ਸ੍ਰੀ ਕੀਰਤਪੁਰ ਸਾਹਿਬ, 24 ਅਪ੍ਰੈਲ (ਬਾਲੀ)- ਦੋ ਗੁਰੂ ਸਾਹਿਬ ਜੀ ਦੀ ਜਨਮ ਭੂਮੀ ਅਤੇ ਚਾਰ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਸਿੱਖਾਂ ਦੇ ਹਰਿਦੁਆਰ ਵਜੋ ਜਾਣੀ ਜਾਂਦੀ ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਜਿਸ ਨੂੰ ਹਿਮਾਚਲ ਪ੍ਰਦੇਸ਼ ਦਾ ਪ੍ਰਵੇਸ਼ ਦੁਆਰ ਵੀ ਕਿਹਾ ਜਾਂਦਾ ਹੈ ਪਿਛਲੇ 14 ਸਾਲ ਤੋਂ ਬੱਸ ਅੱਡੇ ਦੀ ਸਹੂਲਤ ਲਈ ਤਰਸ ਰਿਹਾ ਹੈ। ਬੱਸ ਅੱਡੇ ਦੀ ਘਾਟ ਕਾਰਨ ਵੱਖ-ਵੱਖ ਸ਼ਹਿਰਾਂ ਅਤੇ ਦੂਜੇ ਰਾਜਾਂ ਲਈ ਬੱਸ ਲੈਣ ਲਈ ਲੋਕਲ ਸਵਾਰੀਆਂ ਅਤੇ ਇਸ ਨਗਰੀ ਵਿਚ ਬਾਹਰੋਂ ਮੱਥਾ ਟੇਕਣ ਲਈ ਆਉਣ ਵਾਲੀਆਂ ਸੰਗਤਾਂ ਨੂੰ ਵੱਖ-ਵੱਖ ਥਾਂਵਾਂ ’ਤੇ ਨੀਲੀ ਛੱਤ ਥੱਲੇ ਖੜ੍ਹ ਕੇ ਬੱਸਾਂ ਦਾ ਇੰਤਜਾਰ ਕਰਨਾ ਪੈਂਦਾ ਹੈ। ਬੇਸ਼ੱਕ ਮੌਜੂਦਾ ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਬੱਸ ਅੱਡਾ ਬਣਾਉਣ ਬਾਰੇ ਕਿਹਾ ਗਿਆ ਹੈ ਪਰ ਇਸ ਨੂੰ ਅਜੇ ਤੱਕ ਕੋਈ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਹੈ।
ਕੀ ਹੈ ਸ੍ਰੀ ਕੀਰਤਪੁਰ ਸਾਹਿਬ ਦੀ ਇਤਿਹਾਸਕ ਮੱਹਤਤਾ
ਸ੍ਰੀ ਕੀਰਤਪੁਰ ਸ੍ਰੀ ਕੀਰਤਪੁਰ ਸਾਹਿਬ ਦੀ ਨਗਰੀ ਨੂੰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਉਨ੍ਹਾਂ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੇ ਅਬਾਦ ਕੀਤਾ ਸੀ। ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਦੇ ਅਸਥਾਨ ’ਤੇ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਅਤੇ ਬਾਅਦ ਵਿਚ ਉਨ੍ਹਾਂ ਦੇ ਘਰ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਜਨਮ ਹੋਇਆ ਸੀ। ਇਸ ਤੋਂ ਇਲਾਵਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ, ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ ਹੋਏ ਹਨ।
