ਹੀ ਢੰਗ ਦਾ ਇਕ ਸਾਜ਼ ਰਬਾਬ ਤਿਆਰ ਕੀਤਾ ਅਤੇ ਭਾਈ ਮਰਦਾਨੇ ਨੂੰ ਫਿਰੰਦੇ ਕੋਲੋਂ ਤਾਲੀਮ ਦਿਵਾਈ। ਭਾਈ ਮਰਦਾਨਾ ਮਹਾਨ ਰਬਾਬੀ ਹੋਏ ਹਨ, ਜਿਨ੍ਹਾਂ ਬਾਰੇ ਭਾਈ ਗੁਰਦਾਸ ਲਿਖਦੇ ਹਨ ਕਿ :
''ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ''
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਭਾਈ ਸੱਤਾ ਅਤੇ ਬਲਵੰਡ ਰਬਾਬੀ ਹੋਏ ਹਨ, ਜਿਨ੍ਹਾਂ ਦੀ ਇਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਸ੍ਰੀ ਗੁਰੂ ਰਾਮ ਦਾਸ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਕੀਰਤਨ ਦੌਰਾਨ ਰਬਾਬ ਦੀ ਸੰਗਤ ਨੂੰ ਜਾਰੀ ਰੱਖਿਆ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੁੱਖ ਵਾਕ ਹੈ:
ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ, ਲੀਏ ਸੁਰ ਸਾਜ਼ ਮਿਲਾਵੈ।।
ਤਾਊਸ :
ਕੁਝ ਸੰਗੀਤਕ ਵਿਦਵਾਨਾਂ ਅਨੁਸਾਰ ਇਸ ਸਾਜ਼ ਦੀ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ। ਇਸ ਨੂੰ ਪ੍ਰਾਚੀਨ ਮਯੂਰ ਵੀਣਾ ਵੀ ਕਿਹਾ ਜਾਂਦਾ ਸੀ। ਇਹ ਸਾਜ਼ ਵੀ ਗਜ਼ ਨਾਲ ਵਜਾਇਆ ਜਾਂਦਾ ਹੈ। ਤਾਊਸ ਅਰਬੀ ਜ਼ੁਬਾਨ ਦਾ ਸ਼ਬਦ ਹੈ, ਜਿਸ ਦੇ ਅਰਥ ਹਨ, ਮੋਰ । ਇਸ ਸਾਜ਼ ਦਾ ਹੇਠਲਾਂ ਹਿੱਸਾ, ਜਿਸ ਨੂੰ ਤੂੰਬਾ ਕਿਹਾ ਜਾਂਦਾ ਹੈ, ਮੋਰ ਦੀ ਸ਼ਕਲ ਦਾ ਹੁੰਦਾ ਹੈ। ਇਸ ਦੀ ਬਨਾਵਟ ਦਿਲਰੁਬਾ ਅਤੇ ਇਸਰਾਜ਼ ਸਾਜ਼ਾਂ ਨਾਲ ਮਿਲਦੀ ਹੈ। ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੇ ਦਰਬਾਰ ਵਿਚ ਉਸ ਸਮੇਂ ਦੇ ਮੰਨੇ ਪ੍ਰਮੰਨੇ ਕਲਾਕਾਰ ਮਹੰਤ ਗਜਾ ਸਿੰਘ ਤਾਊਸ ਵਜਾਉਣ ਦੇ ਮਹਾਨ ਕਲਾਕਾਰ ਸਨ। ਅੱਜ ਕੱਲ•ਇਸ ਸਾਜ਼ ਨੂੰ ਵਜਾਉਣ ਵਾਲੇ ਕਲਾਕਾਰ ਉਂਗਲਾਂ 'ਤੇ ਗਿਣਨ ਜੋਗੇ ਹੀ ਹਨ।
