ਭਾਰਤ ਇਕ ਅਜਿਹਾ ਦੇਸ਼ ਹੈ, ਜਿੱਖੇ ਮਨੁੱਖਤਾ ਦੀ ਭਲਾਈ ਲਈ ਸਮੇਂ-ਸਮੇਂ ’ਤੇ ਅਧਿਆਤਮਿਕਵਾਦੀ ਮਹਾਪੁਰਸ਼ਾਂ ਨੇ ਪ੍ਰਗਟ ਹੋ ਕੇ ਪੂਰੇ ਵਿਸ਼ਵ ਵਿੱਚ ਆਪਣੀ ਵਿਚਾਰਧਾਰਾ ਨੂੰ ਪ੍ਰਗਟ ਕੀਤਾ ਹੈ। ਇਨ੍ਹਾਂ ਮਹਾਨ ਆਤਮਾਵਾਂ ਦੀ ਕਤਾਰ ’ਚ ਪਰਉਪਕਾਰੀ ਭਗਵਾਨ ਵਾਲਮੀਕਿ ਜੀ ਦਾ ਨਾਂ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਾਰਿਆਂਲਈ ਪ੍ਰੇਰਣਾ ਦਾ ਸਰੋਤ ਹਨ।
ਉਹ ਮਹਾਨ ਗੁਰੂ , ਸੰਸਕ੍ਰਿਤ ਭਾਸ਼ਾ ਦੇ ਵਿਦਵਾਨ, ਸੰਗੀਤ, ਸਿੱਖਿਆ, ਉੱਤਮ ਕਵੀ ਅਤੇ ਸਸ਼ਤਰ ਵਿੱਦਿਆ ਦੇ ਮਹਾਨ ਨਾਇਕ ਹਨ। ਭਗਵਾਨ ਵਾਲਮੀਕਿ ਜੀ ਨੇ ਆਪਣੇ ਮਹਾਨ ਕਾਵਿ ਦੀ ਰਚਨਾ ਕਰ ਕੇ ਭਾਰਤੀ ਦਰਸ਼ਨ ਦਾ ਮੁੱਢ ਬੰਨ੍ਹਿਆ, ਜਿਸ 'ਚ ਉਨ੍ਹਾਂ ਨੇ ਰੂਹਾਨੀਅਤ ਦਾ ਮਾਰਗ ਦੱਸ ਕੇ ਸਮੁੱਚੀ ਮਨੁੱਖਤਾ ਨੂੰ ਸਮਾਜ ਭਲਾਈ ਕਾਰਜ ਕਰਦਿਆਂ ਆਪਣੀ ਆਨੰਦਮਈ ਜ਼ਿੰਦਗੀ ਜਿਊਣ ਦਾ ਢੰਗ ਦੱਸਿਆ। ਗਿਆਨ ਦੇ ਸਾਗਰ ਭਗਵਾਨ ਵਾਲਮੀਕਿ ਜੀ ਨੇ ਮਹਾਨ ਗ੍ਰੰਥ ਯੋਗ ਵਸ਼ਿਸ਼ਠ ਦੀ ਰਚਨਾ ਕੀਤੀ, ਜੋ ਦੁਨੀਆ ਦਾ ਸਭ ਤੋਂ ਪਹਿਲਾ ਕਾਵਿ ਵਿਆਕਰਣ, ਕਾਵਿ ਸ਼ਾਸਤਰ, ਕਾਵਿ ਸ਼ੈਲੀ ਅਤੇ ਕਾਵਿਕ ਸੁਰਬੱਧਤਾ ਦਾ ਸੰਪੂਰਨ ਗਿਆਨ ਦਾ ਭੰਡਾਰ ਹੈ।
ਭਗਵਾਨ ਵਾਲਮੀਕਿ ਜੀ ਦੀ ਵਿਚਾਰਧਾਰਾ ਵਿੱਚ ਉੱਚ ਦਰਜੇ ਦੇ ਗਹਿਰ-ਗੰਭੀਰ ਸਿਧਾਂਤ ਅਤੇ ਉਪਦੇਸ਼ ਉਪਲਬਧ ਹਨ। ਜੋ ਮਨੁੱਖਤਾ ਲਈ ਅਧਿਆਤਮਿਕ, ਸਮਾਜਿਕ ਆਰਥਿਕ ਅਤੇ ਰਾਜਨੀਤਕ ਜੀਵਨ ਲਈ ਚਾਨਣ-ਮੁਨਾਰਾ ਹਨ।