ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - 40 ਮੁਕਤਿਆ ਦੀ ਯਾਦ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਛੂਹ ਪ੍ਰਾਪਤ ਮਾਲਵੇ ਦੀ ਇਤਿਹਾਸਕ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਪਹਿਲੀ ਮਾਘ 14 ਜਨਵਰੀ ਨੂੰ ਭਾਰੀ ਜੋੜ ਮੇਲਾ ਲੱਗ ਰਿਹਾ ਹੈ। ਇਸ ਮੌਕੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਗੇ ਅਤੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਨਗੇ। ਇਸ ਮੌਕੇ ਬਾਹਰੋ ਆਉਣ ਵਾਲੀਆਂ ਲੱਖਾਂ ਸੰਗਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
13 ਜਨਵਰੀ ਦੀ ਸ਼ਾਮ ਨੂੰ ਸਮਾਗਮ ਸ਼ੁਰੂ ਹੋਣਗੇ
ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ 13 ਜਨਵਰੀ ਦੀ ਸ਼ਾਮ ਨੂੰ ਰਹਿਰਾਸ ਦੀ ਸਮਾਪਤੀ ਤੋਂ ਬਾਅਦ ਧਾਰਮਿਕ ਦੀਵਾਨ ਸਜਾਏ ਜਾਣਗੇ, ਜੋ 14 ਜਨਵਰੀ ਤੱਕ ਚੱਲਣਗੇ। ਇਸ ਮੌਕੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਹੋਣ ਵਾਲੇ ਧਾਰਮਕ ਸਮਾਗਮਾਂ 'ਚ ਢਾਡੀ ਜਥੇ, ਕਵਿਸ਼ਰੀ ਜਥੇ ਆਦਿ ਪਹੁੰਚ ਰਹੇ ਹਨ, ਜੋ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।
14 ਜਨਵਰੀ ਨੂੰ ਪਾਏ ਜਾਣਗੇ ਭੋਗ
ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ 12 ਜਨਵਰੀ ਨੂੰ ਆਰੰਭ ਕੀਤੇ ਜਾ ਰਹੇ ਹਨ, ਜਿਸ ਦੇ ਭੋਗ 14 ਜਨਵਰੀ ਨੂੰ ਸਵੇਰੇ 6 ਵਜੇ ਪਾਏ ਜਾਣਗੇ। 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਸਮਾਗਮ ਹੋਵੇਗਾ। ਗੁਰਦੁਆਰਾ ਤੰਬੂ ਸਾਹਿਬ ਵਿਖੇ 15 ਜਨਵਰੀ ਨੂੰ ਸਵੇਰੇ 11 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਉਸ ਦਿਨ ਅੰਮ੍ਰਿਤ ਛੱਕਣ ਵਾਲੇ ਲੋਕ ਆਪਣੇ ਨਾਂ ਹੈਡੀ ਗ੍ਰੰਥੀ ਨੂੰ ਦਰਜ ਕਰਵਾ ਸਕਦੇ ਹਨ। ਇਸ ਦੌਰਾਨ 15 ਜਨਵਰੀ ਨੂੰ ਗੇਟ ਨੰਬਰ-4 ਤੋਂ ਨਗਰ ਕੀਰਤਨ ਸ਼ੁਰੂ ਹੋਵੇਗਾ, ਜੋ ਗੁਰਦੁਆਰਾ ਟਿੱਬੀ ਸਾਹਿਬ ਤੋਂ ਗੁਰਦੁਆਰਾ ਦਾਤਣਸਰ ਸਾਹਿਬ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਵਿਖੇ ਸਮਾਪਤ ਹੋਵੇਗਾ।
ਸ਼੍ਰੋਮਣੀ ਕਮੇਟੀ ਦੇ 250 ਮੁਲਾਜ਼ਮ ਬਾਹਰੋ ਆਉਣਗੇ
ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਕਰੀਬ 125 ਮੁਲਾਜ਼ਮ ਹਨ ਜਦਕਿ 250 ਮੁਲਾਜ਼ਮ ਮੇਲੇ ਕਰਕੇ ਬਾਹਰੋ ਆ ਰਹੇ ਹਨ, ਜੋ ਆਪਣੀਆਂ ਡਿਊਟੀਆਂ ਸੰਭਾਲਣਗੇ।
ਸੁਰੱਖਿਆ ਦੇ ਪੁਖਤਾ ਪ੍ਰਬੰਧ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵਲੋਂ ਮੇਲੇ ਦੌਰਾਨ ਸ੍ਰੀ ਦਰਬਾਰ ਸਾਹਿਬ ਕੈਪਲੈਕਸ 'ਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਸ ਪ੍ਰਸ਼ਾਸਨ ਵਲੋਂ ਵੀ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਜਾਵੇਗੀ।
ਸੰਗਤਾਂ ਲਈ ਲੰਗਰ
ਆਉਣ ਵਾਲੀਆਂ ਸੰਗਤਾਂ ਲਈ ਲੰਗਰ ਹਾਲ 'ਚ ਵੱਡੇ ਪੱਧਰ 'ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ 'ਚ ਸਾਰੀਆਂ ਪ੍ਰਮੁੱਖ ਸੜਕਾਂ ਅਤੇ ਮੁੱਖ ਥਾਵਾਂ 'ਤੇ ਵੱਖ- ਵੱਖ ਪਿੰਡਾਂ ਦੇ ਲੋਕਾਂ ਵਲੋਂ ਲੰਗਰ ਲਗਾਏ ਜਾਣਗੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪੁੱਜਣਗੇ
14 ਜਨਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜਣਗੇ, ਜੇ ਹੋਣ ਵਾਲੇ ਸਮਾਗਮ ਦਾ ਜਾਇਜ਼ਾ ਲੈਣਗੇ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਤੇ ਐਡੀਸ਼ਨਲ ਮੈਨੇਜਰ ਮਨਿੰਦਰ ਸਿੰਘ ਬਰਾੜ ਭਾਗਸਰ ਨੇ ਦੱਸਿਆ ਕਿ ਮਾਘੀ ਮੇਲੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜਣ ਵਾਲੀਆਂ ਸੰਗਤਾਂ ਨੂੰ ਕੋਈ ਦਿੱਕਤ ਨਹੀਂ ਆਉੁਣ ਦਿੱਤੀ ਜਾਵੇਗੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਜਾਣੋਂ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਸਪੈਸ਼ਲ
NEXT STORY