ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਚੱਬੇਵਾਲ ਅਧੀਨ ਪਿੰਡ ਕੋਠੀ 'ਚੋਂ ਮਿਲੀ ਮ੍ਰਿਤਕ ਨਵਜੰਮੀ ਬੱਚੀ ਦੇ ਮਾਤਾ-ਪਿਤਾ ਦਾ ਪੁਲਸ ਦੂਜੇ ਦਿਨ ਵੀ ਕੋਈ ਸੁਰਾਗ ਨਹੀਂ ਲਾ ਸਕੀ। ਇਸ ਦੌਰਾਨ ਬੀਤੇ ਦਿਨ ਚੱਬੇਵਾਲ ਪੁਲਸ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਮ੍ਰਿਤਕ ਨਵਜੰਮੀ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਪੋਸਟਮਾਰਟਮ ਡਾ. ਹਰਸਿਮਰਨ ਸਿੰਘ ਅਤੇ ਫੋਰੈਂਸਿਕ ਐਕਸਪਰਟ-ਕਮ-ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਸਿੰਘ ਦੀ ਵਿਸ਼ੇਸ਼ ਨਿਗਰਾਨੀ 'ਚ ਕੀਤਾ ਗਿਆ। ਮ੍ਰਿਤਕ ਨਵਜੰਮੀ ਬੱਚੀ ਦਾ ਡੀ. ਐੱਨ. ਏ. ਸੈਂਪਲ ਡਾਕਟਰਾਂ ਨੇ ਪੁਲਸ ਦੇ ਹਵਾਲੇ ਕਰ ਦਿੱਤਾ ਤਾਂ ਕਿ ਬਾਅਦ 'ਚ ਸ਼ੱਕੀ ਮਾਤਾ-ਪਿਤਾ ਦੇ ਡੀ. ਐੱਨ. ਏ. ਨਾਲ ਬੱਚੀ ਦੇ ਡੀ. ਐੱਨ. ਏ. ਸੈਂਪਲ ਦਾ ਮਿਲਾਨ ਕਰ ਕੇ ਦੋਸ਼ੀਆਂ ਦਾ ਪਤਾ ਲਾਇਆ ਜਾ ਸਕੇ।
ਪੁਲਸ ਦੂਜੇ ਦਿਨ ਵੀ ਸੁਰਾਗ ਲਾਉਣ ਦੀ ਕੋਸ਼ਿਸ਼ 'ਚ ਜੁਟੀ ਰਹੀ
ਵਰਣਨਯੋਗ ਹੈ ਕਿ ਮਾਂ ਦੀ ਮਮਤਾ ਨੂੰ ਸ਼ਰਮਸਾਰ ਕਰਨ ਵਾਲੇ ਇਸ ਮਾਮਲੇ ਵਿਚ ਅਸਲ ਦੋਸ਼ੀਆਂ ਦੀ ਪਛਾਣ ਕਰਨ ਲਈ ਪੁਲਸ ਦੂਜੇ ਦਿਨ ਵੀ ਕੋਠੀ ਪਿੰਡ ਅਤੇ ਨੇੜਲੇ ਪਿੰਡਾਂ 'ਚ ਸੁਰਾਗ ਲਾਉਣ ਲਈ ਆਪਣਾ ਵਾਹ ਲਾਉਣ ਵਿਚ ਜੁਟੀ ਰਹੀ। ਪੁਲਸ ਸਿਹਤ ਵਿਭਾਗ ਦੀ ਸਹਾਇਤਾ ਨਾਲ ਇਹ ਪਤਾ ਲਾਉਣ ਵਿਚ ਜੁਟੀ ਹੋਈ ਹੈ ਕਿ ਕਿਸ ਘਰ ਵਿਚ ਗਰਭਵਤੀ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਉਸ ਦੀ ਹਾਲਤ ਹੁਣ ਕੀ ਹੈ। ਪੁਲਸ ਨੇੜਲੇ ਇਲਾਕਿਆਂ ਦੇ ਹਸਪਤਾਲਾਂ ਨੂੰ ਵੀ ਜਾਂਚ ਪ੍ਰਕਿਰਿਆ ਵਿਚ ਸ਼ਾਮਲ ਕਰਨ ਜਾ ਰਹੀ ਹੈ।
