ਇਸ ਲੇਖ ਰਾਹੀਂ ਅਸੀਂ ਗੁਰੂ ਨਾਨਕ ਦੀ ਦ੍ਰਿਸ਼ਟੀ ਤੋਂ ਪ੍ਰਸਤੁਤ ਹੋਈ ਕੁਦਰਤ ਦੀ ਧਾਰਨਾ ਜਾਂ ਸੰਕਲਪ ਨੂੰ ਸਮਝਦੇ ਹੋਏ ਕੁਦਰਤ ਸਬੰਧੀ ਮਨੁੱਖੀ ਸੋਚ ਵਿਚ ਇਤਿਹਾਸਕ ਤੌਰ ਤੇ ਆਈ ਉਸ ਤਬਦੀਲੀ ਦੀ ਪ੍ਰਕਿਰਿਆ ਨੂੰ ਜਾਨਣਾ ਹੈ ਜਿਸ ਦੇ ਨਤੀਜੇ ਵਜੋਂ ਮਨੁੱਖ 'ਵਿਕਾਸ' ਦੀ ਅਜਿਹੀ ਦਿਸ਼ਾ ਵਿਚ ਤੁਰਨ ਲੱਗਾ ਕਿ ਇਸ ਨੇ ਉਸ ਵਾਤਾਵਰਣ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਨਾਲ ਅਤੇ ਜਿਸ ਦੇ ਕਾਰਨ ਮਨੁੱਖ ਜਾਤੀ ਨੇ ਹੋਂਦ ਗ੍ਰਹਿਣ ਕੀਤੀ ਸੀ। ਸਿਰਲੇਖ ਲਈ ਚੁਣੀ ਗਈ ਸਤਰ 'ਕੁਦਰਤਿ ਕਵਣ ਕਹਾ ਵੀਚਾਰੁ' ਦਾ ਸਬੰਧ ਗੁਰੂ ਨਾਨਕ ਦੀ ਸਭ ਤੋਂ ਵਧ ਪੜ੍ਹੀ ਜਾਣ ਵਾਲੀ ਜਪੁ ਬਾਣੀ ਦੀ ਸੋਲ੍ਹਵੀਂ ਤੋਂ ਲੈ ਕੇ ਉਨ੍ਹੀਵੀਂ ਪਾਉੜੀ ਤੱਕ ਨਾਲ ਹੈ। ਸੋਲ੍ਹਵੀਂ ਪਾਉੜੀ 'ਚ ''ਜੇ ਕੋ ਕਹੈ ਕਰੈ ਵੀਚਾਰੁ, ਕਰਤੇ ਕੈ ਕਰਣੈ ਨਾਹੀ ਸੁਮਾਰੁ'' ਨਾਲ ਗੁਰੂ ਨਾਨਕ ਸਾਹਿਬ ਕਾਦਰ ਦੀ ਕੁਦਰਤ ਦੀ ਵਿਸ਼ਾਲਤਾ ਅਤੇ ਬੇਅੰਤਤਾ ਨੂੰ ਗਾਉਣਾ ਸ਼ੁਰੂ ਕਰਦੇ ਹਨ।''ਕੁਦਰਤਿ ਕਵਣ ਕਹਾ ਵੀਚਾਰੁ'' ਦੀ ਪੰਕਤੀ ਜਦ ਪਹਿਲੀ ਵਾਰ ਸੋਲ੍ਹਵੀਂ ਪਾਉੜੀ ਦੇ ਅਖੀਰ 'ਤੇ ਸਥਾਈ ਜਾਂ ਦੁਹਰਾਓ ਵਾਲੀ ਸਤਰ ਦੇ ਤੌਰ 'ਤੇ ਦਰਜ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਦਰਿਆਵਾਂ ਦਾ ਜ਼ਿਕਰ ਆਉਂਦਾ ਹੈ:
ਕੀਤਾ ਪਸਾਉ ਏਕੋ ਕਵਾਉ।। ਤਿਸ ਤੇ ਹੋਏ ਲਖ ਦਰੀਅਉ।।
ਕੁਦਰਤਿ ਕਵਣ ਕਹਾ ਵੀਚਾਰੁ।। ਵਾਰਿਆ ਨ ਜਾਵਾ ਏਕ ਵਾਰ।।
ਜੋ ਤੁਧੁ ਭਾਵੈ ਸਾਈ ਭਲੀ ਕਾਰ।। ਤੂ ਸਦਾ ਸਲਾਮਤਿ ਨਿਰੰਕਾਰ।। (3, ਜਪੁ, ਮ.1)
