ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਨਮ ਜੁਲਾਈ ਮਹੀਨੇ 'ਚ ਸੰਨ 1656 ਈ. ਨੂੰ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਦੇਵੀ ਜੀ ਦੀ ਕੁੱਖੋਂ ਪੰਜਾਬ ਦੇ ਕਸਬਾ ਕੀਰਤਪੁਰ ਸਾਹਿਬ ਵਿਖੇ ਹੋਇਆ। ਜਿਸ ਸਥਾਨ 'ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ, ਉਸ ਜਗ੍ਹਾ 'ਤੇ ਬਣੇ ਗੁਰਦੁਆਰਾ ਸਾਹਿਬ ਨੂੰ ਸ਼ੀਸ਼ ਮਹਿਲ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਭ ਤੋਂ ਛੋਟੀ ਉਮਰ ਦੇ ਗੁਰੂ ਹਨ। ਸੰਨ 1661 ਵਿਚ ਗੁਰੂ ਹਰਿਰਾਏ ਸਾਹਿਬ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਜੀ ਨੇ ਗੁਰਗੱਦੀ ਸੰਭਾਲੀ। ਉਸ ਸਮੇਂ ਉਨ੍ਹਾਂ ਦੀ ਉਮਰ 5 ਸਾਲ ਕੁਝ ਮਹੀਨੇ ਸੀ। ਉਮਰ ਛੋਟੀ ਹੋਣ ਕਰ ਕੇ ਗੁਰੂ ਘਰ ਦੇ ਦੋਖੀਆਂ ਵਲੋਂ ਇਹ ਆਲੋਚਨਾ ਕੀਤੀ ਜਾਂਦੀ ਸੀ ਕਿ ਛੋਟੇ ਬੱਚੇ ਨੂੰ ਗੁਰੂ ਬਣਾ ਦਿੱਤਾ ਗਿਆ ਹੈ। ਗੁਰਗੱਦੀ ਸੰਭਾਲਣ ਤੋਂ ਬਾਅਦ ਛੋਟੀ ਜਿਹੀ ਉਮਰ 'ਚ ਜੋ ਰੂਹਾਨੀ ਪ੍ਰਚਾਰ ਗੁਰੂ ਸਾਹਿਬ ਨੇ ਕੀਤਾ ਅਤੇ ਜੋ ਕਾਰਜ ਕੀਤੇ, ਉਸ ਨੇ ਸਭ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ।
ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਜੋਤੀ-ਜੋਤ ਸਮਾਉਣ ਸਮੇਂ ਗੁਰੂ ਹਰਿਕ੍ਰਿਸ਼ਨ ਜੀ ਨੇ ਸੰਗਤ ਨੂੰ ਕਿਹਾ ਕਿ ਕੋਈ ਵੀ ਸਿੱਖ ਇਸ ਸਮੇਂ 'ਤੇ ਸ਼ੋਕ ਪ੍ਰਗਟ ਨਹੀਂ ਕਰੇਗਾ ਅਤੇ ਨਾ ਹੀ ਰੋਏਗਾ। ਸਾਰੀ ਸੰਗਤ ਇਕੱਤਰ ਹੋ ਕੇ ਰੱਬੀ ਬਾਣੀ ਦਾ ਕੀਰਤਨ ਕਰੇਗੀ। ਉਸ ਵੇਲੇ 5 ਸਾਲ ਕੁਝ ਮਹੀਨਿਆਂ ਦੀ ਉਮਰ ਵਿਚ ਗੁਰੂ ਹਰਿਕ੍ਰਿਸ਼ਨ ਜੀ ਨੇ ਜੋ ਕਥਾ ਵਿਚਾਰਾਂ ਸੰਗਤ ਨੂੰ ਸੁਣਾਈਆਂ, ਉਸ ਨੇ ਸਾਬਤ ਕਰ ਦਿੱਤਾ ਕਿ ਰੱਬੀ ਜੋਤ ਦਾ ਸਰੀਰ ਦੀ ਉਮਰ ਨਾਲ ਕੋਈ ਵਾਸਤਾ ਨਹੀਂ। ਇਸ ਤੋਂ ਇਲਾਵਾ ਗੁਰੂ ਹਰਿਰਾਏ ਸਾਹਿਬ ਨੇ ਜੋ ਦਵਾਖ਼ਾਨਾ ਬਣਾਇਆ ਹੋਇਆ ਸੀ, ਗੁਰੂ ਹਰਿਕ੍ਰਿਸ਼ਨ ਜੀ ਨੇ ਜਦੋਂ ਉਥੇ ਬੈਠ ਕੇ ਦਵਾਈਆਂ ਦੇਣੀਆਂ ਸ਼ੁਰੂ ਕੀਤੀਆਂ ਤਾਂ ਲੋਕਾਂ ਦੀਆਂ ਲਾ-ਇਲਾਜ ਬੀਮਾਰੀਆਂ ਵੀ ਦਿਨਾਂ 'ਚ ਦੂਰ ਹੋਣ ਲੱਗੀਆਂ।
