ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਵਿਚ ਸਫ਼ਾਈ ਵਿਵਸਥਾ ਲਈ ਟਰਾਂਸਪੇਰੈਂਸੀ ਐਕਟ ਦੀ ਵਰਤੋਂ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਉੱਠ ਰਹੇ ਹਨ। ਪਿਛਲੇ ਲਗਭਗ 6-7 ਮਹੀਨਿਆਂ ਤੋਂ ਸ਼ਹਿਰ ਵਿਚ ਲਗਭਗ 170 ਟਰੈਕਟਰ-ਟਰਾਲੀਆਂ ਨਿਯਮਿਤ ਟੈਂਡਰ ਦੇ ਬਿਨਾਂ ਕੋਟੇਸ਼ਨ/ਸੈਂਕਸ਼ਨ ਵਰਕ ਦੇ ਆਧਾਰ ’ਤੇ ਚਲਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਕਰੋੜਾਂ ਰੁਪਏ ਦੇ ਇਸ ਕੰਮ ਲਈ ਫਰਵਰੀ-ਮਾਰਚ ਵਿਚ ਟੈਂਡਰ ਲਾਏ ਗਏ ਸਨ ਪਰ ਇਹ ਅੱਜ ਤਕ ਸਿਰੇ ਨਹੀਂ ਚੜ੍ਹ ਸਕੇ। ਜਾਣਕਾਰੀ ਮੁਤਾਬਕ ਨਿਗਮ ਦੇ ਓ. ਐਂਡ ਐੱਮ. ਸੈੱਲ ਵੱਲੋਂ ਲਾਏ ਗਏ ਇਨ੍ਹਾਂ ਟੈਂਡਰਾਂ ਨੂੰ ਪਹਿਲਾਂ ਕੋਰਟ ਕੇਸ ਦਾ ਹਵਾਲਾ ਦੇ ਕੇ ਅੱਗੇ ਨਹੀਂ ਵਧਇਆ ਗਿਆ। ਬਾਅਦ ਵਿਚ ਟੈਂਡਰ ਰੱਦ ਕਰ ਦਿੱਤੇ ਗਏ ਪਰ ਕਈ ਹਫ਼ਤੇ ਬੀਤਣ ਦੇ ਬਾਵਜੂਦ ਇਨ੍ਹਾਂ ਨੂੰ ਦੁਬਾਰਾ ਰੀ-ਕਾਲ ਨਹੀਂ ਕੀਤਾ ਗਿਆ। ਇਸ ਨਾਲ ਨਿਗਮ ਦੀ ਟੈਂਡਰ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਜਿਸ ਕੋਰਟ ਕੇਸ ਨੂੰ ਟੈਂਡਰ ਪ੍ਰਕਿਰਿਆ ਵਿਚ ਰੁਕਾਵਟ ਦਾ ਕਾਰਨ ਦੱਸਿਆ ਗਿਆ, ਉਸ ਵਿਚ ਨਿਗਮ ਵੱਲੋਂ ਕਥਿਤ ਤੌਰ ’ਤੇ ਕੋਈ ਵਕੀਲ ਅਦਾਲਤ ਵਿਚ ਪੇਸ਼ ਨਹੀਂ ਹੋਇਆ। ਨਿਗਮ ਅਧਿਕਾਰੀਆਂ ਵੱਲੋਂ ਮਾਮਲੇ ਵਿਚ ਲੋੜੀਂਦੀ ਪੈਰਵੀ ਨਾ ਕੀਤੇ ਜਾਣ ਦੇ ਦੋਸ਼ ਵੀ ਸਾਹਮਣੇ ਆਏ ਹਨ। ਅਜਿਹੇ ਵਿਚ ਸਵਾਲ ਉੱਠ ਰਿਹਾ ਹੈ ਕਿ ਜੇਕਰ ਮਾਮਲਾ ਅਦਾਲਤ ਵਿਚ ਪੈਂਡਿੰਗ ਸੀ ਤਾਂ ਨਿਗਮ ਨੇ ਉਸ ਦੀ ਪੈਰਵੀ ਨੂੰ ਲੈ ਕੇ ਕੀ ਕਦਮ ਉਠਾਏ।
ਇਹ ਵੀ ਪੜ੍ਹੋ: LPU ਮਾਮਲੇ 'ਚ ਇੰਫਲੂਐਂਸਰ ਜੇਮਸ ਦਹੀਆ ਦੀ ਵੀਡੀਓ ਆਈ ਸਾਹਮਣੇ! ਖੋਲ੍ਹੇ ਕਈ ਰਾਜ਼