ਲੱਖਾਂ ਦਰਿਆਵਾਂ ਨੂੰ ਕੁਦਰਤ ਦੀ ਸਵੈ ਉਤਪਤੀ ਕਹਿਣ ਤੋਂ ਬਾਅਦ ਆਪ ਸਤਾਰਵੀਂ ਪਾਉੜੀ 'ਚ ਇਸ ਬੇਅੰਤਤਾ ਦੇ ਹੋਰ ਹਿੱਸਿਆਂ ਅਤੇ ਉਦਾਹਰਣਾਂ ਵਜੋਂ ਅਸੰਖ ਜਪਾਂ, ਤਪਾਂ, ਪੂਜਾ-ਪਾਠਾਂ, ਜੋਗਾਂ, ਮੌਨਾਂ, ਗਿਆਨ, ਧਿਆਨ, ਵਿਚਾਰਾਂ ਆਦਿ ਸਰਗਰਮੀਆਂ ਦੇ ਨਾਲ-ਨਾਲ ਅਸੰਖ ਭਗਤਾਂ, ਪ੍ਰੇਮੀਆਂ, ਉਦਾਸੀਆਂ, ਦਾਨੀਆਂ, ਧਿਆਨੀਆਂ, ਸੂਰਬੀਰਾਂ ਆਦਿ ਦੀ ਗੱਲ ਕਰਦੇ ਹਨ:
ਅਸੰਖ ਜਪ ਅਸੰਖ ਭਾਉ।। ਅਸੰਖ ਪੂਜਾ ਅਸੰਖ ਤਪ ਤਾਉ।।
ਅਸੰਖ ਗਰੰਥ ਮੁਖਿ ਵੇਦ ਪਾਠ।। ਅਸੰਖ ਜੋਗ ਮਨਿ ਰਹਹਿ ਉਦਾਸ।।
ਅਸੰਖ ਭਗਤ ਗੁਣ ਗਿਆਨ ਵੀਚਾਰ।। ਅਸੰਖ ਸਤੀ ਅਸੰਖ ਦਾਤਾਰ।।
ਅਸੰਖ ਸੂਰ ਮੁਹ ਭਖ ਸਾਰ।। ਅਸੰਖ ਮੋਨਿ ਲਿਵ ਲਾਇ ਤਾਰ।।
ਕੁਦਰਤਿ ਕਵਣ ਕਹਾ ਵੀਚਾਰੁ।। ਵਾਰਿਆ ਨ ਜਾਵਾ ਏਕ ਵਾਰ।।(3, ਜਪੁ, ਮ.1)
ਗੁਰੂ ਸਾਹਿਬ ਦਾ ਧਿਆਨ ਇਸ ਅਨੰਤਤਾ ਜਾਂ ਵਿਸ਼ਾਲਤਾ ਦੇ ਦੂਸਰੇ ਪੱਖ ਵੱਲ ਵੀ ਜਾਂਦਾ ਹੈ। ਅਠਾਰ੍ਹਵੀਂ ਪਾਉੜੀ ਮੁਤਾਬਕ ਉਪਰੋਕਤ ਸਾਰਿਆਂ ਦੇ ਨਾਲ ਨਾਲ ਅਸੰਖ ਮੂਰਖ, ਚੋਰ, ਹਰਾਮਖੋਰ, ਜਾਬਰ, ਜ਼ਾਲਮ, ਕਾਤਲ, ਪਾਪੀ, ਝੂਠੇ, ਨਿੰਦਕ, ਮਲੇਛ ਆਦਿ ਵੀ ਤਾਂ ਕੁਦਰਤ ਦੀ ਬੇਅੰਤਤਾ ਦਾ ਹੀ ਹਿੱਸਾ ਹਨ, ਜਿਨ੍ਹਾਂ ਨੂੰ ਨੈਤਿਕਤਾ ਦੇ ਹਿਸਾਬ ਨਾਲ ਅਸੀਂ ਨੀਚ ਜਾਂ ਬੁਰੇ ਵਿਚਾਰਦੇ ਜਾਂ ਖਿਆਲ ਕਰਦੇ ਹਾਂ:
ਅਸੰਖ ਮੂਰਖ ਅੰਧ ਘੋਰ।।ਅਸੰਖ ਚੋਰ ਹਰਾਮਖੋਰ।।ਅਸੰਖ ਅਮਰ ਕਰਿ ਜਾਹਿ ਜੋਰ।।
ਅਸੰਖ ਗਲਵਢ ਹਤਿਆ ਕਮਾਹਿ।। ਅਸੰਖ ਪਾਪੀ ਪਾਪੁ ਕਰਿ ਜਾਹਿ।।
ਅਸੰਖ ਕੂੜਿਆਰ ਕੂੜੇ ਫਿਰਾਹਿ।। ਅਸੰਖ ਮਲੇਛ ਮਲੁ ਭਖਿ ਖਾਹਿ।।
ਅਸੰਖ ਨਿੰਦਕ ਸਿਰਿ ਕਰਹਿ ਭਾਰੁ।। ਨਾਨਕੁ ਨੀਚੁ ਕਹੈ ਵੀਚਾਰੁ।।(4, ਜਪੁ, ਮ.1)