ਇਹ ਵੀ ਪੜ੍ਹੋ- ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਨਰਸਿੰਗ ਦੀ ਪੜ੍ਹਾਈ ਕਰ ਰਹੇ 18 ਸਾਲਾ ਨੌਜਵਾਨ ਦੀ ਦਰਦਨਾਕ ਮੌਤ
ਇਸ ਨਗਰੀ ਦੇ ਗੁਰਦੁਆਰਾ ਥੜ੍ਹਾ ਸਾਹਿਬ ਡੇਰਾ ਬਾਬਾ ਸ੍ਰੀ ਚੰਦ ਜੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਅਤੇ ਉਦਾਸੀ ਸੰਪਰਦਾ ਦੇ ਮੋਢੀ ਬਾਬਾ ਸ੍ਰੀ ਚੰਦ ਜੀ ਨੇ ਤਪੱਸਿਆ ਕੀਤੀ ਸੀ। ਇਸ ਤੋਂ ਇਲਾਵਾ ਇਹ ਨਗਰੀ ਦੇਹਰਾਦੂਨ ਵਾਲੇ ਗੁਰੂ ਬਾਬਾ ਰਾਮ ਰਾਏ ਜੀ ਦੀ ਵੀ ਜਨਮ ਭੂਮੀ ਹੈ। ਇਸ ਨਗਰੀ ਵਿਚ ਕਈ ਵਿਸ਼ਵ ਪ੍ਰਸਿੱਧੀ ਵਾਲੇ ਇਤਿਹਾਸਕ ਗੁਰਦੁਆਰੇ ਹਨ ਜਿਨ੍ਹਾਂ ਵਿਚ ਗੁਰਦੁਆਰਾ ਚਰਨ ਕੰਵਲ ਸਾਹਿਬ, ਗੁ. ਸ਼ੀਸ਼ ਮਹਿਲ ਸਾਹਿਬ, ਗੁ. ਬਾਬਾ ਗੁਰਦਿੱਤਾ ਜੀ, ਡੇਰਾ ਬਾਬਾ ਸ੍ਰੀ ਚੰਦ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਪ੍ਰਸਿੱਧ ਦਰਗਾਹ ਵੀ ਸ਼ਾਮਲ ਹੈ। ਇਸ ਨਗਰੀ ਦਾ ਵਿਸ਼ਵ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਪਤਾਲਪੁਰੀ ਸਾਹਿਬ, ਜਿਸ ਨੂੰ ਸਿੱਖ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਹਰਿਦੁਆਰ ਵਜੋਂ ਜਾਣਿਆ ਜਾਂਦਾ ਹੈ। ਇਸ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਸਤਲੁਜ ਦਰਿਆ ’ਤੇ ਬਣੇ ਅਸਤਘਾਟ ਤੋਂ ਰੋਜ਼ਾਨਾ ਹੀ ਸੈਂਕਡ਼ਿਆਂ ਦੀ ਤਦਾਦ ਵਿਚ ਦੇਸ਼, ਵਿਦੇਸ਼ ਤੋਂ ਸੰਗਤਾਂ ਵਲੋਂ ਆ ਕੇ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀਆਂ ਅਸਤੀਆਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਹਨ।
ਗ੍ਰਾਮ ਪੰਚਾਇਤ ਕੀਰਤਪੁਰ ਸਾਹਿਬ ਨੇ ਬਣਾਇਆ ਸੀ ਬੱਸ ਅੱਡਾ