ਚਹੇਤੇ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼
ਟੈਂਡਰ ਪ੍ਰਕਿਰਿਆ ਅੱਗੇ ਨਾ ਵਧਾਉਣ ਕਾਰਨ ਸੈਂਕਸ਼ਨ ਕੋਟੇਸ਼ਨ ਦੇ ਆਧਾਰ ’ਤੇ ਕੰਮ ਜਾਰੀ ਹੈ। ਦੋਸ਼ ਹੈ ਕਿ ਇਸ ਨਾਲ ਕੁਝ ਚੁਣੇ ਠੇਕੇਦਾਰਾਂ ਨੂੰ ਲਗਾਤਾਰ ਟਰੈਕਟਰ-ਟਰਾਲੀਆਂ ਚਲਾਉਣ ਦਾ ਕੰਮ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਨਗਰ ਨਿਗਮ ਕਮਿਸ਼ਨਰਾਂ ਨੂੰ ਐਮਰਜੈਂਸੀ ਨੇਚਰ ਦੇ 5 ਲੱਖ ਰੁਪਏ ਤਕ ਦੇ ਕੰਮ ਟਰਾਂਸਪੇਰੈਂਸੀ ਐਕਟ ਤਹਿਤ ਕਰਵਾਉਣ ਦਾ ਅਧਿਕਾਰ ਦਿੱਤਾ ਹੋਇਆ ਹੈ। ਇਸ ਦਾ ਉਦੇਸ਼ ਅਜਿਹੇ ਜ਼ਰੂਰੀ ਕੰਮਾਂ ਨੂੰ ਤੁਰੰਤ ਕਰਵਾਉਣਾ ਹੈ, ਜਿਥੇ ਆਮ ਟੈਂਡਰ ਪ੍ਰਕਿਰਿਆ ਵਿਚ ਦੇਰੀ ਨਾਲ ਜਨਤਕ ਸੇਵਾ ਪ੍ਰਭਾਵਿਤ ਹੋ ਸਕਦੀ ਹੈ। ਜਲੰਧਰ ਵਿਚ ਇਸ ਵਿਵਸਥਾ ਦੀ ਲਗਾਤਾਰ ਵਰਤੋਂ ਨੂੰ ਲੈ ਕੇ ਹੁਣ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਲੰਮੇ ਸਮੇਂ ਤਕ ਚੱਲਣ ਵਾਲੇ ਨਿਯਮਿਤ ਕੰਮਾਂ ਲਈ ਵੀ ਇਸ ਦਾ ਸਹਾਰਾ ਲਿਆ ਜਾ ਸਕਦਾ ਹੈ।
ਪਿਛਲੇ ਲਗਭਗ 6 ਮਹੀਨਿਆਂ ਤੋਂ ਸ਼ਹਿਰ ਵਿਚ 170 ਦੇ ਆਲੇ-ਦੁਆਲੇ ਟਰੈਕਟਰ-ਟਰਾਲੀਆਂ ਰੋਜ਼ਾਨਾ ਸਫਾਈ ਲਈ ਚੱਲ ਰਹੀਆਂ ਹਨ। ਇਨ੍ਹਾਂ ’ਤੇ ਹੋਣ ਵਾਲਾ ਖਰਚ ਲਗਾਤਾਰ ਵਧਣ ਦੀ ਗੱਲ ਕਹੀ ਜਾ ਰਹੀ ਹੈ, ਜਦਕਿ ਕੰਮ ਦਾ ਲਾਭ ਲੈਣ ਵਾਲੇ ਠੇਕੇਦਾਰਾਂ ਦੀ ਗਿਣਤੀ ਲਗਭਗ ਅੱਧੀ ਦਰਜਨ ਦੱਸੀ ਜਾ ਰਹੀ ਹੈ। ਅਜਿਹੇ ਵਿਚ ਨਿਗਮ ਦੇ ਖ਼ਰਚ ਅਤੇ ਪੂਰੀ ਪ੍ਰਕਿਰਿਆ ਦੀ ਪਾਰਦਰਸ਼ਿਤਾ ਨੂੰ ਲੈ ਕੇ ਸਵਾਲ ਉੱਠਣਾ ਸੁਭਾਵਿਕ ਹੈ।

ਇਹ ਵੀ ਪੜ੍ਹੋ: ਹਾਕੀ ਖਿਡਾਰੀ ਤੋਂ ਸਿਆਸਤ ਤੱਕ ਦਾ ਸਫ਼ਰ! ਨਵੇਂ ਪ੍ਰਧਾਨ ਬਣੇ ਪਰਗਟ ਸਿੰਘ ਦਾ ਜਾਣੋ ਪਿਛੋਕੜ