ਉਨ੍ਹੀਵੀਂ ਪਾਉੜੀ 'ਚ ਸਭ ਕਾਸੇ ਨੂੰ ਕੁਦਰਤਿ ਕਹਿ ਕੇ ਪਾਉੜੀ ਨੂੰ ਸਮਾਪਤ ਕਰਦੇ ਹੋਏ ਗੁਰੂ ਸਾਹਿਬ ਆਖਦੇ ਹਨ ਕਿ ਸ੍ਰਿਸ਼ਟੀ ਦਾ ਸਾਰਾ ਕੁਝ ਨਾਮ ਤੋਂ ਪੈਦਾ ਹੋਇਆ ਹੈ ਅਤੇ ਕੋਈ ਥਾਂ ਨਾਮ ਤੋਂ ਬਾਹਰਾ ਨਹੀਂ ਹੈ:
ਜੇਤਾ ਕੀਤਾ ਤੇਤਾ ਨਾਉ।। ਵਿਣੁ ਨਾਵੈ ਨਾਹੀ ਕੋ ਥਾਉ।।
ਕੁਦਰਤਿ ਕਵਣ ਕਹਾ ਵੀਚਾਰੁ।।ਵਾਰਿਆ ਨ ਜਾਵਾ ਏਕ ਵਾਰ।।
ਜੋ ਤੁਧੁ ਭਾਵੈ ਸਾਈ ਭਲੀ ਕਾਰ।।ਤੂ ਸਦਾ ਸਲਾਮਤਿ ਨਿਰੰਕਾਰ।। (4, ਜਪੁ, ਮ.1)
ਗੁਰੂ ਨਾਨਕ ਦੇ ਸ਼ਬਦਾਂ 'ਚ ਕੁਦਰਤ ਸਮੁੱਚੀ ਸ੍ਰਿਸ਼ਟੀ, ਇਸ ਦੇ ਸਾਰੇ ਅੰਗਾਂ, ਰੰਗਾਂ, ਢੰਗਾਂ, ਜੀਵਾਂ, ਧਰਤੀਆਂ, ਅਸਮਾਨਾਂ, ਵਰਤਾਰਿਆਂ, ਸਰਗਰਮੀਆਂ, ਅਨੁਭਵਾਂ, ਵਿਚਾਰਾਂ ਆਦਿ ਦੇ ਏਕਾਕ੍ਰਿਤ ਸਮੁੱਚ ਨਾਲ ਨਾਲ ਇਸ ਦੀ ਸਵੈ ਸਥਾਪਤ ਅਤੇ ਸਵੈ ਸੰਚਾਲਤ ਰਚਨਾਤਮਿਕ ਸ਼ਕਤੀ ਨੂੰ ਕਿਹਾ ਗਿਆ ਹੈ:
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ।।
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ।।
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵਿਚਾਰੁ।।
ਕੁਦਰਤਿ ਖਾਣਾ ਪੀਣਾ ਪੈਨ੍ਹਣੁ ਕੁਦਰਤਿ ਸਰਬ ਪਿਆਰੁ।।
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ।।
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ।।
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ।।
ਸਭ ਤੇਰੀ ਕੁਦਰਤਿ ਤੂ ਕਾਦਿਰੁ ਕਰਤਾ ਪਾਕੀ ਨਾਈ ਪਾਕਿ।।
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ।।(464, ਆਸਾ ਮ.1)
