ਬੀਤੇ ਸਮੇਂ ਦੌਰਾਨ ਮੁਕਤਸਰ ਤੋਂ ਸ੍ਰੀ ਮੁਕਤਸਰ ਸਾਹਿਬ ਬਣੇ ਇਸ ਇਤਿਹਾਸਕ ਸ਼ਹਿਰ ਦਾ ਪਹਿਲਾ ਨਾਂ ਖਿਦਰਾਣਾ ਸੀ ਅਤੇ ਇਸ ਜਗ੍ਹਾ ’ਤੇ ਖਿਦਰਾਣੇ ਦੀ ਢਾਬ ਸੀ। ਇਹ ਇਲਾਕਾ ਜੰਗਲੀ ਹੋਣ ਕਰਕੇ ਇਥੇ ਅਕਸਰ ਪਾਣੀ ਦੀ ਘਾਟ ਰਹਿੰਦੀ ਸੀ। ਪਾਣੀ ਦੀ ਧਰਤੀ ਹੇਠਲੀ ਸਤ੍ਹਾ ਬਹੁਤ ਜ਼ਿਆਦਾ ਨੀਵੀਂ ਹੋਣ ਕਰਕੇ ਜੇਕਰ ਕੋਈ ਯਤਨ ਕਰਕੇ ਖੂਹ ਆਦਿ ਲਾਉਣ ਦਾ ਉਪਰਾਲਾ ਵੀ ਕਰਦਾ ਤਾਂ ਥੱਲਿਓਂ ਪਾਣੀ ਹੀ ਇੰਨਾ ਖਾਰਾ ਨਿਕਲਦਾ ਕਿ ਉਹ ਪੀਣ ਯੋਗ ਨਾ ਹੁੰਦਾ। ਇਸ ਲਈ ਇਥੇ ਇਕ ਢਾਬ ਖੁਦਵਾਈ ਗਈ, ਜਿਸ ’ਚ ਬਰਸਾਤ ਦਾ ਪਾਣੀ ਜਮ੍ਹਾ ਕੀਤਾ ਜਾਂਦਾ ਸੀ ਅਤੇ ਇਸ ਢਾਬ ਦਾ ਮਾਲਕ ਖਿਦਰਾਣਾ ਸੀ ਜੋ ਕਿ ਫਿਰੋਜਪੁਰ ਜ਼ਿਲ੍ਹੇ ਦੇ ਜਲਾਲਾਬਾਦ ਦਾ ਵਸਨੀਕ ਸੀ, ਜਿਸ ਕਰਕੇ ਇਸ ਦਾ ਨਾਂ ਖਿਦਰਾਣੇ ਦੀ ਢਾਬ ਮਸ਼ਹੂਰ ਸੀ।
ਇਸ ਜਗ੍ਹਾ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਹਕੂਮਤ ਵਿਰੁੱਧ ਆਪਣੀ ਅੰਤਿਮ ਜੰਗ ਲੜੀ, ਜਿਸ ਨੂੰ ਖਿਦਰਾਣੇ ਦੀ ਜੰਗ ਕਿਹਾ ਜਾਂਦਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1705 ਈ. ’ਚ ਧਰਮ ਯੁੱਧ ਕਰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਆਪ ਨੇ ਦੁਸ਼ਮਣਾਂ ਦੀਆਂ ਫੌਜਾਂ ਨਾਲ ਜੰਗ ਕਰਦੇ ਵੱਖ-ਵੱਖ ਥਾਵਾਂ ਤੋਂ ਲੰਘਦੇ ਹੋਏ ਮਾਲਵੇ ਦੀ ਧਰਤੀ ਵੱਲ ਰੁਖ ਕੀਤਾ। ਕੋਟਕਪੂਰੇ ਪਹੁੰਚ ਕੇ ਗੁਰੂ ਜੀ ਨੇ ਸਿੱਖ ਸਿਪਾਹੀਆਂ ਸਮੇਤ ਖਿਦਰਾਣੇ ਵੱਲ ਚਾਲੇ ਪਾਏ ਅਤੇ ਖਿਦਰਾਣੇ ਦੀ ਢਾਬ ਉਤੇ ਜਾ ਪਹੁੰਚੇ । ਗੁਰੂ ਜੀ ਖਿਦਰਾਣੇ ਅਜੇ ਪਹੁੰਚੇ ਹੀ ਸਨ ਕਿ ਦੁਸ਼ਮਣ ਦੀਆਂ ਫ਼ੌਜਾਂ ਸਰਹੰਦ ਦੇ ਸੂਬੇਦਾਰ ਦੀ ਕਮਾਨ ਹੇਠ ਇਥੇ ਪਹੁੰਚ ਗਈਆਂ। ਗੁਰੂ ਜੀ ਅਤੇ ਉਨ੍ਹਾਂ ਦੇ 40 ਮਹਾਨ ਸਿੱਖ ਯੋਧਿਆਂ, ਜੋ ਕਿ ਕਦੇ ਬੇਦਾਵਾ ਦੇ ਗਏ ਸਨ, ਨੇ ਵੀ ਗੁਰੂ ਜੀ ਨਾਲ ਮਿਲ ਕੇ ਖਿਦਰਾਣੇ ਦੀ ਢਾਬ ’ਤੇ ਮੋਰਚੇ ਕਾਇਮ ਕਰ ਲਏ। ਖਿਦਰਾਣੇ ਦੀ ਢਾਬ ਇਸ ਸਮੇਂ ਸੁੱਕੀ ਪਈ ਸੀ। ਇਸ ਦੇ ਲਾਗੇ ਝਾੜੀਆਂ ਉੱਗੀਆਂ ਸਨ। ਸਿੰਘਾਂ ਨੇ ਝਾੜੀਆਂ ਦਾ ਆਸਰਾ ਲਿਆ ਅਤੇ ਮੁਗਲ ਸਿਪਾਹੀਆਂ ਦੀ ਆਉਂਦੀ ਫੌਜ ਉਤੇ ਬਾਜਾਂ ਵਾਂਗ ਝਪਟ ਪਏ। ਇਹ ਲੜਾਈ 21 ਵਿਸਾਖ ਸੰਮਤ 1762 ਬਿਕਰਮੀ ਨੂੰ ਹੋਈ। ਲੜਾਈ ਦੌਰਾਨ ਸਿੱਖ ਫੌਜਾਂ ਦੀ ਬਹਾਦਰੀ ਵੇਖ ਮੁਗਲ ਫੌਜਾਂ ਜੰਗ ਦੇ ਮੈਦਾਨ ’ਚੋਂ ਭੱਜ ਗਈਆਂ। ਇਸ ਜੰਗ ’ਚ ਮੁਗਲ ਫੌਜ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ ਅਤੇ ਗੁਰੂ ਜੀ ਦੇ ਵੀ ਕਈ ਸਿੰਘ ਸ਼ਹੀਦ ਹੋ ਗਏ। ਇਸੇ ਜਗ੍ਹਾ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਜੀ, ਜੋ ਆਪਣੇ ਸਾਥੀਆਂ ਸਮੇਤ ਆਨੰਦਪੁਰ ਸਾਹਿਬ ਵਿਖੇ ਬੇਦਾਵਾ ਦੇ ਆਏ ਸਨ, ਉਸ ਬੇਦਾਵੇ ਨੂੰ ਪਾੜ ਕੇ ਬੇਦਾਵੀਏ ਸਿੰਘਾਂ ਨੂੰ ਮੁਕਤ ਕੀਤਾ ਅਤੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ ’ਚ ਲੈ ਕੇ ਬੇਦਾਵਾ ਪਾੜ ਦਿੱਤਾ। ਭਾਈ ਮਹਾਂ ਸਿੰਘ ਜੀ ਨੇ ਇਸੇ ਜਗ੍ਹਾ ’ਤੇ ਸ਼ਹੀਦੀ ਪ੍ਰਾਪਤ ਕੀਤੀ। ਇਸ ਜੰਗ ਵਿਚ ਮਾਤਾ ਭਾਗ ਕੌਰ ਨੇ ਵੀ ਜੌਹਰ ਵਿਖਾਏ ਅਤੇ ਜਖ਼ਮੀ ਹੋ ਗਏ, ਜਿਨ੍ਹਾਂ ਦੀ ਮੱਲ੍ਹਮ ਪੱਟੀ ਗੁਰੂ ਜੀ ਨੇ ਆਪਣੇ ਹੱਥੀਂ ਕੀਤੀ ਤੇ ਤੰਦਰੁਸਤ ਹੋਣ ਉਪਰੰਤ ਖਾਲਸਾ ਦਲ ’ਚ ਸ਼ਾਮਲ ਕਰ ਲਿਆ।
ਇਤਿਹਾਸਕ ਗੁਰਦੁਆਰੇ
ਗੁਰਦੁਆਰਾ ਟੁੱਟੀ ਗੰਢੀ ਸਾਹਿਬ
ਇਸ ਜਗ੍ਹਾ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ ਵਿਚ ਲੈ ਕੇ ਭਾਈ ਮਹਾਂ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਆਨੰਦਪੁਰ ਵਿਖੇ ਦਿੱਤਾ ਬੇਦਾਵਾ ਪਾੜ ਕੇ ਉਨ੍ਹਾਂ ਦੀ ਗੁਰੂ ਨਾਲ ਟੁੱਟੀ ਗੰਢੀ ਅਤੇ ਇਸ ਗੁਰਦੁਆਰਾ ਸਾਹਿਬ ਦਾ ਨਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ ।
ਗੁਰਦੁਆਰਾ ਮਾਤਾ ਭਾਗ ਕੌਰ ਜੀ