ਸ੍ਰੀ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਬਾਹਰੋਂ ਆਉਣ ਵਾਲੀ ਸੰਗਤ ਅਤੇ ਸਥਾਨਕ ਵਸਨੀਕਾਂ ਦੀ ਸਹੂਲਤ ਲਈ ਗ੍ਰਾਮ ਪੰਚਾਇਤ ਕੀਰਤਪੁਰ ਸਾਹਿਬ ਦੇ ਸਰਪੰਚ ਸਵਰਗਵਾਸੀ ਮਨੋਹਰ ਲਾਲ ਬੇਦੀ ਵਲੋਂ ਉਸ ਸਮੇਂ ਦੀ ਡਿਪਟੀ ਕਮਿਸ਼ਨਰ ਵਿੰਨੀ ਮਹਾਜਨ ਦੀ ਪ੍ਰਵਾਨਗੀ ਅਤੇ ਬੀ. ਬੀ. ਐੱਮ. ਬੀ. ਵਿਭਾਗ ਤੋਂ ਮਨਜ਼ੂਰੀ ਲੈ ਕੇ ਗੁਰਦੁਆਰਾ ਪਤਾਲਪੁਰੀ ਸਾਹਿਬ ਰੇਲਵੇ ਫਾਟਕਾਂ ਦੇ ਨਜ਼ਦੀਕ ਸ੍ਰੀ ਕੀਰਤਪੁਰ ਸਾਹਿਬ ਰੋਪੜ ਮਾਰਗ ’ਤੇ ਬੱਸ ਅੱਡੇ ਦਾ ਨਿਰਮਾਣ ਕਰਵਾਇਆ ਗਿਆ ਸੀ ਜਿਸ ਵਿਚ ਸਵਾਰੀਆਂ ਦੇ ਬੈਠਣ ਲਈ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਬੱਸ ਅੱਡੇ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਆ ਕੇ ਰੁਕਦੀਆਂ ਸਨ। ਬੱਸ ਅੱਡੇ ’ਚ ਅਤੇ ਬਾਹਰ ਸਵਾਰੀਆਂ ਦੀ ਸਹੂਲਤ ਲਈ ਰੋਟੀ, ਚਾਹ ਆਦਿ ਦੀਆਂ ਕਈ ਦੁਕਾਨਾਂ ਚਲਦੀਆਂ ਸਨ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੋਇਆ ਸੀ। ਇਸ ਬੱਸ ਅੱਡੇ ਵਿਚ ਆਉਣ ਵਾਲੀ ਹਰੇਕ ਬੱਸ ਦੀ ਗ੍ਰਾਮ ਪੰਚਾਇਤ ਕੀਰਤਪੁਰ ਸਾਹਿਬ ਵਲੋਂ 10 ਰੁਪਏ ਦੀ ਪਰਚੀ ਕੱਟੀ ਜਾਂਦੀ ਸੀ। ਕੁਝ ਦੁਕਾਨਾਂ ਦੇ ਕਿਰਾਏ ਅਤੇ ਬੱਸ ਅੱਡੇ ਦੀ ਪਰਚੀ ਨਾਲ ਕੀਰਤਪੁਰ ਸਾਹਿਬ ਪੰਚਾਇਤ ਨੂੰ ਆਮਦਨ ਹੁੰਦੀ ਸੀ, ਜਿਸ ਨਾਲ ਗ੍ਰਾਮ ਪੰਚਾਇਤ ਵੱਲੋਂ ਆਪਣੇ ਏਰੀਏ ਵਿਚ ਵਿਕਾਸ ਕਾਰਜ ਕਰਵਾਏ ਜਾਂਦੇ ਸਨ।
ਇਹ ਵੀ ਪੜ੍ਹੋ- ਪਹਿਲਾਂ ਪੁੱਛਿਆ ਰਾਹ, ਫਿਰ ਕੁੜੀ ਨਾਲ ਕਰ ਗਏ ਵੱਡਾ ਕਾਂਡ, ਕੈਮਰੇ 'ਚ ਕੈਦ ਹੋਈ ਘਟਨਾ ਨੇ ਉਡਾਏ ਸਭ ਦੇ ਹੋਸ਼
ਕੌਮੀ ਮਾਰਗ ਦੇ ਨਿਰਮਾਣ ਸਮੇਂ ਬ੍ਰਿਜ ਵਿਚ ਆਇਆ ਬੱਸ ਅੱਡਾ