ਹਊਮੈ ਕਾਰਨ ਕੁਦਰਤ ਦਾ ਇਹ ਸਾਰਾ ਕੁਝ ਸਾਨੂੰ ਵੱਖਰਾ ਵੱਖਰਾ ਜਾਂ ਵੰਡਿਆ ਹੋਇਆ ਲਗਦਾ ਹੈ। ਨਾਮ ਨਾਲ ਇਹ ਸਾਰਾ ਕੁਝ ਏਕਤਾਮਈ ਸਹਿਹੋਂਦ ਵਿਚ ਬੱਝਾ ਹੋਣ ਦਾ ਅਹਿਸਾਸ ਹੁੰਦਾ ਹੈ। ਸ਼ਬਦ ਦੁਆਰਾ ਨਾਮ ਦੀ ਸਮਝ ਨਾਲ ਕੁਦਰਤ ਜਾਂ ਸ੍ਰਿਸ਼ਟੀ ਦੀ ਹੁਕਮ ਵਿਚ ਬੱਝੀ ਹੋਈ ਸਮੁੱਚੀ ਅਪਰਅਪਾਰਤਾ ਦੀ ਸੋਝੀ ਹੁੰਦੀ ਹੈ:
ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ।।
ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ।। (581, ਵਡਹੰਸ ਮ.1)
ਕੁਦਰਤਿ ਦੇਖਿ ਰਹੇ ਮਨੁ ਮਾਨਿਆ।।ਗੁਰ ਸਬਦੀ ਸਭੁ ਬ੍ਰਹਮੁ ਪਛਾਨਿਆ।।
ਨਾਨਕ ਆਤਮ ਰਾਮੁ ਸਬਾਇਆ ਗੁਰ ਸਤਿਗੁਰ ਅਲਖੁ ਲਖਾਇਆ।। (1043, ਮਾਰੂ ਮ.1)
ਇਸ ਕੁਦਰਤ ਭਾਵ ਸ੍ਰਿਸ਼ਟੀ ਦੀ ਰਚਨਾ ਜਾਂ ਆਰੰਭਤਾ ਬਾਰੇ ਗੁਰੂ ਨਾਨਕ ਦਾ ਕਹਿਣਾ ਹੈ :
ਸੁੰਨ ਕਲਾ ਅਪਰੰਪਰਿ ਧਾਰੀ।।ਆਪਿ ਨਿਰਾਲਮੁ ਅਪਰ ਅਪਾਰੀ।।
ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ।। (1037, ਮਾਰੂ ਮ.1)
ਸ੍ਰਿਸ਼ਟੀ ਦੀ ਉਤਪਤੀ ਤੋਂ ਬਾਅਦ ਧਰਤੀ ਉਪਰ ਜੀਵਨ ਦੇ ਰੌਣਕ ਮੇਲੇ ਦੀ ਆਰੰਭਤਾ, ਵਿਕਾਸ ਅਤੇ ਇਸ ਦੀ ਇਕਮਿਕਤਾ ਭਰੀ ਇਕਸੁਰਤਾ ਬਾਰੇ ਬਾਬੇ ਦਾ ਕਥਨ ਹੈ:
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।। ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ।। (19, ਸਿਰੀਰਾਗੁ ਮ.1)
ਪੰਦਰਵੀਂ ਸਦੀ ਦੇ ਅੰਤ ਅਤੇ ਸੋਹਲਵੀਂ ਸਦੀ ਦੇ ਆਰੰਭ 'ਚ ਜਦੋਂ ਪੱਛਮ 'ਚ ਕੁਦਰਤ ਦੇ ਵਰਤਾਰਿਆਂ ਤੇ ਭੇਦਾਂ ਨੂੰ ਜਾਨਣ ਲਈ 'ਵਿਗਿਆਨਕ ਢੰਗ' ਅਪਣਾਏ ਜਾਣ ਲੱਗੇ ਸਨ, ਥਿਊਰੀ ਨੂੰ ਨਾਲੋ-ਨਾਲ ਪ੍ਰਯੋਗਸ਼ਾਲਾ ਦੇ ਤਜ਼ਰਬੇ ਦੀ ਕਸਵੱਟੀ ਤੇ ਪਰਖਿਆ ਜਾਣ ਲੱਗਾ ਸੀ, ਨਤੀਜੇ ਗਣਿਤ ਦੀ ਸਹਾਇਤਾ ਨਾਲ ਸੂਤਰਬੱਧ ਕੀਤੇ ਜਾਣ ਲੱਗੇ ਸਨ ਉਹ ਸਮੇਂ ਗੁਰੂ ਨਾਨਕ ਸਾਹਿਬ ਪੂਰਬ ਦੀ ਧਰਤੀ ਨੂੰ ਪੈਰੀਂ ਗਾਹੁੰਦੇ ਹੋਏ ਕੁਦਰਤ ਦੀ ਸੁੰਦਰਤਾ, ਬੇਅੰਤਤਾ, ਗਤੀਸ਼ੀਲਤਾ, ਸਜੀਵਤਾ, ਸਵੈ-ਸੰਚਾਲਕਤਾ ਅਤੇ ਵੰਨ-ਸੁਵੰਤਾ ਦੀ ਅੰਤਰੀਵ ਏਕਤਾ ਨੂੰ ਗਾ ਰਹੇ ਸਨ:
ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ।। ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ।।(18, ਸਿਰੀਰਾਗੁ ਮ.1)
ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋ।। ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋ।।(25, ਸਿਰੀਰਾਗੁ ਮ.1)
ਕੁਦਰਤਿ ਕਰਿ ਕੈ ਵਸਿਆ ਸੋਇ।। ਵਖਤੁ ਵੀਚਾਰੇ ਸੁ ਬੰਦਾ ਹੋਇ।।
ਕੁਦਰਤਿ ਹੈ ਕੀਮਤਿ ਨਹੀ ਪਾਇ।।ਜਾ ਕੀਮਤਿ ਪਾਇ ਤ ਕਹੀ ਨ ਜਾਇ।। (84, ਸਿਰੀਰਾਗੁ ਮ.1)
ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ।।ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ।।
ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ।। ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ।। (580, ਵਡਹੰਸੁ ਦਖਣੀ ਮ.1)
ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ।।
ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ।।(596, ਸੋਰਠਿ ਮ.6)
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ।।
