ਜਲੰਧਰ (ਖੁਰਾਣਾ)— ਨਗਰ ਨਿਗਮ 'ਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਆਵਾਰਾ ਕੁੱਤਿਆਂ ਦੀ ਸਮੱਸਿਆ 'ਤੇ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ ਪਰ ਸ਼ਹਿਰ 'ਚ ਆਵਾਰਾ ਕੁੱਤਿਆਂ ਦੀ ਸਮੱਸਿਆ ਲਗਾਤਾਰ ਬਰਕਰਾਰ ਹੈ ਅਤੇ ਇਸ 'ਚ ਕੋਈ ਕਮੀ ਨਹੀਂ ਦਿਸ ਰਹੀ। ਪਿਛਲੇ ਦਿਨੀਂ ਰੇਰੂ ਖੇਤਰ ਦੇ ਬਚਿੰਤ ਨਗਰ ਵਿਚ ਮਾਂ ਦੀ ਗੋਦ 'ਚ ਬੈਠੇ ਡੇਢ ਸਾਲ ਦੇ ਮਾਸੂਮ ਬੱਚੇ ਸ਼ੌਰਯ ਚੱਢਾ ਨੂੰ ਗਲੀ ਦੇ ਇਕ ਆਵਾਰਾ ਕੁੱਤੇ ਨੇ ਦਬੋਚ ਕੇ ਉਸ ਦੇ ਮੂੰਹ ਨੂੰ ਚਬਾ ਲਿਆ ਸੀ। ਜ਼ਖਮੀ ਵਿਵਸਥਾ 'ਚ ਲਹੁ-ਲੁਹਾਨ ਬੱਚੇ ਨੂੰ ਪਠਾਨਕੋਟ ਸਥਿਤ ਕਪੂਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾ. ਜਸ਼ਨੀਵ ਕਪੂਰ ਤੇ ਹੋਰ ਡਾਕਟਰਾਂ ਦੀ ਟੀਮ ਨੇ ਤੁਰੰਤ ਉਸ ਦੀ ਸਰਜਰੀ ਕਰਕੇ ਬੱਚੇ ਦੀ ਜਾਨ ਬਚਾਈ। ਇਸ ਪ੍ਰਕਿਰਿਆ ਦੌਰਾਨ ਬੱਚੇ ਦੇ ਮੂੰਹ 'ਤੇ 48 ਟਾਂਕੇ ਲਾਏ ਜਾਣ ਦੀ ਸੂਚਨਾ ਹੈ ਅਤੇ ਅਜੇ ਵੀ ਉਸ ਦੀ ਹਾਲਤ ਗੰਭੀਰ ਹੈ।
ਬੱਚੇ ਦਾ ਹਾਲਚਾਲ ਪੁੱਛਣ ਲਈ ਨਾਰਥ ਖੇਤਰ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਆਪਣੇ ਸਾਥੀਆਂ ਕੌਂਸਲਰ ਪਰਮਜੀਤ ਸਿੰਘ ਰੇਰੂ, ਕੌਂਸਲਰ ਪਤੀ ਕੁਲਦੀਪ ਸਿੰਘ ਲੁਬਾਣਾ, ਬਲਬੀਰ ਤੇਜੀ, ਰਾਮਪਾਲ ਤੇਜੀ, ਨੀਰਜ ਜੱਸਲ ਤੇ ਨਿਤਿਨ ਖੇੜਾ ਆਦਿ ਦੇ ਕਪੂਰ ਹਸਪਤਾਲ ਜਾ ਕੇ ਚੱਢਾ ਪਰਿਵਾਰ ਨਾਲ ਹਮਦਰਦੀ ਜਤਾਈ। ਇਸ ਦੌਰਾਨ ਭੰਡਾਰੀ ਨੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਤੋਂ ਮੰਗ ਕੀਤੀ ਕਿ ਇਹ ਹਾਦਸਾ ਨਗਰ ਨਿਗਮ ਦੀ ਲਾਪ੍ਰਵਾਹੀ ਦਾ ਸਾਫ-ਸਾਫ ਨਮੂਨਾ ਹੈ, ਇਸ ਲਈ ਪ੍ਰਭਾਵਿਤ ਪਰਿਵਾਰ ਦੀ ਮਦਦ ਪ੍ਰਸ਼ਾਸਨ ਕਰੇ। ਭੰਡਾਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਰੈੱਡ ਕਰਾਸ ਰਾਹੀਂ ਬੱਚੇ ਦੇ ਇਲਾਜ ਦਾ ਖਰਚ ਕਰਨ ਦਾ ਭਰੋਸਾ ਦਿੱਤਾ ਹੈ। ਭੰਡਾਰੀ ਤੇ ਹੋਰਨਾਂ ਨੇ ਦੱਸਿਆ ਕਿ ਇਸ ਖੇਤਰ ਦੇ ਲੋਕਾਂ ਨੇ ਵਾਰ-ਵਾਰ ਨਿਗਮ ਵਿਚ ਜਾ ਕੇ ਆਵਾਰਾ ਕੁੱਤਿਆਂ ਦੀ ਸਮੱਸਿਆ ਬਾਰੇ ਮੰਗ-ਪੱਤਰ ਦਿੱਤੇ ਸਨ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਅੱਜ ਵੀ ਬੱਚੇ ਗਲੀਆਂ 'ਚ ਖੇਡਣ ਤੋਂ ਡਰਦੇ ਹਨ।
ਪਲਾਸਟਿਕ ਦੇ ਲਿਫਾਫਿਆਂ ਦੀ ਬਜਾਏ ਕੱਪੜੇ ਦੇ ਥੈਲਿਆਂ ਨੂੰ ਕੀਤਾ ਜਾਣ ਲੱਗਾ ਪ੍ਰਚਾਰਿਤ
NEXT STORY