ਇਸੇ ਦੌਰਾਨ ਰਾਮ ਰਾਏ ਨੇ ਅੰਗਰੇਜ਼ਾਂ ਨੂੰ ਕਿਹਾ ਕਿ ਮੈਂ ਗੁਰੂ ਸਾਹਿਬ ਦਾ ਵੱਡਾ ਪੁੱਤਰ ਹਾਂ। ਗੁਰਗੱਦੀ 'ਤੇ ਮੇਰਾ ਹੱਕ ਹੈ। ਇਸ ਲਈ ਮੇਰੀ ਮਦਦ ਕਰੋ। ਇਤਿਹਾਸਕਾਰ ਲਿਖਦੇ ਹਨ ਕਿ ਅੰਗਰੇਜ਼ਾਂ ਨੇ ਰਾਮ ਰਾਏ ਨੂੰ ਕਿਹਾ ਕਿ ਅਸੀਂ ਤੇਰੀ ਇਸ ਮਾਮਲੇ 'ਚ ਮਦਦ ਨਹੀਂ ਕਰ ਸਕਦੇ ਪਰ ਉਨ੍ਹਾਂ ਰਾਮ ਰਾਏ ਨੂੰ ਕੁਝ ਇਲਾਕਾ ਦੇ ਦਿੱਤਾ, ਜਿਥੇ ਅੱਜਕਲ ਦੇਹਰਾਦੂਨ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵੱਧਦੀ ਲੋਕਪ੍ਰਿਯਤਾ ਕਰ ਕੇ ਅੰਗਰੇਜ਼ਾਂ ਨੇ ਰਾਜਾ ਜੈ ਸਿੰਘ ਨੂੰ ਕਿਹਾ ਕਿ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਜਾਵੇ। ਜਿਸ ਸਮੇਂ ਗੁਰੂ ਸਾਹਿਬ ਦਿੱਲੀ ਨੂੰ ਆ ਰਹੇ ਸਨ ਤਾਂ ਰਸਤੇ 'ਚ ਅੰਬਾਲਾ ਨੇੜੇ ਪੰਜੋਖਰਾ ਪਿੰਡ ਵਿਚ ਰੁਕੇ, ਇਥੇ ਵੀ ਇਕ ਦਿਲਚਸਪ ਘਟਨਾ ਵਾਪਰੀ। ਇਥੋਂ ਦੇ ਪੰਡਿਤ ਲਾਲ ਚੰਦ ਨੇ ਗੁਰੂ ਸਾਹਿਬ ਦੀ ਛੋਟੀ ਉਮਰ ਸਮਝ ਕੇ ਕਈ ਤਰ੍ਹਾਂ ਦੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਉਸ ਨੇ ਇਹ ਵੀ ਕਿਹਾ ਕਿ ਤੁਹਾਡਾ ਨਾਂ ਕ੍ਰਿਸ਼ਨ ਜੀ ਦੇ ਨਾਂ 'ਤੇ ਹੈ, ਕੀ ਤੁਸੀਂ ਗੀਤਾ ਸੁਣਾ ਸਕਦੇ ਹੋ ਤਾਂ ਗੁਰੂ ਸਾਹਿਬ ਨੇ ਲਾਲ ਚੰਦ ਨੂੰ ਕਿਹਾ ਕਿ ਮੈਂ ਨਹੀਂ, ਤੁਸੀਂ ਕਿਸੇ ਵੀ ਵਿਅਕਤੀ ਨੂੰ ਲੈ ਕੇ ਆਓ, ਮੈਂ ਗੀਤਾ ਦਾ ਪਾਠ ਉਸੇ ਤੋਂ ਹੀ ਕਰਵਾ ਦਿੰਦਾ ਹਾਂ। ਕਹਿੰਦੇ ਹਨ ਕਿ ਲਾਲ ਚੰਦ ਇਕ ਗੂੰਗੇ ਛੱਜੂ ਨਾਮੀ ਵਿਅਕਤੀ ਨੂੰ ਲੈ ਕੇ ਆ ਗਿਆ ਤਾਂ ਗੁਰੂ ਸਾਹਿਬ ਨੇ ਛੱਜੂ ਦੇ ਸਿਰ 'ਤੇ ਆਪਣੀ ਸੋਟੀ ਰੱਖੀ ਤਾਂ ਛੱਜੂ ਗੀਤਾ ਦਾ ਪਾਠ ਕਰਨ ਲੱਗ ਪਿਆ। ਇਸ 'ਤੇ ਲਾਲ ਚੰਦ ਗੁਰੂ ਸਾਹਿਬ ਦੇ ਪੈਰਾਂ 'ਚ ਡਿੱਗ ਪਿਆ ਅਤੇ ਉਸ ਨੇ ਸਿੱਖ ਧਰਮ ਅਪਣਾ ਲਿਆ।