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।।(663, ਧਨਾ. ਮ.1)
ਆਪੇ ਭਵਰਾ ਫੂਲ ਬੇਲਿ।।ਆਪੇ ਸੰਗਤਿ ਮੀਤ ਮੇਲਿ।।
ਐਸੀ ਭਵਰਾ ਬਾਸੁ ਲੇ।।ਤਰਵਰ ਫੂਲੇ ਬਨ ਹਰੇ।।(1190, ਬਸੰਤੁ ਮ.1)
ਜਦ ਸਤਾਰਵੀਂ ਸਦੀ ਦੇ ਆਰੰਭ ਵਿਚ ਪੱਛਮ ਦੇ ਵਿਗਿਆਨ ਨੇ ਮਾਦੇ (ਪਦਾਰਥ), ਊਰਜਾ ਅਤੇ ਜਾਨ (ਪ੍ਰਾਣ) ਨੂੰ ਇੱਕ ਦੂਸਰੇ ਤੋਂ ਪੂਰੀ ਤਰ੍ਹਾਂ ਨਿਖੇੜ ਕੇ ਪੇਸ਼ ਕਰਨਾ ਸ਼ੁਰੂ ਕੀਤਾ ਤਾਂ ਕਾਰਟੇਜ਼ਨੀ ਨਿਖੇੜ ਕਾਰਨ ਸਭ ਚੀਜ਼ਾਂ ਬੇਜਾਨ ਅਤੇ ਵਿਯੋਗਿਤ ਨਜ਼ਰ ਆਉਣੀਆਂ ਸ਼ੁਰੂ ਹੋਣ ਲੱਗੀਆਂ। ਇਸ ਪੱਛਮੀ ਜਾਂ ਵਿਗਿਆਨਕ ਦ੍ਰਿਸ਼ਟੀ ਨੇ ਕੁਦਰਤ (ਸ੍ਰਿਸ਼ਟੀ) ਦੀ ਹਰ ਰਚਨਾ ਨੂੰ ਇਕ ਬੇਜਾਨ ਵਸਤੂ ਜਾਂ ਗਣਿਤ ਦੇ ਇਕ ਸੁਤੰਤਰ ਅੰਕ ਵਾਂਗ ਤਸੱਵਰ ਕਰਨਾ ਸ਼ੁਰੂ ਕੀਤਾ ਅਤੇ ਪੂਰੀ ਸ੍ਰਿਸ਼ਟੀ ਨੂੰ ਇਹਨਾਂ ਵਸਤਾਂ / ਅੰਕਾਂ ਦਾ ਜੋੜ। ਅਜਿਹੀ ਮਕਾਨਕੀ ਸਮਝ ਹੀ ਸਤਾਰ੍ਹਵੀਂ ਸਦੀ ਦੇ ਅੱਧ ਵਿਚ ਨਿਊਟਨ ਦੀ ਕਲਾਸੀਕਲ ਮਕੈਨਿਕਸ ਦਾ ਅਧਾਰ ਬਣੀ। ਇਸ ਸਤਾਰਵੀਂ ਸਦੀ ਦੇ ਆਰੰਭ ਵਿਚ ਹੀ ਇਧਰ ਗੁਰੂ ਨਾਨਕ ਦੀ ਬਾਣੀ ਉਹਨਾਂ ਦੇ ਲੜੀਵਾਰ ਚਾਰ ਉਤਰਾਧਿਕਾਰੀ “ਨਾਨਕ ਸਾਇਰਾਂ“ ਅਤੇ ਹੋਰ ਭਗਤਾਂ ਮਹਾਂਪੁਰਖਾਂ ਦੀ ਬਾਣੀ ਸਮੇਤ ਆਦਿ ਸ਼੍ਰੀ ਗਰੰਥ ਸਹਿਬ ਦੇ ਰੂਪ ਵਿਚ ਸੰਪਾਦਤ ਹੋ ਰਹੀ ਸੀ। ਇਸ ਬਾਣੀ ਰਾਹੀਂ ਕੁਦਰਤ ਦੀ ਮਹਾਨਤਾ, ਵਿਸ਼ਾਲਤਾ, ਪਾਲਣਹਾਰਤਾ, ਇਕਮਿਕਤਾ ਅਤੇ ਇਕਸੁਰਤਾ ਪ੍ਰਤੀ ਬਲਿਹਾਰਤਾ ਦੇ ਸੁਰ ਛਿੜੇ। ਕੁਦਰਤ ਨੂੰ ਕਰਤੇ ਦੀ ਖੇਡ ਮੰਨਿਆਂ ਅਤੇ ਇਸ ਨੂੰ ਕਰਤੇ ਦਾ ਹੁਕਮ, ਕਰਤੇ ਦਾ ਪ੍ਰਗਟਾਅ ਅਤੇ ਕਰਤੇ ਦਾ ਆਪਾ ਵੀ ਕਿਹਾ ਗਿਆ:
