ਜਲੰਧਰ (ਪੁਨੀਤ)— ਦਿਲਕੁਸ਼ਾ ਮਾਰਕੀਟ ਦੇ ਦੁਕਾਨਦਾਰਾਂ ਦੀ ਹੜਤਾਲ ਦੇ ਅੱਗੇ ਪਟੇਲ ਪ੍ਰਬੰਧਨ ਨੂੰ ਝੁਕਣਾ ਪਿਆ। ਅਖੀਰ ਪਟੇਲ ਪ੍ਰਬੰਧਨ ਨੇ ਮਲਬਾ ਚੁੱਕਣ ਦਾ ਫੈਸਲਾ ਲਿਆ ਹੈ। ਐਤਵਾਰ ਨੂੰ ਮਲਬਾ ਚੁੱਕ ਲਏ ਜਾਣ ਦੀ ਸੰਭਾਵਨਾ ਹੈ। ਇਹ ਉਹ ਹੀ ਮਲਬਾ ਹੈ ਜੋ ਕੰਧ ਤੋੜੇ ਜਾਣ ਕਾਰਨ ਰਸਤੇ 'ਚ ਪਿਆ ਹੈ। ਫਰੈਂਡਸ ਸਿਨੇਮਾ ਦੇ ਨਾਲ ਵਾਲੀ ਗਲੀ 'ਚ ਪਟੇਲ ਹਸਪਤਾਲ ਵੱਲੋਂ ਆਪਣੇ ਕੰਮਲੈਕਸ ਦੇ ਕੋਲ ਕੁਝ ਦਿਨ ਪਹਿਲਾਂ ਕੰਧ ਬਣਾਈ ਗਈ ਸੀ, ਜਿਸ ਨੂੰ ਦਿਲਕੁਸ਼ਾ ਮਾਰਕੀਟ ਦੇ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ਾ ਦੱਸਦਿਆਂ ਤੋੜ ਦਿੱਤਾ ਸੀ। ਵੀਰਵਾਰ ਨੂੰ ਦੁਕਾਨਦਾਰਾਂ ਨੇ ਤੋੜੀ ਗਈ ਕੰਧ ਦਾ ਮਲਬਾ ਚੁੱਕਣ ਲਈ ਜੇ. ਸੀ. ਬੀ. ਮਸ਼ੀਨ ਮੰਗਵਾਈ ਸੀ ਪਰ ਪਟੇਲ ਹਸਪਤਾਲ ਨੇ ਮਲਬਾ ਚੁੱਕਣ ਤੋਂ ਰੋਕ ਦਿੱਤਾ। ਪਟੇਲ ਪ੍ਰਬੰਧਨ ਤੇ ਦਿਲਕੁਸ਼ਾ ਮਾਰਕੀਟ ਦਰਮਿਆਨ ਹੋਈ ਧੱਕਾ-ਮੁੱਕੀ ਤੋਂ ਬਾਅਦ ਮਾਰਕੀਟ ਬੰਦ ਕਰ ਕੇ ਹੜਤਾਲ ਕਰ ਦਿੱਤੀ ਗਈ। ਪਿਛਲੇ 3 ਦਿਨਾਂ ਤੋਂ ਇਹ ਮਾਮਲਾ ਬੇਹੱਦ ਗੁੰਝਲਦਾਰ ਬਣਿਆ ਹੋਇਆ ਹੈ।
ਸ਼ੁੱਕਰਵਾਰ ਤੋਂ ਚੱਲ ਰਿਹਾ ਪ੍ਰਦਰਸ਼ਨ ਸ਼ਨੀਵਾਰ ਨੂੰ ਵੀ ਜਾਰੀ ਰਿਹਾ। ਦੁਕਾਨਦਾਰਾਂ ਨੇ ਨਗਰ ਨਿਗਮ ਦਫਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕਰਕੇ ਆਪਣਾ ਰੋਸ ਜਤਾਇਆ। ਪ੍ਰਸ਼ਾਸਨ ਵੱਲੋਂ ਹੜਤਾਲ ਨੂੰ ਖਤਮ ਕਰਵਾਉਣ ਲਈ ਪਟੇਲ ਪ੍ਰਬੰਧਨ ਅਤੇ ਦਿਲਕੁਸ਼ਾ ਮਾਰਕੀਟ ਦੇ ਦੁਕਾਨਦਾਰਾਂ ਦੀ ਸਰਕਟ ਹਾਊਸ 'ਚ ਮੀਟਿੰਗ ਕਰਵਾਈ ਗਈ। ਮੀਟਿੰਗ 'ਚ ਫੈਸਲਾ ਹੋਇਆ ਕਿ ਪਟੇਲ ਪ੍ਰਬੰਧਨ ਮਲਬਾ ਖੁਦ ਹੀ ਚੁੱਕ ਲਵੇਗਾ। ਇਸ ਕਾਰਨ ਦੁਕਾਨਦਾਰਾਂ ਵੱਲੋਂ ਹੜਤਾਲ ਵਾਪਸ ਲੈ ਲਈ ਗਈ। ਪਟੇਲ ਪ੍ਰਬੰਧਨ ਵੱਲੋਂ ਮੀਟਿੰਗ ਦੌਰਾਨ ਦਸਤਾਵੇਜ਼ ਪੇਸ਼ ਕਰਕੇ ਉਕਤ ਜ਼ਮੀਨ 'ਤੇ ਆਪਣੀ ਮਲਕੀਅਤ ਦੱਸੀ ਗਈ ਹੈ, ਜਦੋਂਕਿ ਦੁਕਾਨਦਾਰ ਇਸ ਜਗ੍ਹਾ ਨੂੰ ਗਲੀ ਕਰਾਰ ਦੇ ਰਹੇ ਹਨ। ਪਟੇਲ ਪ੍ਰਬੰਧਨ ਤੇ ਦਿਲਕੁਸ਼ਾ ਮਾਰਕੀਟ ਐਸੋਸੀਏਸ਼ਨ ਨੂੰ ਮੰਗਲਵਾਰ ਦਾ ਸਮਾਂ ਦਿੱਤਾ ਗਿਆ ਹੈ। ਨਿਗਮ ਵੱਲੋਂ ਮੰਗਲਵਾਰ ਤੱਕ ਆਪਣੀ ਰਿਪੋਰਟ ਬਣਾਈ ਜਾਵੇਗੀ, ਜਿਸ ਤੋਂ ਬਾਅਦ ਫੈਸਲਾ ਹੋਵੇਗਾ ਕਿ ਉਕਤ ਜ਼ਮੀਨ ਕਿਸ ਦੀ ਹੈ। ਦੋਵਾਂ ਧਿਰਾਂ ਦਾ ਕਹਿਣਾ ਹੈ ਕਿ ਨਿਗਮ ਦੀ ਜੋ ਵੀ ਰਿਪੋਰਟ ਆਵੇਗੀ ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗੀ। ਦਿਲਕੁਸ਼ਾ ਮਾਰਕੀਟ ਐਸੋਸੀਏਸ਼ਨ ਤੋਂ ਰਿਸ਼ੂ ਵਰਮਾ, ਗੋਪਾਲ ਕ੍ਰਿਸ਼ਨ ਚੁੱਘ (ਮੰਗਲੀ), ਨਵਦੀਪ ਮਦਾਨ ਨੈਢੀ, ਨਿਸ਼ਾਂਤ ਚੋਪੜਾ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ਵਿਚ ਧੱਕਾ ਬਰਦਾਸ਼ਤ ਨਹੀਂ ਕਰਨਗੇ। ਉਥੇ ਪਟੇਲ ਪ੍ਰਬੰਧਨ ਦਾ ਕਹਿਣਾ ਹੈ ਕਿ ਦਿਲਕੁਸ਼ਾ ਮਾਰਕੀਟ ਵਲੋਂ ਉਨ੍ਹਾਂ ਦੀ ਜ਼ਮੀਨ ਨੂੰ ਗਲੀ ਦੱਸਣਾ ਗਲਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਸਤਾਵੇਜ਼ ਉਨ੍ਹਾਂ ਕੋਲ ਹਨ, ਮਾਮਲਾ ਕੋਰਟ 'ਚ ਵਿਚਾਰ ਅਧੀਨ ਹੈ।
ਹੋਟਲੀਅਰ ਦਾ ਕੁਨੈਕਸ਼ਨ ਬਣਿਆ ਚਰਚਾ ਦਾ ਵਿਸ਼ਾ
ਪਟੇਲ ਪ੍ਰਬੰਧਨ ਦੇ ਪੱਖ 'ਚ ਇਕ ਹੋਟਲੀਅਰ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ, ਜਦੋਂਕਿ ਦਿਲਕੁਸ਼ਾ ਮਾਰਕੀਟ ਦੇ ਪੱਖ 'ਚ ਵਿਧਾਇਕ ਰਾਜਿੰਦਰ ਬੇਰੀ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਪਟੇਲ ਪ੍ਰਬੰਧਨ ਦੇ ਪੱਖ 'ਚ ਉਪਰੋਂ ਆ ਰਹੇ ਫੋਨ ਕਾਰਣ ਦਬਾਅ ਬਣਿਆ ਹੋਇਆ ਹੈ। ਪਿਛਲੇ ਤਿੰਨ ਦਿਨਾਂ ਤੋਂ ਮਲਬਾ ਨਾ ਚੁੱਕਿਆ ਜਾਣਾ ਦਬਾਅ ਨੂੰ ਸਾਬਿਤ ਕਰਦਾ ਹੈ। ਪੂਰੇ ਮਾਮਲੇ 'ਚ ਹੋਟਲੀਅਰ ਦਾ ਕੁਨੈਕਸ਼ਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹੋਟਲੀਅਰ ਦਾ ਪੰਜਾਬ ਦੇ ਵੱਡੇ ਨੇਤਾ ਨਾਲ ਕਰੀਬੀ ਸਬੰਧ ਹੈ। ਉਥੇ ਉਕਤ ਹੋਟਲੀਅਰ ਦੇ ਸਾਬਕਾ ਸਰਕਾਰ ਦੇ ਸੀਨੀਅਰ ਆਗੂਆਂ ਨਾਲ ਵੀ ਕਰੀਬੀ ਸਬੰਧ ਹਨ। ਹੁਣ ਦੇਖਣਾ ਹੈ ਕਿ ਆਉਣ ਵਾਲੇ ਸਮੇਂ 'ਚ ਨਿਗਮ ਇਸ ਮਸਲੇ ਨਾਲ ਕਿਸ ਤਰ੍ਹਾਂ ਨਜਿੱਠਦਾ ਹੈ ਕਿਉਂਕਿ ਪਟੇਲ ਹਸਪਤਾਲ ਦਾ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ।
ਸ਼ਹਿਰ 'ਚ 4 ਦਿਨ ਤੋਂ ਕੂੜਾ ਨਾ ਚੁੱਕਣ ਕਾਰਨ ਸੜਕਾਂ 'ਤੇ ਜਮ੍ਹਾ ਹੋਇਆ 2000 ਟਨ ਗਾਰਬੇਜ
NEXT STORY