ਜਲੰਧਰ (ਗੁਲਸ਼ਨ) - ਨਵੀਂ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਵੱਲ ਆਉਣ ਵਾਲੀ ਸ਼ਤਾਬਦੀ ਐਕਸਪ੍ਰੈੱਸ (12013) ’ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਥਰਾਅ ਕਰ ਦਿੱਤਾ ਗਿਆ, ਜਿਸ ਕਾਰਨ ਕਈ ਕੋਚਾਂ ਦੇ ਸ਼ੀਸ਼ੇ ਟੁੱਟ ਗਏ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਕਾਰੋਬਾਰੀ ਭਰਤ ਕੁਮਾਰ ਕਾਕੜੀਆ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਨਵੀਂ ਦਿੱਲੀ ਤੋਂ ਜਲੰਧਰ ਆਉਣ ਲਈ ਸ਼ਤਾਬਦੀ ਦੇ ਐਗਜ਼ੀਕਿਊਟਿਵ ਕੋਚ ਈ-2 ਦੀ ਸੀਟ ਨੰਬਰ 37 ਅਤੇ 38 ’ਤੇ ਬੈਠੇ ਸਨ। ਟ੍ਰੇਨ ਆਪਣੇ ਤੈਅ ਸਮੇਂ ’ਤੇ ਸ਼ਾਮ 4.30 ਵਜੇ ਨਵੀਂ ਦਿੱਲੀ ਸਟੇਸ਼ਨ ਤੋਂ ਰਵਾਨਾ ਹੋਈ ਪਰ ਥੋੜ੍ਹੀ ਦੇਰ ਬਾਅਦ ਕਰੀਬ 4.55 ਵਜੇ ਅਚਾਨਕ ਉਨ੍ਹਾਂ ਦੀ ਸੀਟ ਦੇ ਨਾਲ ਵਾਲੀ ਖਿੜਕੀ ਦੇ ਸ਼ੀਸ਼ੇ ’ਤੇ ਜ਼ੋਰਦਾਰ ਧਮਾਕਾ ਹੋਇਆ ਅਤੇ ਸ਼ੀਸ਼ਾ ਬੁਰੀ ਤਰ੍ਹਾਂ ਟੁੱਟ ਗਿਆ। ਘਟਨਾ ਤੋਂ ਬਾਅਦ ਟ੍ਰੇਨ ਵਿਚ ਤਾਇਨਾਤ ਰੇਲਵੇ ਪੁਲਸ ਕਰਮਚਾਰੀਆਂ, ਟੀ. ਟੀ. ਈ. ਸਟਾਫ਼ ਅਤੇ ਵੈਂਡਰਾਂ ਵਿਚ ਖਲਬਲੀ ਮਚ ਗਈ।
ਯਾਤਰੀ ਭਰਤ ਕਾਕੜੀਆ ਨੇ ਦੱਸਿਆ ਕਿ ਰੇਲਵੇ ਸਟਾਫ਼ ਦੇ ਮੁਤਾਬਕ ਸ਼ਤਾਬਦੀ ਦੇ ਈ-2 ਕੋਚ ਤੋਂ ਇਲਾਵਾ ਚੇਅਰਕਾਰ ਕੋਚ ਸੀ-10, ਸੀ-12 ਅਤੇ ਸੀ-1 ਕੋਚ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟੇ ਹਨ। ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਨਾਲ ਕਿਸੇ ਯਾਤਰੀ ਨੂੰ ਸੱਟ ਨਹੀਂ ਲੱਗੀ ਅਤੇ ਨਾ ਹੀ ਕਿਸੇ ਦਾ ਕੋਈ ਨੁਕਸਾਨ ਹੋਇਆ ਪਰ ਰੇਲਵੇ ਪ੍ਰਸ਼ਾਸਨ ਵੱਲੋਂ ਇਸ ਘਟਨਾ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਹੁਸ਼ਿਆਰਪੁਰ 'ਚ ਦੇਰ ਰਾਤ ਵਾਪਰਿਆ ਵੱਡਾ ਹਾਦਸਾ, ਬਰੋਜਾ ਫੈਕਟਰੀ 'ਚ ਲੱਗੀ ਭਿਆਨਕ ਅੱਗ
NEXT STORY