ਤੁਧੁ ਸੰਸਾਰੁ ਉਪਾਇਆ।। ਸਿਰੇ ਸਿਰਿ ਧੰਧੇ ਲਾਇਆ।।
ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ।।(71, ਸਿਰੀਰਾਗ ਮ.1)
ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ।।
ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰ।।(143, ਮਾਝ ਮ.1)
ਕਹਣਾ ਹੈ ਕਿਛੁ ਕਹਣੁ ਨ ਜਾਇ।।
ਤਉ ਕੁਦਰਤਿ ਕੀਮਤਿ ਨਹੀ ਪਾਇ।। (151, ਗਉੜੀ ਮ.1)
ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ।।
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ।।(463, ਆਸਾ ਮ.1)
ਸਚੀ ਤੇਰੀ ਸਿਫਤਿ ਸਚੀ ਸਾਲਾਹ।।
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ।।(463, ਆਸਾ ਮ.1)
ਜੋ ਦੀਸੈ ਸੋ ਆਪੇ ਆਪਿ।।
ਆਪਿ ਉਪਾਇ ਆਪੇ ਘਟ ਥਾਪਿ।।(931, ਰਾਮਕਲੀ ਦਖਣੀ ਮ.1)
ਆਪੇ ਕੁਦਰਤਿ ਕਰੇ ਸਾਜਿ।। ਸਚੁ ਆਪਿ ਨਿਬੇੜੇ ਰਾਜੁ ਰਾਜਿ।। (1170, ਬਸੰਤੁ ਮ.1)
ਨਿਊਟਨ ਵਲੋਂ ਬ੍ਰਹਿਮੰਡੀ ਪਿੰਡਾਂ ਦੀ ਉਤਪਤੀ ਸਬੰਧੀ ਦਿੱਤੇ ਵਿਚਾਰ ਤੋਂ ਮਗਰੋਂ ਬ੍ਰਹਿਮੰਡ ਨੂੰ ਅਟੱਲ ਅਤੇ ਅਚੱਲ ਸਪੇਸ ਵਜੋਂ ਤਸਲੀਮ ਕੀਤਾ ਜਾਣ ਲੱਗਾ। ਹਰ ਕੁਦਰਤੀ ਤਬਦੀਲੀ ਨੂੰ ਕੇਵਲ ਕਿਸੇ ਬਾਹਰੀ ਸ਼ਕਤੀ ਦਾ ਨਤੀਜਾ ਸਮਝਿਆ ਜਾਣ ਲੱਗਾ ਅਤੇ ਪ੍ਰਮਾਤਮਾਂ ਨੂੰ ਵੀ ਕੁਦਰਤੀ ਨਿਯਮਾਂ ਦੀ ਪਾਲਣਾ ਕਰਵਾਉਣ ਵਾਲੀ ਇਕ ਬਾਹਰੀ ਸ਼ਕਤੀ ਹੀ ਆਖਿਆ ਜਾਣ ਲੱਗਾ ਭਾਵ ਕਰਤੇ ਅਤੇ ਕਾਰਜ ਨੂੰ ਵੱਖਰਾ ਵੱਖਰਾ ਮੰਨਿਆਂ ਗਿਆ। ਮਾਦੇ ਨੂੰ ਅਮਰ ਸਮਝਿਆ ਗਿਆ। ਅਜਿਹੀ ਵਿਸ਼ਵ ਦ੍ਰਿਸ਼ਟੀ ਦਾ ਕੇਵਲ ਵਿਗਿਆਨ ਦੇ ਖੇਤਰ ਵਿਚ ਹੀ ਬੋਲ ਬਾਲਾ ਨਹੀਂ ਹੋਇਆ ਸਗੋਂ ਇਸ ਨੇ ਬੜੀ ਤੇਜ਼ੀ ਨਾਲ ਮਨੁੱਖੀ ਵਿਹਾਰ ਅਤੇ ਸੱਭਿਆਚਾਰ ਨੂੰ ਆਪਣੇ ਅਮਰ ਵੇਲੀ ਪ੍ਰਭਾਵ ਹੇਠ ਲਿਆਉਣਾ ਸ਼ੁਰੂ ਕਰ ਦਿੱਤਾ। ਸਭ ਕਾਸੇ ਨੂੰ ਖੰਡ-ਖੰਡ ਕਰਕੇ ਸਮਝਿਆ ਜਾਣ ਲੱਗਾ। ਸਰੀਰ ਨੂੰ ਵੀ ਇਕ ਇਕਾਈ ਦੀ ਥਾਂ ਵੱਖ ਵੱਖ ਅੰਗਾਂ ਦੇ ਜੋੜ ਵਜੋਂ ਦੇਖਿਆ ਜਾਣ ਲੱਗਾ। ਕਾਰਟੇਜ਼ਨੀ ਨਿਖੇੜਵਾਦ ਅਤੇ ਮਕਾਨਕੀ ਵਿਸ਼ਵ ਦ੍ਰਿਸ਼ਟੀ ਕਾਰਨ ਮਨੁੱਖ ਤਕਨੀਕੀ ਅਤੇ ਸਨਅਤੀ ਤਰੱਕੀ ਦੇ ਰਸਤੇ ਤੇ ਤਾਂ ਬੜੀ ਤੇਜ਼ੀ ਨਾਲ ਦੌੜਨ ਲੱਗਾ, ਪਰ ਕੁਦਰਤ, ਵਾਤਾਵਰਣ, ਦੂਸਰੇ ਮਨੁੱਖਾਂ ਅਤੇ ਦੂਸਰੇ ਜੀਵਾਂ ਨਾਲ ਇਸ ਦੇ ਸਬੰਧਾਂ ਵਿਚ ਖਤਰਨਾਕ ਵਿਗਾੜ ਪੈਦਾ ਹੋ ਗਿਆ। ਮਨੁੱਖ ਲਈ 'ਮੈਂ', 'ਕੁਦਰਤ' ਅਤੇ 'ਰੱਬ' ਪੂਰੀ ਤਰ੍ਹਾਂ ਅਲਹਿਦਾ ਅਲਹਿਦਾ ਗੱਲਾਂ ਹੋ ਗਈਆਂ। ਮਨੁੱਖੀ ਭਾਈਚਾਰਾ ਨਸਲਾਂ, ਕੌਮਾਂ, ਫਿਰਕਿਆਂ ਆਦਿ ਦੀ ਪਹਿਲਾਂ ਨਾਲੋਂ ਵਧੇਰੇ ਕੱਟੜ ਵੰਡ ਦਾ ਸ਼ਿਕਾਰ ਹੋਇਆ। ਕੁਦਰਤ, ਧਰਤੀ, ਹਵਾ, ਪਾਣੀ ਬੇਜਾਨ ਚੀਜ਼ਾਂ ਸਮਝੀਆਂ ਜਾਣ ਲੱਗੀਆਂ। ਮਨੁੱਖ ਆਪਣੇ ਆਪ ਨੂੰ ਸ੍ਰਿਸ਼ਟੀ ਦਾ ਇਕ ਛੋਟਾ ਜਿਹਾ ਅੰਗ ਸਮਝਣ ਦੀ ਬਜਾਏ ਇਸ ਦਾ ਮਾਲਕ ਸਮਝਣ ਲੱਗਾ। ਇਹ ਧਰਤੀ ਦਾ ਪੁੱਤਰ ਨਾ ਰਿਹਾ ਸਗੋਂ ਹੁਕਮਰਾਨ ਬਣ ਗਿਆ। ਕੁਦਰਤੀ ਸਾਧਨਾਂ ਅਤੇ ਸਰੋਤਾਂ ਦੀ ਲੁੱਟ ਅਤੇ ਸ਼ੋਸ਼ਣ ਦੀ ਅੰਨ੍ਹੀਂ ਹੋੜ ਲੱਗੀ। ਕਲਿਆਣ ਅਤੇ ਆਨੰਦ ਦੀ ਬਜਾਏ ਮੁਨਾਫ਼ਾ ਮਨੁੱਖੀ ਸਰਗਰਮੀ ਦਾ ਲਾਜ਼ਮੀ ਅੰਗ ਬਣ ਗਿਆ।
ਜਸਵੰਤ ਸਿੰਘ ਜ਼ਫਰ
9646118209
ਗੁਰੂ ਨਾਨਕ ਨਾਲ ਚੱਲਦਿਆਂ

ਅੱਜ ਇਨ੍ਹਾਂ ਰਾਸ਼ੀਆਂ ਵਾਲਿਆਂ ਦਾ ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਵਾਲਾ
NEXT STORY