ਰਾਮਾਇਣ 'ਚ ਭਗਵਾਨ ਵਾਲਮੀਕਿ ਜੀ ਦੇ ਕਰਮ ਸਬੰਧੀ ਆਸਾਨੀ ਨਾਲ ਸਮਝ ਆਉਣ ਵਾਲੇ ਸਿਧਾਂਤ ਪੇਸ਼ ਕਰਦਿਆਂ ਕਿਹਾ ਕਿ ਜੋ ਮਨੁੱਖ ਦਿੱਤੇ ਗਏ ਕੰਮ ਨੂੰ ਪੂਰਾ ਕਰ ਕੇ ਉਸ ਦੇ ਅਨੁਸਾਰ ਦੂਸਰੇ ਕੰਮ ਨੂੰ ਵੀ ਖੁਦ ਪੂਰਾ ਕਰ ਲੈਂਦਾ ਹੈ, ਉਸ ਨੂੰ ਉੱਤਮ ਮੰਨਿਆ ਜਾਂਦਾ ਹੈ। ਭਗਵਾਨ ਵਾਲਮੀਕਿ ਜੀ ਦੀ ਵਿਚਾਰਧਾਰਾ ਅਨੁਸਾਰ ਮਾਤਭੂਮੀ ਇਕ ਮਹੱਤਵਪੂਰਨ ਸਥਾਨ ਹੈ, ਉਨ੍ਹਾਂ ਦੀਆਂ ਨਜ਼ਰਾਂ ’ਚ ਮਾਤਭੂਮੀ ਸਵਰਗ ਨਾਲੋਂ ਵੀ ਉੱਚੀ ਹੁੰਦੀ ਹੈ। ਭਗਵਾਨ ਵਾਲਮੀਕਿ ਮਹਾਰਾਜ ਜੀ ਨੇ ਧਰਮ, ਅਰਥ ਅਤੇ ਕਰਮ ਇਨ੍ਹਾਂ ਤਿੰਨਾਂ ’ਚੋਂ ਧਰਮ ਨੂੰ ਸਰਵਉੱਚ ਮੰਨਿਆ ਹੈ।
ਉਨ੍ਹਾਂ ਅਨੁਸਾਰ ਜਿਹੜਾ ਵਿਅਕਤੀ ਆਪਣੇ ਫਰਜ਼ ਸੁਚੱਜੇ ਢੰਗ ਨਾਲ ਪੂਰੇ ਕਰਦਾ ਹੈ। ਅਸਲ 'ਚ ਉਹ ਆਪਣੇ ਧਰਮ ਦੀ ਹੀ ਪਾਲਣਾ ਕਰਦਾ ਹੈ। ਭਗਵਾਨ ਵਾਲਮੀਕਿ ਜੀ ਨੇ ਸੰਸਕ੍ਰਿਤੀ ਤੋਂ ਇਲਾਵਾ ਹੋਰ ਭਾਸ਼ਾਵਾਂ ਦਾ ਡੂੰਘਾ ਅਧਿਐੱਨ ਕੀਤਾ। ਭਗਵਾਨ ਵਾਲਮੀਕਿ ਜੀ ਨੇ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਲਈ ਕਾਨਪੁਰ ਗੰਗਾ ਤਟ 'ਤੇ, ਤਮਸਾ ਨਦੀ ਦੇ ਤੱਟ 'ਤੇ ਅਨੇਕਾਂ ਸਿੱਖਿਆ ਕੇਂਦਰ ਖੋਲ੍ਹੇ, ਜਿਥੇ ਅਨੇਕਾਂ ਸ਼ਰਧਾਲੂਆਂ ਨੇ ਵਿੱਦਿਆ ਪ੍ਰਾਪਤ ਕੀਤੀ। ਇਤਿਹਾਸ ਗਵਾਹ ਹੈ ਭਗਵਾਨ ਵਾਲਮੀਕਿ ਜੀ ਇਸਤਰੀ ਜਾਤੀ ਦੇ ਰੱਖਿਅਕ ਬਣ ਕੇ ਵੀ ਅੱਗੇ ਆਏ। ਵਾਲਮੀਕਿ ਜੀ ਨੇ ਮਾਤਾ ਸੀਤਾ ਨੂੰ ਆਪਣੇ ਆਸ਼ਰਮ ਵਿੱਚ ਸ਼ਰਨ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਉਨ੍ਹਾਂ ਦੇ ਹੀ ਆਸ਼ਰਮ ਵਿਚ ਸ੍ਰੀ ਰਾਮਚੰਦਰ ਜੀ ਦੇ ਪੁੱਤਰਾਂ ਲਵ ਤੇ ਕੁਸ਼ ਦਾ ਜਨਮ ਹੋਇਆ ਅਤੇ ਸਤਿਗੁਰੂ ਵਾਲਮੀਕਿ ਜੀ ਕੋਲੋਂ ਉਨ੍ਹਾਂ ਨੇ ਸ਼ਸਤਰ ਵਿੱਦਿਆ ਹਾਸਲ ਕੀਤੀ।
ਮਹਿੰਦਰ ਸੰਧੂ ‘ਮਹੇੜੂ’
ਜੀਵਨ ਦੀ ਹਰ ਪ੍ਰੇਸ਼ਾਨੀ ਤੋਂ ਮੁਕਤੀ ਪਾਉਣ ਲਈ ਸ਼੍ਰੀ ਗਣੇਸ਼ ਜੀ ਦੇ ਇਨ੍ਹਾਂ ਮੰਤਰਾਂ ਦਾ ਜਾਪ
NEXT STORY