ਦਿਲਰੁਬਾ :
ਇਸ ਦਾ ਪ੍ਰਚਲਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੋਇਆ। ਤਾਊਸ ਦੀ ਬਣਤਰ ਵਿਚ ਕੁਝ ਤਬਦੀਲੀਆਂ ਕਰਕੇ ਦਿਲਰੁਬਾ ਨਾਂ ਦਾ ਨਵਾਂ ਸਾਜ਼ ਈਜਾਦ ਕੀਤਾ ਗਿਆ। ਗੱਜ ਨਾਲ ਵਜਾਇਆ ਜਾਣ ਵਾਲਾ ਇਹ ਸਾਜ਼ ਬੰਗਾਲੀ ਸਾਜ਼ ਇਸਰਾਜ ਵਰਗਾ ਹੈ, ਜਿਸ ਦੀ ਆਵਾਜ਼ ਬਹੁਤ ਸਕੂਨ ਬਖਸ਼ਦੀ ਹੈ। 1990 ਦੇ ਨੇੜੇ-ਤੇੜੇ ਪ੍ਰਸਿੱਧ ਰਬਾਬੀ ਭਾਈ ਚਾਂਦ ਆਪਣੀ ਚੌਂਕੀ ਸਮੇਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਇਸ ਸਾਜ਼ ਦੀ ਵਰਤੋਂ ਕਰਦੇ ਸਨ। ਪਿੱਛੋਂ ਉਨ੍ਹਾਂ ਦੇ ਸ਼ਾਗਿਰਦ ਭਾਈ ਗੁਰਮੁੱਖ ਸਿੰਘ, ਭਾਈ ਹਰਸਾ ਅਤੇ ਭਾਈ ਉੱਤਮ ਸਿੰਘ ਨੇ ਇਸ ਸਾਜ਼ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਕੀਤਾ। ਇਸ ਵੇਲੇ ਭਾਈ ਬਲਜੀਤ ਸਿੰਘ ਨਾਮਧਾਰੀ ਇਸ ਸਾਜ਼ ਨਾਲ ਕੀਰਤਨ ਕਰਦੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸੰਗੀਤ ਅਕੈਡਮੀ ਆਨੰਦਪੁਰ ਸਾਹਿਬ ਵਿੱਚ ਵੀ ਇਹ ਸਾਜ਼ ਸਿਖਾਇਆ ਜਾਂਦਾ ਹੈ।
ਸਰੰਦਾ :
ਇਸ ਨੂੰ ਸਾਰਿੰਦਾ ਵੀ ਕਿਹਾ ਜਾਂਦਾ ਹੈ ਅਤੇ ਇਹ ਸਾਜ਼ ਗਜ਼ ਨਾਲ ਵਜਾਇਆ ਜਾਂਦਾ ਹੈ। ਗੁਰਮਤਿ ਸੰਗੀਤ ਵਿੱਚ ਗੁਰੂ ਅਮਰਦਾਸ ਜੀ ਦੇ ਸਮੇਂ ਸਰੰਦਾ ਸਾਜ਼ ਪ੍ਰਚਲਿਤ ਹੋਇਆ। ਕਿਹਾ ਜਾਂਦਾ ਹੈ ਕਿ ਇਹ ਸਾਜ਼ ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਤਿਆਰ ਕੀਤਾ ਸੀ। ਸਿੱਖ ਅਜਾਇਬਘਰ ਅੰਮ੍ਰਿਤਸਰ ਵਿਖੇ ਰੱਖੇ ਹੋਏ ਸਰੰਦੇ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਸਰੰਦਾ ਦੱਸਿਆ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਦੇ ਇਕ ਇਤਿਹਾਸਕ ਗੁਰਦੁਆਰੇ ਵਿੱਚ ਰੱਖੇ ਗਏ ਸਰੰਦੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਣਾਇਆ ਸਰੰਦਾ ਸਮਝਿਆ ਜਾਂਦਾ ਹੈ। ਮਹੰਤ ਸ਼ਾਮ ਸਿੰਘ ਜੀ 70 ਸਾਲ ਤੱਕ ਇਸ ਸਾਜ਼ ਨਾਲ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਦੇ ਰਹੇ।
