ਕਪੂਰਥਲਾ, (ਗੁਰਵਿੰਦਰ ਕੌਰ)- ਮਾਣਯੋਗ ਸੁਪਰੀਮ ਕੋਰਟ ਵਲੋਂ ਦੀਵਾਲੀ ਦੀ ਰਾਤ 8 ਵਜੇ ਤੋਂ ਲੈ ਕੇ 10 ਵਜੇ ਦਰਮਿਆਨ ਪਟਾਕੇ ਚਲਾਉਣ ਦੀ ਖੁੱਲ੍ਹ ਤੇ ਇਸ ਤੋਂ ਬਾਅਦ ਪਟਾਕੇ ਚਲਾਉਣ ਤੋਂ ਮਨਾਹੀ ਦੇ ਹੁਕਮਾਂ ਨੂੰ ਲਾਗੂ ਕਰਵਾਉਣ ’ਚ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਐੱਸ. ਐੱਸ. ਪੀ. ਕਪੂਰਥਲਾ ਅਸਫਲ ਸਾਬਿਤ ਹੁੰਦੇ ਨਜ਼ਰ ਆਏ। ਦੀਵਾਲੀ ਦੀ ਰਾਤ 10 ਵਜੇ ਤੋਂ ਬਾਅਦ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਖੁੱਲ੍ਹ ਕੇ ਪਟਾਕੇ ਚੱਲੇ ਤੇ ਵਿਕੇ, ਜਿਸ ਨੂੰ ਰੋਕਣ ਲਈ ਕੋਈ ਸਖ਼ਤ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ।
ਨਹੀਂ ਦਿਖਾਈ ਦਿੱਤੀ ਕੋਈ ਸਖ਼ਤੀ
ਜ਼ਿਲਾ ਪ੍ਰਸ਼ਾਸਨ ਤੇ ਪੁਲਸ ਪ੍ਰਸ਼ਾਸਨ ਵਲੋਂ ਵਾਰ-ਵਾਰ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਦਾਅਵੇ ਵੀ ਕੀਤੇ ਗਏ, ਉਸ ਤਰ੍ਹਾਂ ਦੀਆਂ ਤਿਆਰੀਆਂ ਵੀ ਦਿਖਾਈਆਂ ਗਈਆਂ ਪਰ ਜਦੋਂ ਲਾਗੂ ਕਰਨ ਦੀ ਵਾਰੀ ਆਈ ਤਾਂ ਕਿਤੇ ਕੋਈ ਸਖ਼ਤੀ ਦਿਖਾਈ ਨਹੀਂ ਦਿੱਤੀ। ਲੋਕਾਂ ਵਲੋਂ ਦੁਪਹਿਰ ਤੋਂ ਹੀ ਪਟਾਕੇ ਚਲਾਉਣ ਦਾ ਕੰਮ ਸ਼ੁਰੂ ਹੋ ਗਿਆ ਜੋ ਦੇਰ ਰਾਤ 12 ਤੋਂ 1 ਵਜੇ ਤਕ ਚਲਦਾ ਰਿਹਾ ਤੇ ਪਟਾਕੇ ਵੇਚਣ ਵਾਲੇ ਵੀ ਦੇਰ ਰਾਤ ਤਕ ਪਟਾਕੇ ਵੇਚਦੇ ਦਿਖਾਈ ਦਿੱਤੇ, ਜਿਸ ਨੂੰ ਰੋਕਣ ਲਈ ਕੋਈ ਵੀ ਸਖ਼ਤ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ।
ਸ਼ਾਂਤੀਪੂਰਵਕ ਮਾਹੌਲ ਕਾਇਮ ਰੱਖਣ ’ਚ ਸਫਲ ਰਹੀ ਪੁਲਸ
ਜ਼ਿਲਾ ਪੁਲਸ ਪ੍ਰਸ਼ਾਸਨ ਵਲੋਂ ਦੀਵਾਲੀ ’ਤੇ ਸ਼ਾਂਤੀਪੂਰਵਕ ਮਾਹੌਲ ਕਾਇਮ ਰੱਖਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਜਿਸ ਨੂੰ ਬਰਕਰਾਰ ਰੱਖਣ ’ਚ ਸਫਲ ਸਾਬਿਤ ਹੋਈ। ਦੀਵਾਲੀ ਵਾਲੇ ਦਿਨ ਜਿਥੇ ਬਾਹਰਲੇ ਸੂਬਿਆਂ ਤੋਂ ਸ਼ਹਿਰ ਅੰਦਰ ਦਾਖਲ ਹੁੰਦੇ ਵਾਹਨਾਂ ਦੀ ਸਖ਼ਤੀ ਨਾਲ ਤਲਾਸ਼ੀ ਲਈ ਜਾ ਰਹੀ ਸੀ ਉਥੇ ਹੀ ਰਾਤ ਨੂੰ ਸਡ਼ਕਾਂ ’ਤੇ ਘੁੰਮਣ ਵਾਲੇ ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕਰ ਕੇ ਪੁੱਛਗਿੱਛ ਵੀ ਕੀਤੀ ਗਈ।
ਏਅਰ ਇੰਡੈਕਸ ’ਚ ਨਹੀਂ ਆਈ ਜ਼ਿਆਦਾ ਤਬਦੀਲੀ
ਹੁਣ ਇਸ ਨੂੰ ਹਾਈਕੋਰਟ ਦੇ ਆਰਡਰ ਦਾ ਅਸਰ ਕਹੀਏ ਜਾਂ ਫਿਰ ਲੋਕਾਂ ਦੀ ਜ਼ਰੂਰਤ, ਜੋ ਵੀ ਹੋਵੇ ਪਰ ਇਸ ਸਾਲ ਪਹਿਲੀ ਵਾਰ ਅਜਿਹਾ ਮੌਕਾ ਆਇਆ ਹੈ ਕਿ ਕਪੂਰਥਲਾ ਸ਼ਹਿਰ ’ਚ ਦੀਵਾਲੀ ਦੀ ਰਾਤ ਸ਼ਹਿਰ ’ਚ ਅਾਵਾਜ਼ ਤੇ ਹਵਾ ਪ੍ਰਦੂਸ਼ਣ ਦਾ ਗ੍ਰਾਫ ਕਾਫੀ ਘੱਟ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਪੂਰਥਲਾ ਦਾ ਆਮ ਦਿਨ ਏਅਰ ਇੰਡੈਕਸ 64 ਦੇ ਕਰੀਬ ਹੁੰਦਾ ਹੈ ਜਦਕਿ ਦੀਵਾਲੀ ਵਾਲੀ ਰਾਤ ਇਹ 84-85 ਦਰਮਿਆਨ ਹੀ ਦਰਜ ਕੀਤਾ ਗਿਆ, ਜਿਸ ਦਾ ਮੁੱਖ ਕਾਰਨ ਵਾਤਾਵਰਣ ਪ੍ਰਤੀ ਆਈ ਜਾਗਰੂਕਤਾ ਤੇ ਮਹਿੰਗਾਈ ਦਾ ਵਧਣਾ ਹੈ।
ਕੀ ਕਹਿੰਦੇ ਹਨ ਡੀ. ਸੀ. ਕਪੂਰਥਲਾ
ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਤੇ ਪੁਲਸ ਪ੍ਰਸ਼ਾਸਨ ਵਲੋਂ ਦੀਵਾਲੀ ਨੂੰ ਸ਼ਾਂਤੀਪੂਰਵਕ ਮਨਾਉਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਸਨ ਤੇ ਜਿਸ ਤਹਿਤ ਪੁਲਸ ਵਲੋਂ ਸਖ਼ਤ ਕਾਰਵਾਈ ਕਰਦੇ ਹੋਏ ਕੁਝ ਮਾਮਲੇ ਵੀ ਦਰਜ ਕੀਤੇ ਗਏ ਹਨ, ਜਿਸ ਦੀ ਰਿਪੋਰਟ ਕਲ ਨੂੰ ਆ ਜਾਵੇਗੀ।
ਕੀ ਕਹਿੰਦੇ ਹਨ ਐੱਸ. ਪੀ. ਕਪੂਰਥਲਾ
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਐੱਸ. ਪੀ. ਕਪੂਰਥਲਾ ਸਤਨਾਮ ਸਿੰਘ ਬੈਂਸ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਦਸਿਆ ਕਿ ਦੀਵਾਲੀ ਵਾਲੇ ਦਿਨ ਜਿਥੇ ਸ਼ਰਾਰਤੀ ਅਨਸਰਾਂ ’ਤੇ ਪੂਰੀ ਤਰ੍ਹਾਂ ਨਕੇਲ ਕੱਸੀ ਗਈ, ਉਥੇ ਹੀ 5 ’ਤੇ ਪਰਚੇ ਵੀ ਦਰਜ ਕੀਤੇ ਗਏ। ਉਨ੍ਹਾਂ ਦਸਿਆ ਕਿ 2 ਪਰਚੇ ਉਨ੍ਹਾਂ ’ਤੇ ਦਰਜ ਕੀਤੇ ਗਏ ਹਨ, ਜਿਨ੍ਹਾਂ ਨੇ ਨਿਰਧਾਰਿਤ ਜਗਾ ਤੋਂ ਬਾਹਰ ਗੈਰ ਕਾਨੂੰਨੀ ਤੌਰ ’ਤੇ ਪਟਾਕੇ ਵੇਚੇ, ਜਿਸ ’ਚ 1 ਕਪੂਰਥਲਾ ਤੇ 1 ਫਗਵਾਡ਼ਾ ਸ਼ਾਮਲ ਹੈ। ਇਸ ਤੋਂ ਬਾਅਦ 3 ਪਰਚੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੀਤੇ ਗਏ ਹਨ ਜੋ ਕਿ ਰਾਤ 10 ਵਜੇ ਤੋਂ ਬਾਅਦ ਪਟਾਕੇ ਚਲਾ ਰਹੇ ਸਨ।
420 ਪੇਟੀਅਾਂ ਸ਼ਰਾਬ ਬਰਾਮਦ, 3 ’ਤੇ ਮਾਮਲਾ ਦਰਜ
NEXT STORY