2-3 ਦਰਜਨ ਟਰਾਲੀਆਂ ’ਤੇ ਜੀ. ਪੀ. ਐੱਸ. ਨਹੀਂ, ਫਿਰ ਵੀ ਹੋ ਰਹੀ ਪੇਮੈਂਟ
ਮੇਅਰ ਵੱਲੋਂ ਟਰੈਕਟਰ-ਟਰਾਲੀਆਂ ਦੇ ਕੰਮ ਦੀ ਮਾਨੀਟਰਿੰਗ ਦੀ ਵਿਵਸਥਾ ਕੀਤੇ ਜਾਣ ਦੇ ਬਾਵਜੂਦ ਲਗਭਗ 2-3 ਦਰਜਨ ਟਰਾਲੀਆਂ ’ਤੇ ਜੀ. ਪੀ. ਐੱਸ. ਸਿਸਟਮ ਨਾ ਲੱਗਾ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਦੇ ਬਾਵਜੂਦ ਇਨ੍ਹਾਂ ਟਰਾਲੀਆਂ ਦੇ ਕੰਮ ਦੀ ਪੇਮੈਂਟ ਕੀਤੇ ਜਾਣ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਜੀ. ਪੀ. ਐੱਸ. ਦੇ ਬਿਨਾਂ ਇਨ੍ਹਾਂ ਗੱਡੀਆਂ ਦੀ ਲੋਕੇਸ਼ਨ, ਰੂਟ ਅਤੇ ਕੰਮ ਦੀ ਪੁਸ਼ਟੀ ਕਿਸ ਆਧਾਰ ’ਤੇ ਕੀਤੀ ਜਾ ਰਹੀ ਹੈ, ਇਹ ਵੀ ਜਾਂਚ ਦਾ ਵਿਸ਼ਾ ਹੈ। ਟਰੈਕਟਰ-ਟਰਾਲੀਆਂ ਦੀ ਗਿਣਤੀ ਵਧਣ ਅਤੇ ਸਫ਼ਾਈ ’ਤੇ ਖ਼ਰਚ ਕੀਤੇ ਜਾਣ ਦੇ ਬਾਅਦ ਸ਼ਹਿਰ ਦੇ ਕਈ ਹਿੱਸਿਆਂ ਵਿਚ ਸਫਾਈ ਵਿਵਸਥਾ ਵਿਚ ਸੁਧਾਰ ਤਾਂ ਨਜ਼ਰ ਆਇਆ ਹੈ ਪਰ ਨਿਯਮਿਤ ਟੈਂਡਰ ਨਾ ਹੋਣ, ਲੰਮੇ ਸਮੇਂ ਤਕ ਕੋਟੇਸ਼ਨ ਦੇ ਆਧਾਰ ’ਤੇ ਕੰਮ ਚਲਾਉਣ ਅਤੇ ਕੁਝ ਟਰਾਲੀਆਂ ’ਤੇ ਜੀ. ਪੀ. ਐੱਸ. ਨਾ ਹੋਣ ਕਾਰਨ ਹੁਣ ਪੂਰੀ ਵਿਵਸਥਾ ਦੀ ਨਿਗਰਾਨੀ ਅਤੇ ਖਰਚ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਨਿਗਮ ਨੂੰ ਹੁਣ ਇਨ੍ਹਾਂ ਕੰਮਾਂ ਲਈ ਨਿਯਮਿਤ ਟੈਂਡਰ ਪ੍ਰਕਿਰਿਆ ਪੂਰੀ ਕਰਨ ਦੇ ਨਾਲ-ਨਾਲ ਹੁਣ ਤਕ ਕੀਤੇ ਗਏ ਭੁਗਤਾਨ ਅਤੇ ਸੈਂਕਸ਼ਨ ਵਰਕ ਦਾ ਪੂਰਾ ਰਿਕਾਰਡ ਵੀ ਸਪੱਸ਼ਟ ਕਰਨਾ ਹੋਵੇਗਾ।
ਸਫ਼ਾਈ ਵਿਵਸਥਾ ਦੇਖ ਕਮਿਸ਼ਨਰ ਨੇ ਪ੍ਰਗਟਾਈ ਨਾਰਾਜ਼ਗੀ, ਪ੍ਰਮੁੱਖ ਸੜਕਾਂ ਅਤੇ ਡੰਪ ਸਥਾਨਾਂ ਦਾ ਕੀਤਾ ਦੌਰਾ
ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਬੀਤੇ ਦਿਨ ਹੈਲਥ ਅਫਸਰ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਅਤੇ ਹੋਰ ਅਧਿਕਾਰੀਆਂ ਨਾਲ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਈ ਪ੍ਰਮੁੱਖ ਸੜਕਾਂ ਅਤੇ ਡੰਪ ਸਥਾਨਾਂ ਦਾ ਦੌਰਾ ਕਰਕੇ ਮੌਕੇ ’ਤੇ ਸਫ਼ਾਈ ਵਿਵਸਥਾ ਵੇਖੀ। ਟੀ. ਵੀ. ਸੈਂਟਰ ਸਾਹਮਣੇ ਸਮੇਤ ਕੁਝ ਹੋਰ ਡੰਪ ਸਥਾਨਾਂ ’ਤੇ ਗੰਦਗੀ ਮਿਲਣ ’ਤੇ ਕਮਿਸ਼ਨਰ ਨੇ ਨਾਰਾਜ਼ਗੀ ਪ੍ਰਗਟਾਈ ਅਤੇ ਅਧਿਕਾਰੀਆਂ ਨੂੰ ਤੁਰੰਤ ਵਿਵਸਥਾ ਸੁਧਾਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਆਪਣੇ ਇਲਾਕਿਆਂ ਵਿਚ ਮੁਸਤੈਦੀ ਨਾਲ ਕੰਮ ਕਰਨ ਅਤੇ ਪ੍ਰਾਈਵੇਟ ਠੇਕੇਦਾਰਾਂ ਦੇ ਸਫਾਈ ਕੰਮ ਦੀ ਨਿਯਮਿਤ ਮਾਨੀਟਰਿੰਗ ਕਰਨ ਨੂੰ ਕਿਹਾ ਹੈ। ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਸਫ਼ਾਈ ਵਿਵਸਥਾ ਵਿਚ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੇ ਲਗਾਤਾਰ ਫੀਲਡ ਦੌਰੇ ਨਾਲ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੀ ਸਫ਼ਾਈ ਵਿਵਸਥਾ ਵਿਚ ਸੁਧਾਰ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਭਾਵੇਂ ਕਮਿਸ਼ਨਰ ਨੂੰ ਨਵਾਂ ਅਹੁਦਾ ਸੰਭਾਲਿਆਂ ਲਗਭਗ ਇਕ ਮਹੀਨਾ ਹੋਣ ਨੂੰ ਹੈ, ਫਿਰ ਵੀ ਅਜੇ ਤਕ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਪਟੜੀ ’ਤੇ ਨਹੀਂ ਆ ਸਕੀ ਹੈ।
ਇਹ ਵੀ ਪੜ੍ਹੋ: ਪਰਗਟ ਸਿੰਘ ਨੂੰ ਹੀ ਕਿਉਂ ਬਣਾਇਆ ਗਿਆ PPCC ਦਾ ਪ੍ਰਧਾਨ! ਜਾਣੋ ਆਖ਼ਰੀ ਸਮੇਂ ਕਿਵੇਂ ਪਲਟ ਗਿਆ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
LPU ਮਾਮਲੇ 'ਚ ਇੰਫਲੂਐਂਸਰ ਜੇਮਸ ਦਹੀਆ ਦੀ ਵੀਡੀਓ ਆਈ ਸਾਹਮਣੇ! ਖੋਲ੍ਹੇ ਕਈ ਰਾਜ਼
NEXT STORY