ਸ੍ਰੀ ਕੀਰਤਪੁਰ ਸਾਹਿਬ ਤੋਂ ਕੁਰਾਲੀ ਤੱਕ ਕੌਮੀ ਮਾਰਗ ਨੂੰ ਚਾਰ ਮਾਰਗੀ ਬਣਾਉਣ ਲਈ ਸਾਲ 2008 ਵਿਚ ਕੰਮ ਸ਼ੁਰੂ ਕੀਤਾ ਗਿਆ ਜਿਸ ਵਿਚ ਭਾਖੜਾ ਨਹਿਰ ਦੇ ਉਪਰ ਓਵਰ ਬ੍ਰਿਜ ਦਾ ਨਿਰਮਾਣ ਕਰਨਾ ਵੀ ਸ਼ਾਮਲ ਸੀ। ਸਾਲ 2009-10 ਵਿਚ ਕੀਰਤਪੁਰ ਸਾਹਿਬ ਦਾ ਬੱਸ ਅੱਡਾ ਨਵੀਂ ਬਣ ਰਹੀ ਚਾਰ ਮਾਰਗੀ ਸਡ਼ਕ ਅਤੇ ਓਵਰ ਬ੍ਰਿਜ ਵਿਚ ਆਉਣ ਕਾਰਨ ਇਸ ਨੂੰ ਢਾਹ ਦਿੱਤਾ ਗਿਆ ਅਤੇ ਇਸ ਦਾ ਮੁਆਵਜ਼ਾ ਕਰੀਬ 48 ਲੱਖ ਰੁਪਏ ਗ੍ਰਾਮ ਪੰਚਾਇਤ ਕੀਰਤਪੁਰ ਸਾਹਿਬ ਨੂੰ ਮਿਲਿਆ ਸੀ। ਗ੍ਰਾਮ ਪੰਚਾਇਤ ਕੀਰਤਪੁਰ ਸਾਹਿਬ ਵਲੋਂ ਨਵਾਂ ਬੱਸ ਅੱਡਾ ਬਣਾਉਣ ਲਈ ਉਕਤ ਪੁਰਾਣੀ ਥਾਂ ਦੇ ਨਾਲ ਜ਼ਮੀਨ ਦੀ ਘਾਟ ਕਾਰਨ ਅਤੇ ਹੋਰ ਪਾਸੇ ਜਗ੍ਹਾ ਨਾ ਮਿਲਣ ਕਾਰਨ ਮੁਆਵਜ਼ੇ ਦਾ ਮਿਲਿਆ ਪੈਸਾ ਆਪਣੇ ਏਰੀਏ ਦੇ ਵਿਕਾਸ ਕਾਰਜ ਉਪਰ ਖਰਚ ਕਰ ਦਿੱਤਾ।
2013 ਵਿਚ ਕੀਰਤਪੁਰ ਸਾਹਿਬ ਨਗਰ ਪੰਚਾਇਤ ਆਈ ਹੋਂਦ ਵਿਚ
ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਬਣੀ। ਉਸ ਸਮੇਂ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਦੇ ਵਿਧਾਇਕ ਮਦਨ ਮੋਹਨ ਮਿੱਤਲ ਪੰਜਾਬ ਵਜ਼ਾਰਤ ਵਿਚ ਕੈਬਨਿਟ ਮੰਤਰੀ ਬਣੇ,ਉਨ੍ਹਾਂ ਨੇ ਕੀਰਤਪੁਰ ਸਾਹਿਬ ਦੀ ਧਾਰਮਿਕ ਮੱਹਤਤਾ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦੇ ਸਰਵਪੱਖੀ ਵਿਕਾਸ ਲਈ ਪੰਜ ਪਿੰਡਾਂ ਦੀਆਂ ਪੰਚਾਇਤਾਂ ਨੂੰ ਭੰਗ ਕਰ ਕੇ ਸਾਲ 2013 ਵਿਚ ਨਗਰ ਪੰਚਾਇਤ ਕੀਰਤਪੁਰ ਸਾਹਿਬ ਦਾ ਗਠਨ ਕੀਤਾ। ਉਸ ਸਮੇਂ ਤੋਂ ਲੈ ਕੇ ਹੁਣ ਤੱਕ 11 ਸਾਲ ਦੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋਡ਼ ਸਰਕਾਰ, ਕਾਂਗਰਸ ਦੀ ਸਰਕਾਰ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਬੱਸ ਅੱਡੇ ਦੀ ਸਹੂਲਤ ਲੋਕਾਂ ਨੂੰ ਨਹੀਂ ਦੇ ਸਕੀ।
ਬੱਸ ਅੱਡੇ ਦੀ ਘਾਟ ਕਾਰਨ ਸਵਾਰੀਆਂ ਨੂੰ ਕਰਨਾ ਪੈਂਦਾ ਹੈ ਪ੍ਰੇਸ਼ਾਨੀ ਦਾ ਸਾਹਮਣਾ