ਜਦੋਂ ਗੁਰੂ ਸਾਹਿਬ ਦਿੱਲੀ ਪਹੁੰਚੇ ਤਾਂ ਰਾਜਾ ਜੈ ਸਿੰਘ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਮਹਿਲਾਂ 'ਚ ਰੱਖ ਕੇ ਉਨ੍ਹਾਂ ਦੀ ਸੇਵਾ ਕੀਤੀ। ਇਸੇ ਦੌਰਾਨ ਦਿੱਲੀ 'ਚ ਚੇਚਕ ਦੀ ਬੀਮਾਰੀ ਫ਼ੈਲੀ ਹੋਈ ਸੀ। ਸੰਗਤਾਂ ਨੂੰ ਪਤਾ ਲੱਗਾ ਤਾਂ ਉਹ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ। ਗੁਰੂ ਸਾਹਿਬ ਨੇ ਦਵਾਈਆਂ ਅਤੇ ਰੱਬੀ ਬਾਣੀ ਦੇ ਪਾਠ ਨਾਲ ਅਨੇਕਾਂ ਰੋਗੀਆਂ ਨੂੰ ਰੋਗ-ਮੁਕਤ ਕਰ ਦਿੱਤਾ ਪਰ ਇਸ ਦੌਰਾਨ ਗੁਰੂ ਸਾਹਿਬ ਬੀਮਾਰ ਪੈ ਗਏ। ਉਨ੍ਹਾਂ ਨੂੰ ਵੀ ਚੇਚਕ ਹੋ ਗਈ। ਜਦੋਂ ਰਾਜਾ ਜੈ ਸਿੰਘ ਅਤੇ ਸੰਗਤ ਨੇ ਕਿਹਾ ਕਿ ਤੁਸੀਂ ਤਾਂ ਅਨੇਕਾਂ ਲੋਕਾਂ ਨੂੰ ਚੇਚਕ ਤੋਂ ਬਚਾ ਚੁੱਕੇ ਹੋ, ਫਿਰ ਖੁਦ ਰੋਗ-ਮੁਕਤ ਕਿਉਂ ਨਹੀਂ ਹੁੰਦੇ? ਇਸ 'ਤੇ ਗੁਰੂ ਸਾਹਿਬ ਨੇ ਕਿਹਾ ਕਿ ਅਕਾਲ ਪੁਰਖ ਦਾ ਬੁਲਾਵਾ ਆ ਗਿਆ ਹੈ, ਇਸ ਲਈ ਹੁਣ ਇਹ ਰੋਗ ਚੋਲਾ ਬਦਲਣ 'ਚ ਸਹਾਈ ਹੋ ਰਿਹਾ ਹੈ।
ਸੰਨ 1664 ਨੂੰ ਗੁਰੂ ਹਰਿਕ੍ਰਿਸ਼ਨ ਜੀ ਅਗਲੇ ਗੁਰੂ ਬਾਰੇ ਪੁੱਛੇ ਜਾਣ 'ਤੇ 'ਬਾਬਾ ਬਕਾਲਾ' ਕਹਿੰਦੇ ਹੋਏ ਜੋਤੀ-ਜੋਤ ਸਮਾ ਗਏ। ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ 'ਚ ਰਹਿ ਰਹੇ ਸਨ। ਗੁਰੂ ਸਾਹਿਬ ਦੇ ਚਰਨ ਪੈਣ ਨਾਲ ਰਾਜਾ ਜੈ ਸਿੰਘ ਦਾ ਬੰਗਲਾ ਪੂਜਣਯੋਗ ਹੋ ਗਿਆ, ਜੋ ਅੱਜ ਬੰਗਲਾ ਸਾਹਿਬ ਦੇ ਨਾਂ ਨਾਲ ਵਿਸ਼ਵ ਭਰ 'ਚ ਪ੍ਰਸਿੱਧ ਹੈ। ਇਥੇ ਅੱਜ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਕੇ ਤੇ ਸਰੋਵਰ 'ਚ ਇਸ਼ਨਾਨ ਕਰ ਕੇ ਰੋਗੀਆਂ ਦੇ ਰੋਗ ਦੂਰ ਹੋ ਰਹੇ ਹਨ।
ਮਨਜਿੰਦਰ ਸਿੰਘ ਸਿਰਸਾ
ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਨਵੀਂ ਦਿੱਲੀ
ਗੁਰਦੁਆਰਾ ਚੋਆ ਸਾਹਿਬ ਰੋਹਤਾਸ ਪਾਕਿਸਤਾਨ
NEXT STORY