ਖਿਦਰਾਣੇ ਦੀ ਜੰਗ ’ਚ ਜੌਹਰ ਵਿਖਾਉਣ ਵਾਲੀ ਮਹਾਨ ਸਿੰਘਣੀ ਮਾਤਾ ਭਾਗੋ ਦੀ ਯਾਦ ’ਚ ਗੁਰਦੁਆਰਾ ਤੰਬੂ ਸਾਹਿਬ ਦੇ ਨਾਲ ਹੀ ਮਾਤਾ ਭਾਗ ਕੌਰ ਜੀ ਦਾ ਗੁਰਦੁਆਰਾ ਬਣਾਇਆ ਗਿਆ ਹੈ ।
ਗੁਰਦੁਆਰਾ ਸ਼ਹੀਦ ਗੰਜ ਸਾਹਿਬ
ਇਸ ਜਗ੍ਹਾ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਲਾਕੇ ਦੇ ਸਿੱਖਾਂ ਦੀ ਮਦਦ ਨਾਲ ਮੁਗਲਾਂ ਨਾਲ ਜੰਗ ਕਰਦਿਆਂ ਸ਼ਹੀਦ ਹੋਏ 40 ਮੁਕਤਿਆਂ ਦਾ ਅੰਤਿਮ ਸੰਸਕਾਰ ਕੀਤਾ ਸੀ। ਜਿਸ ਕਾਰਨ ਇਸ ਦਾ ਨਾਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪ੍ਰਸਿੱਧ ਹੈ।
ਗੁਰਦੁਆਰਾ ਰਕਾਬਸਰ ਸਾਹਿਬ
ਇਹ ਉਹ ਸਥਾਨ ਹੈ, ਜਿਥੇ ਦਸਮੇਸ਼ ਪਿਤਾ ਦੇ ਘੋੜੇ ਦੀ ਰਕਾਬ ਟੁੱਟ ਗਈ ਸੀ। ਹੁਣ ਤੱਕ ਉਹ ਟੁੱਟੀ ਹੋਈ ਰਕਾਬ ਉਸੇ ਤਰ੍ਹਾਂ ਹੀ ਸਾਂਭ ਕੇ ਰੱਖੀ ਹੈ, ਜਿੱਥੇ ਗੁਰਦੁਆਰਾ ਰਕਾਬਸਰ ਬਣਿਆ ਹੋਇਆ ਹੈ ।
ਗੁਰਦੁਆਰਾ ਦਾਤਣਸਰ ਸਾਹਿਬ
1706 ਈ. ਵਿਚ ਜਦੋਂ ਗੁਰੂ ਜੀ ਖਿਦਰਾਣਾ ਤੋਂ ਟਿੱਬੀ ਸਾਹਿਬ ਪਧਾਰੇ ਤਾਂ ਸਵੇਰੇ ਇਸ ਜਗ੍ਹਾ ’ਤੇ ਦਾਤਣ ਕੀਤੀ ਸੀ। ਇਹ ਸਥਾਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਲਗਭਗ 4 ਕਿਲੋਮੀਟਰ ਦੂਰ ਹੈ।
ਗੁਰਦੁਆਰਾ ਤਰਨਤਾਰਨ ਦੁੱਖ ਨਿਵਾਰਣ ਸਾਹਿਬ
ਗੁਰਦੁਆਰਾ ਤਰਨਤਾਰਨ ਦੁੱਖ ਨਿਵਾਰਣ ਬਠਿੰਡਾ ਰੋਡ ’ਤੇ ਸਥਿਤ ਹੈ, ਜਿੱਥੇ ਹਰ ਐਤਵਾਰ ਸ਼ਰਧਾਲੂ ਸਰੋਵਰ ਵਿਚ ਇਸ਼ਨਾਨ ਕਰਦੇ ਹਨ । 40 ਮੁਕਤਿਆਂ ਦੀ ਇਸ ਪਵਿੱਤਰ ਧਰਤੀ ’ਤੇ ਮਾਘੀ ਮੌਕੇ 13-14 ਜਨਵਰੀ ਨੂੰ ਦੂਰ-ਦੂਰਾਡੇ ਤੋਂ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਇੱਥੇ ਬਣੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰ ਕੇ ਆਪਣਾ ਜੀਵਨ ਸਫ਼ਲਾ ਕਰਦੇ ਹਨ।
ਪੇਸ਼ਕਸ਼-ਪਵਨ ਤਨੇਜਾ / ਹਰੀਸ਼ ਤਨੇਜਾ
ਵਾਸਤੂ ਮੁਤਾਬਕ ਸਵੇਰੇ ਉੱਠਦੇ ਸਾਰ ਨਹੀਂ ਕਰਨੇ ਚਾਹੀਦੇ ਇਹ ਕੰਮ, ਹੋਵੇਗਾ ਨੁਕਸਾਨ
NEXT STORY