ਖੁਲਾਸਾ : ਜਨਮ ਦੇ ਕੁਝ ਘੰਟਿਆਂ ਅੰਦਰ ਹੋਈ ਨਵਜੰਮੀ ਬੱਚੀ ਦੀ ਮੌਤ : ਡਾ. ਜਸਵਿੰਦਰ
ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਤਾਇਨਾਤ ਸੀਨੀਅਰ ਮੈਡੀਕਲ ਅਫ਼ਸਰ-ਕਮ-ਫੋਰੈਂਸਿਕ ਐਕਸਪਰਟ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਪ੍ਰਕਿਰਿਆ ਪੂਰੀ ਕਰ ਕੇ ਪੁਲਸ ਨੂੰ ਡੀ. ਐੱਨ. ਏ. ਦਾ ਸੈਂਪਲ ਸੌਂਪ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ ਬੱਚੀ ਦੀ ਮੌਤ ਜਨਮ ਲੈਣ ਦੇ ਕੁਝ ਘੰਟਿਆਂ ਬਾਅਦ ਝਾੜੀ 'ਚ ਸੁੱਟਣ ਤੋਂ ਬਾਅਦ ਹੀ ਹੋਈ ਹੈ, ਭਾਵ ਪੋਸਟਮਾਰਟਮ ਤੋਂ 48 ਘੰਟੇ ਪਹਿਲਾਂ। ਇਲਾਕੇ 'ਚ ਪੈ ਰਹੀ ਠੰਡ ਦੌਰਾਨ ਬੱਚੀ ਨੇ ਦਮ ਤੋੜ ਦਿੱਤਾ ਹੋਵੇਗਾ।
ਲੋਕ-ਸ਼ਰਮ ਕਾਰਨ ਹੀ ਬੱਚੀ ਸੁੱਟਣ ਦਾ ਲੱਗਦੈ ਮਾਮਲਾ : ਐੱਸ. ਐੱਚ. ਓ.
ਥਾਣਾ ਚੱਬੇਵਾਲ ਵਿਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਕੁਮਾਰ ਨੇ ਪੁੱਛਣ 'ਤੇ ਦੱਸਿਆ ਕਿ ਮਾਮਲੇ ਦੀ ਆਰੰਭਿਕ ਜਾਂਚ ਅਨੁਸਾਰ ਪੂਰਾ ਮਾਮਲਾ ਲੋਕ-ਸ਼ਰਮ ਕਾਰਨ ਬੱਚੀ ਨੂੰ ਰਾਤ ਸਮੇਂ ਝਾੜੀਆਂ 'ਚ ਸੁੱਟਣ ਦਾ ਲੱਗ ਰਿਹਾ ਹੈ। ਪੁਲਸ ਨੇ ਮ੍ਰਿਤਕ ਨਵਜੰਮੀ ਬੱਚੀ ਦੀ ਲਾਸ਼ ਦਾ ਡੀ. ਐੱਨ. ਏ. ਸੈਂਪਲ ਲੈ ਲਿਆ ਹੈ। ਜਦੋਂ ਵੀ ਸ਼ੱਕੀ ਮਾਤਾ-ਪਿਤਾ ਦਾ ਕੋਈ ਸੁਰਾਗ ਮਿਲਿਆ ਤਾਂ ਪੁਲਸ ਉਨ੍ਹਾਂ ਦਾ ਬਲੱਡ ਸੈਂਪਲ ਲੈ ਕੇ ਇਸ ਮ੍ਰਿਤਕ ਨਵਜੰਮੀ ਬੱਚੀ ਦੇ ਡੀ. ਐੱਨ. ਏ. ਸੈਂਪਲ ਨਾਲ ਮਿਲਾਨ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕਰੇਗੀ। ਸ਼ਨੀਵਾਰ ਨੂੰ ਡੀ. ਐੱਨ. ਏ. ਸੈਂਪਲ ਲੈਣ ਤੋਂ ਬਾਅਦ ਲਾਸ਼ ਸਸਕਾਰ ਲਈ ਨਿਗਮ ਦੇ ਹਵਾਲੇ ਕਰ ਦਿੱਤੀ ਗਈ ਹੈ।
ਵਾਲੀਆਂ ਤੇ ਚੇਨੀਆਂ ਖੋਹਣ ਵਾਲੇ 3 ਲੁਟੇਰੇ ਕਾਬੂ
NEXT STORY