ਸ੍ਰੀ ਕੀਰਤਪੁਰ ਸਾਹਿਬ ਵਿਖੇ ਇਸ ਸਮੇਂ ਬੱਸ ਅੱਡਾ ਨਾ ਹੋਣ ਕਾਰਨ ਬਾਹਰੋਂ ਮੱਥਾ ਟੇਕਣ ਲਈ ਆਉਣ ਵਾਲੀ ਸੰਗਤ ਅਤੇ ਸਵਾਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਕੀਰਤਪੁਰ ਸਾਹਿਬ ਤੋਂ ਨੰਗਲ, ਊਨਾ ਅਤੇ ਸ੍ਰੀ ਕੀਰਤਪੁਰ ਸਾਹਿਬ ਤੋਂ ਰੋਪਡ਼, ਚੰਡੀਗਡ਼੍ਹ ਆਦਿ ਥਾਂਵਾਂ ’ਤੇ ਜਾਣ ਲਈ ਸਵਾਰੀਆਂ ਸਬਜ਼ੀ ਮੰਡੀ ਨਜ਼ਦੀਕ ਮੁੱਖ ਸਡ਼ਕ ’ਤੇ ਜਿਸ ਨੂੰ ਪੁਰਾਣਾ ਬੱਸ ਅੱਡਾ ਵੀ ਕਿਹਾ ਜਾਂਦਾ ਹੈ ਅਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਚੌਕ ਓਵਰ ਬ੍ਰਿਜ ਦੇ ਹੇਠਾਂ ਜਿਸ ਨੂੰ ਨਵਾਂ ਬੱਸ ਅੱਡਾ ਕਿਹਾ ਜਾਂਦਾ ਹੈ, ਵਿਖੇ ਸੜਕ ਕਿਨਾਰੇ ਖੜ੍ਹ ਕੇ ਬੱਸਾਂ ਦਾ ਇੰਤਜਾਰ ਕਰਦੀਆਂ ਹਨ। ਸਵਾਰੀਆਂ ਨੂੰ ਮੀਂਹ, ਹਨੇਰੀ, ਸਰਦੀ,ਗਰਮੀ ਵਿਚ ਬਿਨਾ ਛੱਤ ਤੋਂ ਹੀ ਨੀਲੇ ਆਸਮਾਨ ਥੱਲੇ ਖੜ੍ਹਨਾ ਪੈਂਦਾ ਹੈ। ਸਵਾਰੀਆਂ ਦੀ ਸਹੂਲਤ ਲਈ ਬੈਠਣ ਦਾ,ਪੀਣ ਵਾਲੇ ਪਾਣੀ ਦਾ, ਪਖਾਨੇ ਬਾਥਰੂਮ ਆਦਿ ਦਾ ਕੋਈ ਪ੍ਰਬੰਧ ਨਹੀਂ ਹੈ। ਪੁਰਾਣੇ ਬੱਸ ਅੱਡੇ ਨਜ਼ਦੀਕ ਗੰਦੇ ਨਾਲੇ ਦੀ ਇਕ ਸਾਈਡ ਨਾਲ ਪਿੰਡ ਜਿਊਵਾਲ ਦੀ ਪੰਚਾਇਤ ਨੇ ਪਖਾਨਾ ਬਾਥਰੂਮ ਬਣਾਇਆ ਸੀ ਜੋ ਇਸ ਸਮੇਂ ਨਗਰ ਪੰਚਾਇਤ ਅਧੀਨ ਹੈ ਅਤੇ ਉਸ ਵੱਲੋਂ ਇਸ ਵਿਚ ਹੋਰ ਸੁਧਾਰ ਕੀਤਾ ਗਿਆ ਹੈ ਪਰ ਸਵਾਰੀਆਂ ਨੂੰ ਇਸ ਬਾਰੇ ਜਾਣਕਾਰੀ ਨਾ ਹੋਣ ਕਾਰਨ ਉਹ ਇਸ ਪਾਸੇ ਬਹੁਤ ਘੱਟ ਜਾਂਦੀਆਂ ਹਨ ਅਤੇ ਨਹਿਰ ਦੀ ਪਟੜੀ ਵੱਲ ਸ੍ਰੀ ਕੀਰਤਪੁਰ ਸਾਹਿਬ- ਬਿਲਾਸਪੁਰ ਮਾਰਗ ’ਤੇ ਡੇਰਾ ਬਾਬਾ ਸ੍ਰੀ ਚੰਦ ਲਿੰਕ ਸੜਕ ਦੇ ਨਜ਼ਦੀਕ ਹੀ ਸੜਕ ਬਣਾਉਣ ਵਾਲੀ ਕੰਪਨੀ ਨੇ ਸਵਾਰੀਆਂ ਦੀ ਸਹੂਲਤ ਲਈ ਇਕ ਸ਼ੈੱਡ ਦਾ ਨਿਰਮਾਣ ਕੀਤਾ ਹੋਇਆ ਹੈ ਪਰ ਇਹ ਕਾਫੀ ਸਾਈਡ ’ਤੇ ਹੋਣ ਕਾਰਨ ਇਥੇ ਨਾ ਤਾਂ ਕੋਈ ਬਸ ਖੜ੍ਹਦੀ ਹੈ ਅਤੇ ਨਾ ਹੀ ਕੋਈ ਸਵਾਰੀ ਆਉਂਦੀ ਹੈ।
ਇਹ ਵੀ ਪੜ੍ਹੋ- ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਕਪੂਰਥਲਾ ਦੇ ਵਿਅਕਤੀ ਦੀ ਫਰਾਂਸ 'ਚ ਹੋਈ ਮੌਤ
