ਰੋਪੜ, (ਵਿਜੇ ਸ਼ਰਮਾ/ਕਰਨ ਮਕੋਲ)- ਪੰਜਾਬ ਪੁਲਸ ਵੱਲੋਂ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਵਿੱਢੀ ਗਈ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਦੇ ਤਹਿਤ ਰੂਪਨਗਰ ਪੁਲਸ ਨੇ ਜਿੱਥੇ ਬਾਹਰੀ ਸੂਬਿਆਂ ਤੋਂ ਲਿਆਂਦੀ ਜਾ ਰਹੀ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ, ਉੱਥੇ ਹੀ ਪਿੰਡ ਪੁਰਖਾਲੀ ਨੇੜੇ ਹੋਏ ਇੱਕ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐਸ.ਐਸ.ਪੀ. ਮਨਿੰਦਰ ਸਿੰਘ ਨੇ ਦੱਸਿਆ ਕਿ ਡੀ.ਆਈ.ਜੀ. ਨਾਨਕ ਸਿੰਘ ਦੀ ਅਗਵਾਈ ਹੇਠ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਟੀਮ ਨੇ ਪਿੰਡ ਭਟੋਲੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਚੈਕਿੰਗ ਦੌਰਾਨ ਇੱਕ ਟਰੱਕ (ਨੰਬਰ HP 67 8087) ਵਿੱਚੋਂ 3 ਕੁਇੰਟਲ 85 ਕਿੱਲੋ (385 ਕਿੱਲੋ) ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ। ਪੁਲਸ ਨੇ ਮੌਕੇ 'ਤੇ ਟਰੱਕ ਚਾਲਕ ਵਿਕਰਮ ਸਿੰਘ ਉਰਫ਼ ਵਿੱਕੀ (30) ਅਤੇ ਕੰਡਕਟਰ ਅਰੁਣ ਕੁਮਾਰ (36), ਜੋ ਕਿ ਦੋਵੇਂ ਜ਼ਿਲ੍ਹਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਦੇ ਰਹਿਣ ਵਾਲੇ ਹਨ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੂਜੇ ਮਾਮਲੇ ਵਿੱਚ ਰੂਪਨਗਰ ਪੁਲਸ ਨੇ ਅਲੀ ਮੁਹੰਮਦ ਉਰਫ਼ ਤੰਨੂ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ, ਜਿਸ ਦੀ ਲਾਸ਼ 2 ਮਾਰਚ 2026 ਨੂੰ ਮਿਲੀ ਸੀ। ਸੀ.ਸੀ.ਟੀ.ਵੀ. ਅਤੇ ਤਕਨੀਕੀ ਮਦਦ ਨਾਲ ਇਹ ਗੱਲ ਸਾਹਮਣੇ ਆਈ ਕਿ ਇਹ ਕਤਲ ਪੁਰਾਣੀ ਰੰਜਿਸ਼ ਕਾਰਨ ਅਗਵਾ ਕਰਕੇ ਕੀਤਾ ਗਿਆ ਸੀ। ਇਸ ਵਾਰਦਾਤ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਨਦੀਪ ਸਿੰਘ: ਵਾਸੀ ਨਵਾਂ ਸ਼ਹਿਰ (ਬਡਾਲਾ), ਜਿਸ 'ਤੇ ਪਹਿਲਾਂ ਵੀ 2 ਮਾਮਲੇ ਦਰਜ ਹਨ। ਰਿੱਕੀ: ਵਾਸੀ ਚੂਹੜ ਮਾਜਰਾ, ਜਿਸ 'ਤੇ ਲਗਭਗ 10 ਅਪਰਾਧਿਕ ਮਾਮਲੇ ਦਰਜ ਹਨ। ਸੁਖਵਿੰਦਰ ਕੌਰ (ਰਿੱਕੀ ਦੀ ਪਤਨੀ) ਅਤੇ ਗੁਰਜੀਤ ਸਿੰਘ। ਪੁਲਸ ਨੇ ਵਾਰਦਾਤ ਵਿੱਚ ਵਰਤੀ ਗਈ ਸਿਲਵਰ ਰੰਗ ਦੀ ਇਨੋਵਾ ਕਾਰ (ਨੰਬਰ CH-04-C-2618) ਵੀ ਬਰਾਮਦ ਕਰ ਲਈ ਹੈ।
ਪੁਲਸ ਅਧਿਕਾਰੀਆਂ ਅਨੁਸਾਰ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਅਹਿਮ ਖੁਲਾਸੇ ਹੋ ਸਕਣ।
ਕਹਿਰ ਓ ਰੱਬਾ! ਵਿਆਹ 'ਤੇ ਜਾ ਰਹੀਆਂ ਸਹੇਲੀਆਂ ਨਾਲ ਵਾਪਰਿਆ ਭਿਆਨਕ ਹਾਦਸਾ, ਤੜਫ਼-ਤੜਫ਼ ਕੇ ਨਿਕਲੀ ਜਾਨ
NEXT STORY