ਮੈਲਬੌਰਨ/ਸਿਡਨੀ (ਮਨਦੀਪ ਸਿੰਘ ਸੈਣੀ, ਸਨੀ ਚਾਂਦਪੁਰੀ )- ਆਸਟ੍ਰੇਲੀਆ ਦੇ ਸਾਬਕਾ ਸਟਾਰ ਬੱਲੇਬਾਜ਼ ਡੇਵਿਡ ਵਾਰਨਰ ਨੂੰ ਵੇਵਰਲੀ ਲੋਕਲ ਕੋਰਟ ਵੱਲੋਂ ਈਸਟਰ ਸੰਡੇ ਦੌਰਾਨ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ 1500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। 39 ਸਾਲਾ ਇਸ ਕ੍ਰਿਕਟਰ 'ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦਾ ਦੋਸ਼ ਸੀ, ਜਿਸ ਵਿੱਚ ਉਸ ਦੇ ਸਰੀਰ ਅੰਦਰ ਅਲਕੋਹਲ ਦੀ ਮਾਤਰਾ ਕਾਨੂੰਨੀ ਸੀਮਾ ਤੋਂ ਦੁੱਗਣੀ ਤੋਂ ਵੀ ਵਧੇਰੇ ਪਾਈ ਗਈ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਵਾਰਨਰ ਪਾਕਿਸਤਾਨ ਸੁਪਰ ਲੀਗ ਵਿੱਚ ਕਰਾਚੀ ਕਿੰਗਜ਼ ਦੀ ਕਪਤਾਨੀ ਕਰ ਕੇ ਵਾਪਸ ਪਰਤਿਆ ਸੀ। ਪੁਲਿਸ ਦੀ ਚੈਕਿੰਗ ਦੇਖ ਕੇ ਵਾਰਨਰ ਨੇ ਗੱਡੀ ਰੋਕ ਕੇ ਆਪਣੀ ਮਹਿਲਾ ਯਾਤਰੀ ਨਾਲ ਸੀਟ ਬਦਲਣ ਦੀ ਅਸਫ਼ਲ ਕੋਸ਼ਿਸ਼ ਕੀਤੀ, ਹਾਲਾਂਕਿ ਪਛਾਣ ਹੋਣ ਤੋਂ ਬਾਅਦ ਉਸ ਨੇ ਪੁਲਿਸ ਨਾਲ ਪੂਰਾ ਸਹਿਯੋਗ ਕੀਤਾ। ਇਸ ਮਾਮਲੇ ਨੂੰ ਹੋਰ ਗੰਭੀਰ ਬਣਾਉਣ ਵਾਲੀ ਗੱਲ ਇਹ ਸੀ ਕਿ ਘਟਨਾ ਵੇਲੇ ਕਾਰ ਵਿੱਚ ਬੱਚੇ ਵੀ ਮੌਜੂਦ ਸਨ।
ਅਦਾਲਤ ਵਿੱਚ ਵਾਰਨਰ ਦੇ ਵਕੀਲ ਅਵੈਸ ਅਹਿਮਦ ਨੇ ਦਲੀਲ ਦਿੱਤੀ ਕਿ ਵੱਖ-ਵੱਖ ਖੇਡ ਚੈਨਲਾਂ, ਅਲ ਜਜ਼ੀਰਾ ਅਤੇ ਇੰਡੀਅਨ ਐਕਸਪ੍ਰੈਸ ਵਰਗੇ ਵਿਸ਼ਵ ਪੱਧਰੀ ਮੀਡੀਆ ਅਦਾਰਿਆਂ ਦੁਆਰਾ ਇਸ ਖ਼ਬਰ ਦੇ ਪ੍ਰਸਾਰਣ ਕਾਰਨ ਵਾਰਨਰ ਨੂੰ ਪਹਿਲਾਂ ਹੀ ਭਾਰੀ ਬਦਨਾਮੀ ਅਤੇ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਵਕੀਲ ਅਨੁਸਾਰ ਭਾਰਤ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਵਿੱਚ, ਜਿੱਥੇ ਸ਼ਰਾਬ ਵਿਰੋਧੀ ਸੱਭਿਆਚਾਰ ਹੈ, ਵਾਰਨਰ ਦੇ ਵਪਾਰਕ ਕਰਾਰਾਂ ਅਤੇ ਭਵਿੱਖੀ ਖੇਡ ਮੌਕਿਆਂ 'ਤੇ ਬਹੁਤ ਮਾੜਾ ਅਸਰ ਪਿਆ ਹੈ। ਇਸ ਤੋਂ ਇਲਾਵਾ ਵਾਰਨਰ ਅਤੇ ਉਸ ਦੀ ਪਤਨੀ ਕੈਂਡਿਸ ਨੂੰ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਬਿਗ ਬੈਸ਼ ਲੀਗ ਦੀ ਟੀਮ ਸਿਡਨੀ ਥੰਡਰ ਦੇ ਕਪਤਾਨ ਵਜੋਂ ਉਸ ਦਾ ਅਹੁਦਾ ਵੀ ਖ਼ਤਰੇ ਵਿੱਚ ਆ ਗਿਆ ਹੈ, ਕਿਉਂਕਿ ਇਹ ਟੀਮ ਰਾਜ ਸਰਕਾਰ ਦੀ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਦੀ ਜਾਗਰੂਕਤਾ ਮੁਹਿੰਮ ਨਾਲ ਜੁੜੀ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਹੈਂ ! 5 ਮਿੰਟ ਦੇ ਸ਼ਾਵਰ ਦਾ ਬਿੱਲ 1.3 ਲੱਖ , ਪੂਰਾ ਮਾਮਲਾ ਕਰ ਦੇਵੇਗਾ ਹੈਰਾਨ
ਇਨ੍ਹਾਂ ਸਾਰੀਆਂ ਦਲੀਲਾਂ ਦੇ ਬਾਵਜੂਦ, ਜੱਜ ਕਲੇਅਰ ਫ਼ਰਨਾਨ ਨੇ ਸਪੱਸ਼ਟ ਕੀਤਾ ਕਿ ਸਮਾਜ ਵਿੱਚ ਅਲਕੋਹਲ ਦਾ ਸੇਵਨ ਕਰਕੇ ਗੱਡੀ ਚਲਾਉਣ ਵਿਰੁੱਧ ਸਖ਼ਤ ਸੁਨੇਹਾ ਦੇਣਾ ਅਤਿ ਜ਼ਰੂਰੀ ਹੈ। ਜੱਜ ਨੇ ਨਿਊ ਸਾਊਥ ਵੇਲਜ਼ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਆਏ 17,300 ਤੋਂ ਵੱਧ ਅਜਿਹੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੜਕ ਹਾਦਸਿਆਂ ਵਿੱਚ ਸ਼ਰਾਬ ਇੱਕ ਵੱਡਾ ਕਾਰਨ ਹੈ। ਹੁਣ ਵਾਰਨਰ ਨੂੰ ਮੁੜ ਗੱਡੀ ਚਲਾਉਣ ਲਈ 'ਇੰਟਰਲਾਕ ਲਾਇਸੈਂਸ' ਲੈਣਾ ਪਵੇਗਾ ਅਤੇ ਆਪਣੀ ਕਾਰ ਵਿੱਚ ਅਜਿਹਾ ਯੰਤਰ ਲਗਾਉਣਾ ਪਵੇਗਾ ਜੋ ਅਲਕੋਹਲ ਦੀ ਮੌਜੂਦਗੀ ਵਿੱਚ ਗੱਡੀ ਸਟਾਰਟ ਨਹੀਂ ਹੋਣ ਦਿੰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ! ਪੁਲਿਸ ਨੇ ਦਿੱਤੀ ਚਿਤਾਵਨੀ
NEXT STORY