ਹਿਮਾਚਲ ਪ੍ਰਦੇਸ਼ ਦੇ ਲੋਕਲ ਪਿੰਡਾਂ ਨੂੰ ਜਾਣ ਲਈ ਰੇਲਵੇ ਸਟੇਸ਼ਨ ਨਜ਼ਦੀਕ ਹਿਮਾਚਲ ਪ੍ਰਦੇਸ ਰੋਡਵੇਜ਼ ਦੀਆਂ ਬੱਸਾਂ ਆ ਕੇ ਖੜ੍ਹਦੀਆਂ ਹਨ। ਇਸ ਤੋਂ ਇਲਾਵਾ ਬਿਲਾਸਪੁਰ, ਕੁੱਲੂ, ਮਨਾਲੀ ਆਦਿ ਨੂੰ ਜਾਣ ਲਈ ਕਈ ਬੱਸਾਂ ਸਿੱਧੀਆਂ ਭਾਖੜਾ ਨਹਿਰ ਦੇ ਬ੍ਰਿਜ ਦੇ ਉਪਰੋਂ ਲੰਘ ਜਾਂਦੀਆਂ ਹਨ ਅਤੇ ਅੰਬ ਵਾਲਾ ਚੌਂਕ ਕਲਿਆਣਪੁਰ ਵਿਖੇ ਕੁਝ ਸਕਿੰਟ ਰੁੱਕ ਕੇ ਸਵਾਰੀਆਂ ਚੁੱਕ ਕੇ ਚਲੇ ਜਾਂਦੀਆਂ ਹਨ ਅਤੇ ਕੁਝ ਬੱਸਾਂ ਜੋ ਜਲੰਧਰ, ਲੁਧਿਆਣਾ, ਪਟਿਆਲਾ, ਚੰਡੀਗੜ੍ਹ ਤੋਂ ਆਉਂਦੀਆਂ ਹਨ ਉਹ ਪੁਰਾਣੇ ਬੱਸ ਅੱਡੇ ਤੋਂ ਘੁੰਮ ਕੇ ਸਵਾਰੀਆਂ ਲੈ ਕੇ ਜਾਂਦੀਆਂ ਹਨ। ਬੱਸ ਅੱਡੇ ਦੀ ਘਾਟ ਕਾਰਨ ਸਵਾਰੀਆਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੀ ਹੈ ਸਥਾਨਕ ਅਤੇ ਪਿੰਡਾਂ ਦੇ ਲੋਕਾਂ ਦੀ ਮੰਗ
ਸ੍ਰੀ ਕੀਰਤਪੁਰ ਸਾਹਿਬ ਦੇ ਵਸਨੀਕਾਂ ਅਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕੀਰਤਪੁਰ ਸਾਹਿਬ ਨੂੰ ਬੱਸ ਅੱਡੇ ਦੀ ਬਹੁਤ ਲੋਡ਼ ਹੈ, ਇਸ ਲਈ ਇਥੇ ਬੱਸ ਅੱਡਾ ਬਣਾਇਆ ਜਾਵੇ ਜਿਥੇ ਇਕ ਛੱਤ ਥੱਲੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ ਅਤੇ ਲੋਕਲ ਪਿੰਡਾਂ ਨੂੰ ਬੱਸਾਂ ਆਸਾਨੀ ਨਾਲ ਮਿਲ ਸਕਣ ਅਤੇ ਸਵਾਰੀਆਂ ਨੂੰ ਬੱਸਾਂ ਪਰ ਇਧਰ ਉਧਰ ਭਜਣਾ ਨਾ ਪਵੇ।
ਇਹ ਵੀ ਪੜ੍ਹੋ- ਇਮੀਗ੍ਰੇਸ਼ਨ 'ਚ ਕੰਮ ਕਰਨ ਵਾਲੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਮਾਂ ਨੂੰ ਫੋਨ ਕਰਕੇ ਆਖੀ ਇਹ ਗੱਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਸਿਵਲ ਹਸਪਤਾਲ ’ਚ ਫਿਰ ਤੋਂ ਚੋਰੀ ਕਰਨ ਦੀ ਫਿਰਾਕ ’ਚ ਸਨ ਚੋਰ, ਸਟਾਫ਼ ਦੀ ਮੁਸਤੈਦੀ ਕਾਰਨ ਵਾਰਦਾਤ ਟਲੀ
NEXT STORY