ਸਮੇਂ ਦੀ ਤੌਰ ਨਾਲ ਸਿਤਾਰ, ਮੈਂਡੋਲਿਨ ਤੇ ਵਾਇਲਨ ਦੇ ਨਾਲ-ਨਾਲ ਜਰਮਨ ਸਾਜ਼ ਵਾਜੇ (ਹਰਮੋਨੀਅਮ) ਦੀ ਵਰਤੋਂ ਹੁਣ ਆਮ ਗੱਲ ਹੈ। ਪੁਰਾਣੇ ਰਾਗੀ ਆਟੇ ਵਾਲਾ ਧਾਮਾ ਵਰਤਦੇ ਸਨ, ਜਦਕਿ ਹੁਣ ਵਾਲੇ ਜੱਥੇ ਆਧੁਨਿਕ ਤਕਨੀਕ ਨਾਲ ਬਣੇ ਤਬਲੇ ਦੀ ਵਰਤੋਂ ਕਰਦੇ ਹਨ। ਆਟੇ ਵਾਲੇ ਕਈ ਤਬਲਾ ਵਾਦਕ ਧਰੁਪਦ ਧਮਾਰ ਸ਼ੈਲੀ ਦੇ ਮਾਹਰ ਸਨ। ਤੰਤੀ ਸਾਜ਼ਾਂ ਦੇ ਪ੍ਰਚਲਨ ਨੂੰ ਮੁੜ ਹਰਮਨ ਪਿਆਰਾ ਬਣਾਉਣ ਲਈ ਜਵੱਦੀ ਟਕਸਾਲ ਲੁਧਿਆਣਾ ਦੇ ਬਾਨੀ ਸਵਰਗੀ ਸੰਤ ਸੁੱਚਾ ਸਿੰਘ ਦਾ ਅਹਿਮ ਰੋਲ ਰਿਹਾ ਹੈ ਅਤੇ ਉਨਾਂ ਦੇ ਜਾਨਸ਼ੀਨ ਬਾਬਾ ਅਮੀਰ ਸਿੰਘ ਵੀ ਓਥੇ ਸਥਾਪਤ ਗੁਰਸ਼ਬਦ ਸੰਗੀਤ ਅਕੈਡਮੀ ਰਾਹੀਂ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਨਾਲ ਕੀਰਤਨ ਦੀ ਸਿਖਲਾਈ ਦੇ ਕੇ ਵਡਮੁੱਲਾ ਯੋਗਦਾਨ ਪਾ ਰਹੇ ਹਨ। ਇਸੇ ਤਰਾਂ, ਸ੍ਰੀ ਭੈਣੀ ਸਾਹਿਬ ਵਿਖੇ ਨਾਮਧਾਰੀ ਪੰਥ ਵੱਲੋਂ ਵੀ ਸਮੁੱਚਾ ਕੀਰਤਨ ਤੰਤੀ ਸਾਜ਼ਾਂ ਨਾਲ ਹੀ ਕੀਤਾ ਜਾਂਦਾ ਹੈ। ਗੁਰਮਤਿ ਸੰਗੀਤ ਅਕੈਡਮੀ ਅਨੰਦਪੁਰ ਸਾਹਿਬ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਇਸ ਬੰਨੇ ਸ਼ਲਾਘਾਯੋਗ ਉਪਰਾਲੇ ਕਰ ਰਹੇ ਹਨ। ਇਹ ਚੰਗੀ ਗੱਲ ਹੈ ਕਿ ਅਕਾਸ਼ਵਾਣੀ ਉੱਤੇ ਆਡੀਸ਼ਨ ਸਮੇਂ ਵਾਜੇ ਦੀ ਵਰਤੋਂ ਦੀ ਮਨਾਹੀ ਹੈ ਅਤੇ ਟੈਸਟ ਤਾਨਪੂਰੇ ਸਮੇਤ ਤੰਤੀ ਸਾਜ਼ਾਂ ਨਾਲ ਹੀ ਲਿਆ ਜਾਂਦਾ ਹੈ। ਤੰਤੀ ਸਾਜ਼ਾਂ ਦੀ ਪੁਨਰ ਸੁਰਜੀਤੀ ਲਈ ਇਹ ਸ਼ੁੱਭ ਸੰਕੇਤ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਸਲਮਾਨ ਮੁਰੀਦ
NEXT STORY