ਸੁਲਤਾਨਪੁਰ ਲੋਧੀ, (ਧੀਰ)- ਕੇਂਦਰੀ ਏਜੰਸੀ ਫੂਡ ਤੇ ਸਿਵਲ ਸਪਲਾਈ (ਐੱਫ. ਸੀ. ਆਈ.) ਦੇ ਕਰਮਚਾਰੀਅਾਂ ਵੱਲੋਂ ਕੀਤੀ ਗਈ ‘ਪੈਨ ਡਾਊਨ’ ਸਟ੍ਰਾਈਕ ਕਾਰਨ ਸ਼ੈਲਰ ਇੰਡਸਟਰੀ ਬੰਦ ਹੋਣ ’ਤੇ ਬੀਤੇ 4 ਦਿਨਾਂ ਤੋਂ ਗੋਦਾਮਾਂ ਅੱਗੇ ਖਡ਼੍ਹੇ ਚਾਵਲਾਂ ਦੇ ਟਰੱਕ ਅਨਲੋਡ ਨਾ ਹੋਣ ਦੇ ਵਿਰੋਧ ’ਚ ਅੱਜ ਸੁਲਤਾਨਪੁਰ ਲੋਧੀ ਸ਼ੈਲਰ ਇੰਡਸਟਰੀ ਨੇ ਐੱਫ. ਸੀ. ਆਈ. ਗੋਦਾਮਾਂ ਅੱਗੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਮੁੱਖ ਸ਼ੈਲਰ ਉਦਯੋਗਪਤੀ ਅਨਿਲ ਅਰੋਡ਼ਾ (ਭੋਲਾ) ਨੇ ਦੱਸਿਆ ਕਿ ਪਹਿਲਾਂ ਸਰਕਾਰ ਵੱਲੋਂ ਝੋਨੇ ਦੀ ਖਰੀਦ ਦਾ 1 ਅਕਤੂਬਰ ਤੋਂ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਕਰੀਬ 10 ਨਵੰਬਰ ਤੱਕ ਝੋਨਾ ਸ਼ੈਲਰਾਂ ’ਚ ਸਟੋਰ ਹੋਣਾ ਸ਼ੁਰੂ ਹੋ ਗਿਆ ਸੀ ਪਰ 25 ਨਵੰਬਰ ਤੱਕ ਕਿਸੇ ਵੀ ਸ਼ੈਲਰ ਮਾਲਕ ਨੂੰ ਕੰਟਰੈਕਟ ਨੰ. ਸਰਕਾਰ ਵੱਲੋਂ ਜਾਰੀ ਨਾ ਹੋਣ ’ਤੇ ਪਹਿਲਾਂ ਹੀ ਸ਼ੈਲਰ ਇੰਡਸਟਰੀ ਇਕ ਮਹੀਨਾ ਬੰਦ ਰਹੀ ਤੇ ਬਾਅਦ ’ਚ ਜਦੋਂ ਮਿੱਲਿੰਗ ਦੇ ਕੰਮ ਨੇ ਰਫਤਾਰ ਫਡ਼ੀ ਤਾਂ ਹੁਣ ਐੱਫ. ਸੀ. ਆਈ. ਮੁਲਾਜ਼ਮਾਂ ਨੇ ਹਡ਼ਤਾਲ ਕਰ ਕੇ ਅੱਗ ’ਤੇ ਘਿਉ ਪਾਉਣ ਦਾ ਕੰਮ ਕੀਤਾ ਹੈ। ਐੱਫ. ਸੀ. ਆਈ. ਮੁਲਾਜ਼ਮਾਂ ਵੱਲੋਂ ਹਡ਼ਤਾਲ ਕਾਰਨ ਬੀਤੇ 4 ਦਿਨਾਂ ਤੋਂ ਗੋਦਾਮਾਂ ’ਚ ਚਾਵਲ ਨਹੀਂ ਲੱਗ ਰਹੇ, ਜਿਸ ਕਾਰਨ ਜਿਥੇ ਸ਼ੈਲਰ ਇੰਡਸਟਰੀ ਬੰਦ ਹੋਣ ਕਾਰਨ ਉਸ ਨੂੰ ਲੱਖਾਂ ਰੁਪਏ ਦਾ ਘਾਟਾ ਸਹਿਣ ਕਰਨਾ ਪੈ ਰਿਹਾ ਹੈ, ਉਥੇ ਲੱਖਾਂ ਮਜ਼ਦੂਰਾਂ, ਟਰੱਕ ਡਰਾਈਵਰਾਂ ਨੂੰ ਵੀ ਰੋਜ਼ੀ-ਰੋਟੀ ਦੇ ਲਾਲੇ ਪੈ ਗਏ ਹਨ।
ਅਨਿਲ ਭੋਲਾ ਨੇ ਦੱਸਿਆ ਕਿ ਸ਼ੈਲਰ ਮਾਲਕਾਂ ਨੂੰ ਸਰਕਾਰ ਵੱਲੋਂ ਰਾਈਸ ਮਿੱਲਿੰਗ ਤੈਅ ਮਿਤੀ ਅਨੁਸਾਰ 31 ਮਾਰਚ ਤੱਕ ਪੂਰੀ ਕਰ ਕੇ ਦੇਣੀ ਹੁੰਦੀ ਹੈ ਪਰ ਜੇ ਅਜਿਹੇ ਹਾਲਾਤ ਰਹੇ ਤਾਂ ਕਿਸੇ ਵੀ ਸੂਰਤ ’ਚ ਸੂਬੇ ’ਚ ਕੋਈ ਵੀ ਰਾਈਸ ਮਿੱਲਰ ਤੈਅ ਮਿਤੀ ਮੁਤਾਬਕ ਨਹੀਂ ਕਰ ਪਾਵੇਗਾ, ਜਿਸ ਦਾ ਖਮਿਆਜ਼ਾ ਵੀ ਸ਼ੈਲਰ ਇੰਡਸਟਰੀ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਐੱਫ. ਸੀ. ਆਈ. ਵੱਲੋਂ ਚਾਵਲ ਨਾ ਲੱਗਣ ਦੀ ਸੂਰਤ ’ਚ ਝੋਨੇ ਦੀ ਛਡ਼ਾਈ ਦਾ ਕੰਮ ਲੇਟ ਹੋਵੇਗਾ। ਲੇਟ ਹੋਣ ਦੀ ਸੂਰਤ ’ਚ ਚਾਵਲ ਦੀ ਕੁਆਲਿਟੀ ਬਦਰੰਗ ਹੋ ਜਾਵੇਗੀ ਤੇ ਉਸ ’ਚੋਂ ਟੋਟਾ ਵੀ ਬਹੁਤ ਨਿਕਲੇਗਾ ਜੋ ਸਰਕਾਰ ਦੀਅਾਂ ਨੀਤੀਆਂ ਤੇ ਸ਼ਰਤਾਂ ਅਨੁਸਾਰ ਉਲਟ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਪਹਿਲਾਂ ਹੀ ਕਾਫੀ ਹੱਦ ਤੱਕ ਇੰਡਸਟਰੀ ਦੂਸਰੇ ਸੂਬਿਆਂ ’ਚ ਸ਼ਿਫਟ ਹੋ ਚੁੱਕੀ ਹੈ ਤੇ ਜੇ ਸੂਬੇ ਦੀ ਇਕੋ ਇਕ ਇੰਡਸਟਰੀ ਸ਼ੈਲਰ ਵੀ ਬੰਦ ਹੋ ਗਈ ਤਾਂ ਇਸਦਾ ਸੂਬੇ ਦੀ ਆਰਥਕ ਹਾਲਤ ’ਤੇ ਬਹੁਤ ਅਸਰ ਪਵੇਗਾ।
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਜਲਦੀ ਇਸ ਮੁਸ਼ਕਲ ਦਾ ਹੱਲ ਨਾ ਕੱਢਿਆ ਤਾਂ ਮਜਬੂਰ ਹੋ ਕੇ ਸਮੂਹ ਸ਼ੈਲਰ ਇੰਡਸਟਰੀ 13 ਤਰੀਕ ਤੱਕ ਸ਼ੈਲਰਾਂ ਨੂੰ ਤਾਲੇ ਲਾ ਕੇ ਚਾਬੀਆਂ ਸਰਕਾਰ ਨੂੰ ਸੌਂਪ ਦੇਵੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਨਰਿੰਦਰ ਨਈਅਰ, ਅਸ਼ੋਕ ਧੀਰ, ਅਰਵਿੰਦਰ ਧੀਰ, ਮੁਕੇਸ਼ ਧੀਰ, ਘਨਸ਼ਾਮ ਧੀਰ, ਈਸ਼ ਨਾਗਪਾਲ, ਲਕਸ਼ੈ ਉੱਪਲ, ਵਿਪਿਨ ਮੋਗਲਾ, ਕੁਲਵੰਤ ਅਰੋਡ਼ਾ, ਕਰਨ ਧੀਰ, ਤੇਜਿੰਦਰ ਸਿੰਘ ਮੋਮੀ, ਸਮਾਈਲ, ਗੋਲਡੀ, ਦਲਜੀਤ ਸਿੰਘ ਆਦਿ ਹਾਜ਼ਰ ਸਨ।
ਮਜ਼ਦੂਰਾਂ ਤੇ ਟਰੱਕ ਡਰਾਈਵਰਾਂ ਨੇ ਸੁਣਾਏ ਆਪਣੇ ਦੁਖਡ਼ੇ
ਐੱਫ. ਸੀ. ਆਈ. ਗੋਦਾਮਾਂ ’ਚ ਚਾਵਲ ਨਾ ਲੱਗਣ ਦੀ ਸੂਰਤ ’ਚ ਟਰੱਕ ਡਰਾਈਵਰ ਜਤਿੰਦਰ ਸਿੰਘ ਹੈਪੀ ਨੇ ਕਿਹਾ ਕਿ ਬੀਤੇ 4 ਦਿਨਾਂ ਤੋਂ ਟਰੱਕ ਖਾਲੀ ਨਹੀਂ ਹੋ ਰਹੇ, ਜਿਸ ਕਾਰਨ ਰੋਜ਼ਾਨਾ ਸਾਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਟਰੱਕ ਅਨਲੋਡ ਹੀ ਨਹੀਂ ਹੋਣਗੇ ਤਾਂ ਫਿਰ ਅਸੀਂ ਹੋਰ ਚੱਕਰ ਕਿਵੇਂ ਲਾ ਪਾਵਾਂਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਹੀ ਇਸ ਮੁਸ਼ਕਲ ਦਾ ਹੱਲ ਕੱਢਿਆ ਜਾਵੇ।
ਮਾਮਲਾ 1 ਜਾਂ 2 ਦਿਨਾਂ ’ਚ ਹੱਲ ਹੋ ਜਾਵੇਗਾ : ਰਾਣਾ ਸੰਤੋਸ਼ੀ
ਇਸ ਸਬੰਧੀ ਐੱਫ. ਸੀ. ਆਈ. ਏਰੀਆ ਮੈਨੇਜਰ ਰਾਣਾ ਸੰਤੋਸ਼ੀ ਨੇ ਕਿਹਾ ਕਿ ਐੱਫ. ਸੀ. ਆਈ. ਮੁਲਾਜ਼ਮਾਂ ਵੱਲੋਂ ਪੈਨ ਡਾਊਨ ਸਟ੍ਰਾਈਕ ਕਾਰਨ ਗੋਦਾਮਾਂ ’ਚ ਚਾਵਲ ਨਹੀਂ ਲੱਗ ਰਹੇ। ਉਨ੍ਹਾਂ ਕਿਹਾ ਕਿ ਐੱਫ. ਸੀ. ਆਈ. ਮੈਨੇਜਮੈਂਟ ਨੇ ਵੀ ਇਸ ਹਡ਼ਤਾਲ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ ਤੇ ਉਮੀਦ ਹੈ ਕਿ 1 ਜਾਂ 2 ਦਿਨਾਂ ’ਚ ਇਹ ਮਾਮਲਾ ਹੱਲ ਹੋ ਜਾਵੇਗਾ ਤੇ ਦੁਬਾਰਾ ਚਾਵਲ ਗੋਦਾਮਾਂ ’ਚ ਲੱਗਣੇ ਸ਼ੁਰੂ ਹੋ ਜਾਣਗੇ।
ਸਫਾਈ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਕੀਤੀ ਹਡ਼ਤਾਲ
NEXT STORY